ਸਾਊਥੈਂਪਟਨ: ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ 'ਤੇ ਅਫ਼ਗਾਨਿਸਤਾਨ ਖ਼ਿਲਾਫ਼ ਖੇਡੇ ਗਏ ਵਿਸ਼ਵ ਕੱਪ ਦੇ ਮੈਚ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ 'ਤੇ ਜ਼ੁਰਮਾਨਾ ਲੱਗਾ ਹੈ। ਵਿਰਾਟ ਕੋਹਲੀ ਨੇ ਅੰਪਾਇਰ ਨਾਲ ਕਾਫੀ ਤਲਖ਼ੀ ਵਿੱਚ ਆ ਕੇ ਅਪੀਲ ਕੀਤੀ ਸੀ, ਜਿਸ ਕਾਰਨ ਉਸ ਨੂੰ ਮੈਚ ਫ਼ੀਸ ਦੀ 25% ਰਾਸ਼ੀ ਜ਼ੁਰਮਾਨੇ ਵਜੋਂ ਅਦਾ ਕਰਨੀ ਪਵੇਗੀ।



ਕੋਹਲੀ ਨੇ ਆਪਣੀ ਗਲਤੀ ਮੰਨ ਲਈ ਹੈ। ਉਸ ਨੂੰ ਆਈਸੀਸੀ ਕੋਡ ਆਫ ਕੰਡਕਟ ਦੇ ਪੱਧਰ ਇੱਕ ਦਾ ਦੋਸ਼ੀ ਪਾਇਆ ਗਿਆ ਹੈ। ਇਲਜ਼ਾਮ ਮੁਤਾਬਕ ਵਿਰਾਟ ਕੋਹਲੀ ਨੇ ਕੋਡ ਆਫ ਕੰਡਕਟ ਦੇ ਆਰਟੀਕਲ 2.1 ਦੀ ਉਲੰਘਣਾ ਕੀਤੀ ਹੈ।


ਸ਼ਨੀਵਾਰ ਨੂੰ ਭਾਰਤ ਤੇ ਅਫ਼ਗਾਨਿਸਤਾਨ ਦਰਮਿਆਨ ਖੇਡੇ ਗਏ ਕ੍ਰਿਕੇਟ ਮੈਚ ਦੌਰਾਨ 29ਵੇਂ ਓਵਰ ਵਿੱਚ ਜਸਪ੍ਰੀਤ ਬੁੰਮਰਾਹ ਗੇਂਦਬਾਜ਼ੀ ਕਰ ਰਿਹਾ ਸੀ। ਇਸ ਦੌਰਾਨ ਅਫ਼ਗਾਨੀ ਬੱਲੇਬਾਜ਼ ਰਹਿਮਤ ਸ਼ਾਹ ਨੂੰ ਲੱਤ ਅੜਿੱਕਾ ਆਊਟ ਕਰਵਾਉਣ ਦੇ ਚੱਕਰ ਵਿੱਚ ਕੋਹਲੀ ਨੇ ਤੈਸ਼ ਵਿੱਚ ਆ ਕੇ ਅੰਪਾਇਰ ਨੂੰ ਅਪੀਲ ਕੀਤੀ। ਪਰ ਅੰਪਾਇਰ ਨੇ ਉਸ ਨੂੰ ਨਾਟ ਆਊਟ ਕਰਾਰ ਦਿੱਤਾ। ਭਾਰਤ ਨੇ ਅਫ਼ਗਾਨਿਸਤਾਨ ਤੋਂ ਇਹ ਮੈਚ 11 ਦੌੜਾਂ ਨਾਲ ਜਿੱਤਿਆ। ਕੋਹਲੀ ਬ੍ਰਿਗੇਡ ਦੀ ਵਿਸ਼ਵ ਕੱਪ ਵਿੱਚ ਇਹ ਲਗਾਤਾਰ 5ਵੀਂ ਜਿੱਤ ਸੀ।