Tokyo Olympics: ਪੰਜਾਬ ਦੀ ਕਮਲਪ੍ਰੀਤ ਕੌਰ ਨੇ ਰਚਿਆ ਇਤਹਾਸ, ਡਿਸਕਸ ਥਰੋ ਦੇ ਫਾਈਨਲ 'ਚ ਬਣਾਈ ਥਾਂ
ਕਮਲਪ੍ਰੀਤ ਕੌਰ ਹੁਣ ਗਰੁੱਪ ਬੀ ਦੇ ਕੁਆਲੀਫਿਕੇਸ਼ਨ ਰਾਊਂਡ ਵਿੱਚ ਆਪਣੀ ਤੀਜੀ ਕੋਸ਼ਿਸ਼ ਵਿੱਚ 64 ਮੀਟਰ ਸਕੋਰ ਕਰਕੇ ਇਸ ਈਵੈਂਟ ਵਿੱਚ ਮੈਡਲ ਦੀ ਮਜ਼ਬੂਤ ਦਾਅਵੇਦਾਰ ਬਣ ਗਈ ਹੈ।
India Enters Finals: ਪੰਜਾਬ ਦੀ ਕਮਲਪ੍ਰੀਤ ਕੌਰ ਨੇ ਟੋਕੀਓ ਓਲੰਪਿਕਸ ਦੇ ਡਿਸਕਸ ਥਰੋ ਈਵੈਂਟ ਵਿੱਚ ਇਤਿਹਾਸ ਰਚ ਦੇ ਹੋਏ ਫਾਈਨਲ ਵਿੱਚ ਐਂਟਰੀ ਕਰ ਲਈ ਹੈ।ਕਮਲਪ੍ਰੀਤ ਕੌਰ ਹੁਣ ਗਰੁੱਪ ਬੀ ਦੇ ਕੁਆਲੀਫਿਕੇਸ਼ਨ ਰਾਊਂਡ ਵਿੱਚ ਆਪਣੀ ਤੀਜੀ ਕੋਸ਼ਿਸ਼ ਵਿੱਚ 64 ਮੀਟਰ ਸਕੋਰ ਕਰਕੇ ਇਸ ਈਵੈਂਟ ਵਿੱਚ ਮੈਡਲ ਦੀ ਮਜ਼ਬੂਤ ਦਾਅਵੇਦਾਰ ਬਣ ਗਈ ਹੈ। ਡਿਸਕਸ ਥਰੋ ਵਿੱਚ ਕਮਲਪ੍ਰੀਤ ਕੌਰ ਦਾ ਸਰਬੋਤਮ ਪ੍ਰਦਰਸ਼ਨ 66.59 ਮੀਟਰ ਹੈ ਜੋ ਉਸਨੇ ਜੂਨ ਵਿੱਚ ਪਟਿਆਲਾ ਵਿੱਚ ਆਯੋਜਿਤ ਇੰਡੀਅਨ ਗ੍ਰਾਂਡ ਪ੍ਰੀਕਸ ਵਿੱਚ ਕੀਤਾ ਸੀ। ਹੁਣ ਜੇਕਰ ਉਹ ਫਾਈਨਲ ਵਿੱਚ ਆਪਣਾ ਸਰਬੋਤਮ ਪ੍ਰਦਰਸ਼ਨ ਦੁਹਰਾਉਣ ਵਿੱਚ ਸਫਲ ਹੋ ਜਾਂਦੀ ਹੈ, ਤਾਂ ਉਸ ਦਾ ਤਮਗਾ ਜਿੱਤਣਾ ਯਕੀਨੀ ਹੈ।
ਇਸ ਦੇ ਨਾਲ ਹੀ ਇਸ ਈਵੈਂਟ ਵਿੱਚ ਸ਼ਾਮਲ ਭਾਰਤ ਦੀ ਸੀਮਾ ਪੂਨੀਆ ਦੀ ਚੁਣੌਤੀ ਖ਼ਤਮ ਹੋ ਗਈ ਹੈ। ਸੀਮਾ ਪੂਨੀਆ ਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੀ। ਸੀਮਾ ਪੂਨੀਆ ਨੇ ਗਰੁੱਪ ਏ ਦੇ ਕੁਆਲੀਫਿਕੇਸ਼ਨ ਰਾਊਂਡ ਵਿੱਚ 16 ਵਾਂ ਸਥਾਨ ਹਾਸਲ ਕੀਤਾ ਅਤੇ ਟੋਕੀਓ ਓਲੰਪਿਕ ਵਿੱਚ ਆਪਣੀ ਯਾਤਰਾ ਖਤਮ ਕੀਤੀ।
