ਚੰਡੀਗੜ੍ਹ: ਆਈਸੀਸੀ ਵਿਸ਼ਵ ਕੱਪ 2019 ਦੀਆਂ ਅੰਤਮ ਚਾਰ ਟੀਮਾਂ ਲਗਭਗ ਤੈਅ ਹਨ। ਆਸਟ੍ਰੇਲੀਆ, ਭਾਰਤ ਤੇ ਇੰਗਲੈਂਡ ਦੀਆਂ ਟੀਮਾਂ ਨੇ ਆਪਣੀ ਥਾਂ ਪੱਕੀ ਕਰ ਲਈ ਹੈ ਜਦਕਿ ਚੌਥੀ ਟੀਮ ਨਿਊਜ਼ੀਲੈਂਡ ਦੀ ਹੋਵੇਗੀ, ਕਿਉਂਕਿ ਨੈੱਟ ਰਨ-ਰੇਟ ਦੇ ਗਣਿਤ ਨੇ ਪਾਕਿਸਤਾਨ ਦੇ ਇਸ ਵਿਸ਼ਵ ਕੱਪ ਦਾ ਸਫ਼ਰ ਲਗਪਗ ਖ਼ਤਮ ਕਰ ਦਿੱਤਾ ਹੈ। ਹਾਲਾਂਕਿ ਪਾਕਿਸਤਾਨ ਕੋਲ ਹਾਲੇ ਵੀ ਸੈਮੀਫਾਈਨਲ ਵਿੱਚ ਦਾਖਲ ਹੋਣ ਦਾ ਇੱਕ ਮੌਕਾ ਹੈ ਪਰ ਇਹ ਮੌਕਾ ਲਗਭਗ ਅਸੰਭਵ ਹੈ।


ਅੱਜ ਪਾਕਿਸਤਾਨ ਬੰਗਲਾਦੇਸ਼ ਖ਼ਿਲਾਫ਼ ਲੀਗ ਦਾ ਆਖਰੀ ਮੈਚ ਖੇਡੇਗਾ ਤੇ ਉਸ ਦੇ ਸੈਮੀ ਫਾਈਨਲ ਦਾ ਸਫ਼ਰ ਟਾਸ ਦੇ ਨਾਲ ਹੀ ਖ਼ਤਮ ਹੋ ਸਕਦਾ ਹੈ। ਜੇ ਬੰਗਲਾਦੇਸ਼ ਇਸ ਮੈਚ ਵਿੱਚ ਟਾਸ ਜਿੱਤਦਾ ਹੈ ਤੇ ਪਹਿਲਾਂ ਬੱਲੇਬਾਜ਼ੀ ਦੀ ਚੋਣ ਕਰਦਾ ਹੈ ਤਾਂ ਪਾਕਿਸਤਾਨ ਟੀਮ ਬਾਹਰ ਹੋ ਜਾਵੇਗੀ। ਉਸ ਨੂੰ ਕਿਸੇ ਵੀ ਸਥਿਤੀ ਵਿੱਚ ਪਹਿਲਾਂ ਬੱਲੇਬਾਜ਼ੀ ਹੋਏਗੀ।

ਸਿਰਫ ਪਹਿਲਾਂ ਬੱਲੇਬਾਜ਼ੀ ਕਰਨਾ ਹੀ ਨਹੀਂ, ਬਲਕਿ ਪਾਕਿਸਤਾਨ ਨੂੰ ਇਤਿਹਾਸਿਕ ਫ਼ਰਕ ਨਾਲ ਜਿੱਤਣਾ ਵੀ ਪਏਗਾ। ਪਾਕਿਸਤਾਨ ਲਈ ਟਾਸ ਜਿੱਤ ਕੇ ਮੈਚ ਜਿੱਤਣਾ ਹੀ ਕਾਫੀ ਨਹੀਂ ਹੋਵੇਗਾ, ਬਲਕਿ ਹਾਰ-ਜਿੱਤ ਦਾ ਫ਼ਰਕ 300 ਤੋਂ ਵੱਧ ਦੌੜਾਂ ਵੀ ਹੋਣਾ ਚਾਹੀਦਾ ਹੈ, ਨਹੀਂ ਤਾਂ ਇਹ ਵਿਸ਼ਵ ਕੱਪ ਤੋਂ ਬਾਹਰ ਹੋ ਜਾਵੇਗਾ।

ਦਰਅਸਲ ਨਿਊਜ਼ੀਲੈਂਡ ਦੀ ਟੀਮ 11 ਅੰਕਾਂ ਨਾਲ ਅੰਕ ਸੂਚੀ ਵਿੱਚ ਚੌਥੇ ਸਥਾਨ 'ਤੇ ਹੈ। ਉੱਧਰ ਪਾਕਿਸਤਾਨ 9 ਅੰਕਾਂ ਨਾਲ ਪੰਜਵੇਂ ਸਥਾਨ 'ਤੇ ਹੈ। ਜੇ ਪਾਕਿਸਤਾਨ ਅੱਜ ਜਿੱਤ ਜਾਂਦਾ ਹੈ ਤਾਂ ਉਸ ਦੇ ਵੀ 11 ਅੰਕ ਹੋ ਜਾਣਗੇ, ਪਰ ਉਸ ਦਾ ਰਨ ਰੇਟ ਨਿਊਜ਼ੀਲੈਂਡ ਤੋਂ ਬਹੁਤ ਘੱਟ ਹੈ।

ਇੱਕ ਪਾਸੇ ਨਿਊਜ਼ੀਲੈਂਡ ਦਾ ਰਨ ਰੇਟ +0.175 ਹੈ ਤਾਂ ਦੂਜੇ ਪਾਸੇ ਪਾਕਿਸਤਾਨ ਦਾ ਰਨ ਰੇਟ -0.792 ਹੈ। ਜੇ ਪਾਕਿਸਤਾਨ ਦੀ ਟੀਮ ਅੱਜ 300 ਤੋਂ ਵੱਧ ਦੌੜਾਂ ਨਾਲ ਜਿੱਤਦੀ ਹੈ ਤਾਂ ਉਸ ਦਾ ਰੇਟ ਰੇਟ ਨਿਊਜ਼ੀਲੈਂਡ ਨਾਲੋਂ ਚੰਗਾ ਹੋ ਜਾਵੇਗਾ ਤੇ ਤਾਂ ਹੀ ਉਹ ਸੈਮੀਫਾਈਨਲ ਤੱਕ ਪਹੁੰਚ ਸਕੇਗਾ।