Sagar Dhankhar Murder: ਓਲੰਪਿਕ ਮੈਡਲਿਸਟ ਸੁਸ਼ੀਲ ਕੁਮਾਰ ਨੇ ਕੀਤਾ ਆਤਮ ਸਮਰਪਣ, ਜੂਨੀਅਰ ਪਹਿਲਵਾਨ ਦੀ ਹੱਤਿਆ ਮਾਮਲੇ 'ਚ ਹੈ ਮੁੱਖ ਦੋਸ਼ੀ
Sagar Dhankhar Murder : ਜੂਨੀਅਰ ਪਹਿਲਵਾਨ ਸਾਗਰ ਧਨਖੜ ਦੀ ਸਾਲ 2021 ਵਿੱਚ ਦਿੱਲੀ ਦੇ ਛਤਰਸਾਲ ਸਟੇਡੀਅਮ ਦੀ ਪਾਰਕਿੰਗ ਵਿੱਚ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ।
Sushil Kumar Surrender: ਜੂਨੀਅਰ ਪਹਿਲਵਾਨ ਦੀ ਹੱਤਿਆ ਦੇ ਦੋਸ਼ੀ ਓਲੰਪਿਕ ਤਮਗਾ ਜੇਤੂ ਸੁਸ਼ੀਲ ਕੁਮਾਰ ਨੇ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ। ਉਸ 'ਤੇ ਜੂਨੀਅਰ ਅਥਲੀਟ ਸਾਗਰ ਧਨਖੜ ਦੀ ਹੱਤਿਆ ਅਤੇ ਹੱਤਿਆ ਦੀ ਕੋਸ਼ਿਸ਼ ਦੇ ਨਾਲ-ਨਾਲ ਦੰਗਾ ਅਤੇ ਅਪਰਾਧਿਕ ਸਾਜ਼ਿਸ਼ ਰਚਣ ਦਾ ਦੋਸ਼ ਹੈ।
ਦਿੱਲੀ ਪੁਲਿਸ ਨੇ ਧਨਖੜ ਕਤਲ ਕੇਸ ਵਿੱਚ ਅਦਾਲਤ ਵਿੱਚ 170 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਸੀ, ਜਿਸ ਵਿੱਚ ਸੁਸ਼ੀਲ ਕੁਮਾਰ ਨੂੰ ਮੁੱਖ ਮੁਲਜ਼ਮ ਬਣਾਇਆ ਗਿਆ ਸੀ। ਸੁਸ਼ੀਲ ਕੁਮਾਰ ਜ਼ਮਾਨਤ 'ਤੇ ਰਿਹਾਅ ਸੀ। ਇਸ ਦੌਰਾਨ ਉਸ ਦੇ ਗੋਡੇ ਦਾ ਅਪਰੇਸ਼ਨ ਵੀ ਹੋਇਆ ਸੀ।
ਪਹਿਲਵਾਨ ਸਾਗਰ 2021 ਵਿੱਚ ਮਾਰਿਆ ਗਿਆ ਸੀ
ਦੋਸ਼ ਹੈ ਕਿ ਸੁਸ਼ੀਲ ਕੁਮਾਰ ਨੇ ਆਪਣੇ ਸਾਥੀਆਂ ਨਾਲ 4-5 ਮਈ 2021 ਦੀ ਅੱਧੀ ਰਾਤ ਨੂੰ ਦਿੱਲੀ ਦੇ ਛਤਰਸਾਲ ਸਟੇਡੀਅਮ ਦੀ ਪਾਰਕਿੰਗ ਵਿੱਚ 23 ਸਾਲਾ ਪਹਿਲਵਾਨ ਸਾਗਰ ਧਨਖੜ, ਉਸ ਦੇ ਦੋਸਤ ਸੋਨੂੰ ਅਤੇ ਤਿੰਨ ਹੋਰਾਂ 'ਤੇ ਹਮਲਾ ਕਰ ਦਿੱਤਾ ਸੀ। ਬਾਅਦ ਵਿੱਚ ਸਾਗਰ ਧਨਖੜ ਦੀ ਮੌਤ ਹੋ ਗਈ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸਾਗਰ ਅਤੇ ਉਸਦੇ ਦੋਸਤਾਂ ਨੂੰ ਪਹਿਲਾਂ ਦਿੱਲੀ ਵਿੱਚ ਦੋ ਵੱਖ-ਵੱਖ ਥਾਵਾਂ ਤੋਂ ਅਗਵਾ ਕੀਤਾ ਗਿਆ, ਫਿਰ ਛਤਰਸਾਲ ਸਟੇਡੀਅਮ ਵਿੱਚ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ।
ਮੈਡੀਕਲ ਆਧਾਰ 'ਤੇ ਜ਼ਮਾਨਤ ਮਿਲੀ
ਦਿੱਲੀ ਦੀ ਰੋਹਿਣੀ ਅਦਾਲਤ ਨੇ ਸੁਸ਼ੀਲ ਕੁਮਾਰ ਨੂੰ 23 ਜੁਲਾਈ ਤੋਂ 30 ਜੁਲਾਈ ਤੱਕ ਇੱਕ ਹਫ਼ਤੇ ਲਈ ਅੰਤਰਿਮ ਜ਼ਮਾਨਤ ਦਿੱਤੀ ਸੀ। ਸੁਸ਼ੀਲ ਨੂੰ ਗੋਡੇ ਦੀ ਸਰਜਰੀ ਕਰਵਾਉਣ ਲਈ ਮੈਡੀਕਲ ਆਧਾਰ 'ਤੇ ਜ਼ਮਾਨਤ ਦਿੱਤੀ ਗਈ ਸੀ। ਅਦਾਲਤ ਨੇ ਕਿਹਾ ਸੀ ਕਿ ਸੁਸ਼ੀਲ ਕੁਮਾਰ ਜ਼ਮਾਨਤ ਦੌਰਾਨ ਗਵਾਹਾਂ ਨਾਲ ਸੰਪਰਕ ਨਹੀਂ ਕਰੇਗਾ।
ਇਸ ਤੋਂ ਪਹਿਲਾਂ 6 ਮਾਰਚ ਨੂੰ ਅਦਾਲਤ ਨੇ ਸੁਸ਼ੀਲ ਕੁਮਾਰ ਨੂੰ ਚਾਰ ਦਿਨਾਂ ਲਈ ਅੰਤਰਿਮ ਜ਼ਮਾਨਤ ਦਿੱਤੀ ਸੀ। ਉਸ ਨੂੰ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਲਈ ਜ਼ਮਾਨਤ ਦਿੱਤੀ ਗਈ ਸੀ। ਸੁਸ਼ੀਲ ਜੂਨ 2021 ਤੋਂ ਨਿਆਂਇਕ ਹਿਰਾਸਤ ਵਿੱਚ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।