ਕਮਲਪ੍ਰੀਤ ਕੌਰ ਗਰੁੱਪ ਬੀ ਵਿੱਚ ਦੂਜੇ ਸਥਾਨ ’ਤੇ ਰਹੀ
ਕਮਲਪ੍ਰੀਤ ਕੌਰ ਗਰੁੱਪ ਬੀ ਵਿੱਚ ਦੂਜੇ ਸਥਾਨ ’ਤੇ ਰਹੀ। ਉਸਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ 60.25 ਮੀਟਰ ਦਾ ਸਕੋਰ ਪ੍ਰਾਪਤ ਕੀਤਾ। ਇਸ ਤੋਂ ਬਾਅਦ, ਆਪਣੀ ਦੂਜੀ ਕੋਸ਼ਿਸ਼ ਵਿੱਚ, ਉਸਨੇ 63.97 ਮੀਟਰ ਦਾ ਸਕੋਰ ਪ੍ਰਾਪਤ ਕੀਤਾ। ਹਾਲਾਂਕਿ, ਆਪਣੀ ਤੀਜੀ ਕੋਸ਼ਿਸ਼ ਵਿੱਚ, ਕਮਲਪ੍ਰੀਤ ਕੌਰ ਨੇ 64 ਮੀਟਰ ਦੌੜ ਕੀਤੀ ਅਤੇ ਗਰੁੱਪ ਬੀ ਵਿੱਚ ਦੂਜੇ ਸਥਾਨ 'ਤੇ ਰਹੀ।
ਕਮਲਪ੍ਰੀਤ ਕੌਰ ਹੁਣ 2 ਅਗਸਤ ਨੂੰ ਹੋਣ ਵਾਲੇ ਡਿਸਕਸ ਥਰੋ ਦੇ ਫਾਈਨਲ ਵਿੱਚ ਮੈਡਲ ਜਿੱਤਣ ਲਈ ਉਤਰੇਗੀ। ਜੇਕਰ ਉਹ ਇਸ ਵਿੱਚ ਕਾਮਯਾਬ ਹੋ ਜਾਂਦੀ ਹੈ, ਤਾਂ ਉਹ ਓਲੰਪਿਕਸ ਵਿੱਚ ਅਥਲੈਟਿਕਸ ਵਿੱਚ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਜਾਵੇਗੀ।
ਜਾਣੋ ਕੌਣ ਹੈ ਕਮਲਪ੍ਰੀਤ ਕੌਰ
ਕਮਲਪ੍ਰੀਤ ਕੌਰ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਤੋਂ ਆਈ ਹੈ। ਕਮਲਪ੍ਰੀਤ ਕੌਰ ਨੇ ਪਟਿਆਲਾ ਵਿਖੇ 24 ਵੀਂ ਫੈਡਰੇਸ਼ਨ ਕੱਪ ਸੀਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 65.06 ਮੀਟਰ ਦੀ ਡਿਸਕਸ ਸੁੱਟ ਕੇ ਟੋਕੀਓ ਓਲੰਪਿਕ ਲਈ ਕੁਆਲੀਫਾਈ ਕੀਤਾ।ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਡੀ ਸੀ ਮੁਕਤਸਰ ਅਰਾਵਿੰਦ ਕੁਮਾਰ ਵੱਲੋਂ ਕਮਲਪ੍ਰੀਤ ਨੂੰ ਢੇਰ ਸਾਰੀਆਂ ਸ਼ੁਭਕਾਮਨਾਵਾਂ ਦਿੱਤੀ ਗਈਆਂ ਹਨ।