Split AC Blast: ਇਸ ਵਾਰ ਗਰਮੀ ਸਾਰੇ ਰਿਕਾਰਡ ਤੋੜ ਰਹੀ ਹੈ। ਤਾਪਮਾਨ 48 ਤੋਂ 49 ਡਿਗਰੀ ਤੱਕ ਪਹੁੰਚ ਰਿਹਾ ਹੈ। ਅਜਿਹੇ ਵਿੱਚ ਇੱਕ ਪਾਸੇ ਏਸੀ, ਫਰਿੱਜ ਤੇ ਕੂਲਰਾਂ ਦੇ ਹੱਥ ਖੜ੍ਹੇ ਹੋ ਰਹੇ ਹਨ ਤੇ ਦੂਜੇ ਪਾਸੇ ਬਲਾਸਟ ਹੋਣ ਤੇ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸ ਕਰਕੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਕੁਝ ਸਾਵਧਾਨੀ ਵਰਤ ਕੇ ਬਲਾਸਟ ਤੇ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ।
ਦਰਅਸਲ ਗਰਮੀਆਂ ਦੇ ਮੌਸਮ ਵਿੱਚ Split AC ਦੀ ਸਹੀ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਲਾਪ੍ਰਵਾਹੀ ਵਰਤਦੇ ਹੋ ਤਾਂ ਤੁਹਾਡੇ ਏਅਰ ਕੰਡੀਸ਼ਨਰ ਦੀ ਬਾਹਰੀ ਯੂਨਿਟ ਬੰਬ ਵਾਂਗ ਫਟ ਜਾਵੇਗੀ ਤੇ ਅੱਗ ਦਾ ਗੋਲਾ ਬਣ ਜਾਵੇਗੀ। ਦਰਅਸਲ ਇਸ ਸੀਜ਼ਨ 'ਚ ਸਖ਼ਤ ਗਰਮੀ ਪੈ ਰਹੀ ਹੈ। ਇਸ ਕਾਰਨ ਏਅਰ ਕੰਡੀਸ਼ਨਰਾਂ 'ਤੇ ਲੋਡ ਵਧ ਗਿਆ ਹੈ ਤੇ ਕਈ ਏਸੀ ਯੂਨਿਟਾਂ 'ਚ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।
ਤਕਨੀਕੀ ਮਾਹਿਰਾਂ ਦਾ ਕਹਿਣਾ ਹੈ ਕਿ ਸਪਲਿਟ ਏਸੀ 'ਚ ਅੱਗ ਲੱਗਣ ਦੇ ਕਈ ਕਾਰਨ ਹਨ। ਅਸੀਂ ਤੁਹਾਨੂੰ ਅਜਿਹੇ ਹੀ ਕੁਝ ਕਾਰਨਾਂ ਬਾਰੇ ਦੱਸ ਰਹੇ ਹਾਂ, ਜਿਨ੍ਹਾਂ ਨੂੰ ਠੀਕ ਕਰਕੇ ਤੁਸੀਂ ਆਪਣੇ ਸਪਲਿਟ ਏਸੀ ਨੂੰ ਫਟਣ ਤੋਂ ਬਚਾ ਸਕਦੇ ਹੋ।
ਸਪਲਿਟ ਏਸੀ ਵਿੱਚ ਅੱਗ ਲੱਗਣ ਦੇ ਕਾਰਨ
ਓਵਰਲੋਡਡ ਸਰਕਟ 'ਤੇ ਸਪਲਿਟ ਏਸੀ ਚਲਾਉਣ ਨਾਲ ਵਾਇਰਿੰਗ 'ਤੇ ਵਾਧੂ ਦਬਾਅ ਪੈਂਦਾ ਹੈ। ਇਸ ਨਾਲ ਸ਼ਾਰਟ ਸਰਕਟ ਤੇ ਅੱਗ ਦੇ ਜੋਖਮ ਵਧ ਜਾਂਦੇ ਹਨ। ਇਸ ਤੋਂ ਇਲਾਵਾ ਸਪਲਿਟ ਏਸੀ 'ਚ ਅੱਗ ਲੱਗਣ ਦਾ ਇੱਕ ਹੋਰ ਕਾਰਨ ਹੈ। ਇਸ 'ਚ ਵੋਲਟੇਜ਼ 'ਚ ਵਾਰ-ਵਾਰ ਉਤਰਾਅ-ਚੜ੍ਹਾਅ ਕਾਰਨ ਏਸੀ ਦੇ ਇਲੈਕਟ੍ਰੀਕਲ ਪਾਰਟਸ 'ਤੇ ਅਸਰ ਪੈਂਦਾ ਹੈ। ਇਸ ਕਾਰਨ ਇਲੈਕਟ੍ਰੀਕਲ ਪਾਰਟਸ ਖਰਾਬ ਹੋ ਸਕਦੇ ਹਨ ਤੇ ਅੱਗ ਲੱਗ ਸਕਦੀ ਹੈ।
ਸਪਲਿਟ ਏਸੀ ਸਰਵਿਸ ਬਹੁਤ ਜ਼ਰੂਰੀ
ਸਪਲਿਟ ਏਸੀ ਦਾ ਆਊਟਡੋਰ ਯੂਨਿਟ ਛੱਤ 'ਤੇ ਲਾਇਆ ਜਾਂਦਾ ਹੈ। ਗਰਮੀ ਦੇ ਕਾਰਨ ਉਪਭੋਗਤਾ ਘੱਟ ਹੀ ਛੱਤ 'ਤੇ ਜਾਂਦੇ ਹਨ ਤੇ ਉਨ੍ਹਾਂ ਨੂੰ ਆਪਣੇ ਏਸੀ ਦੇ ਬਾਹਰੀ ਯੂਨਿਟ ਵਿੱਚ ਗੰਦਗੀ ਬਾਰੇ ਪਤਾ ਨਹੀਂ ਲੱਗਦਾ। ਆਊਟਡੋਰ ਯੂਨਿਟ ਵਿੱਚ ਗੰਦਗੀ ਜਮ੍ਹਾ ਹੋਣ ਕਾਰਨ ਕਈ ਵਾਰ ਕੰਪ੍ਰੈਸ਼ਰ ਦਾ ਤਾਪਮਾਨ ਕਾਫੀ ਵੱਧ ਜਾਂਦਾ ਹੈ। ਇਸ ਕਰਾਨ ਬਾਹਰੀ ਯੂਨਿਟ ਫਟ ਜਾਂਦਾ ਹੈ ਤੇ ਇਸ ਨੂੰ ਅੱਗ ਲੱਗ ਜਾਂਦੀ ਹੈ।
ਇਸ ਲਈ ਸਪਲਿਟ AC ਦੀ ਬਾਹਰੀ ਯੂਨਿਟ ਵਿੱਚ ਧਮਾਕੇ ਨੂੰ ਰੋਕਣ ਲਈ ਤੁਹਾਨੂੰ ਇੱਕ ਸਟੈਬੀਲਾਈਜ਼ਰ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ, ਏਅਰ ਕੰਡੀਸ਼ਨਰ ਦੇ ਬਾਹਰੀ ਤੇ ਅੰਦਰੂਨੀ ਯੂਨਿਟਾਂ ਦੀ ਸਮੇਂ-ਸਮੇਂ 'ਤੇ ਸਰਵਿਸ ਕਰਵਾਈ ਜਾਣੀ ਚਾਹੀਦੀ ਹੈ। ਜੇਕਰ ਤੁਸੀਂ ਸਪਲਿਟ AC ਵਿੱਚ ਮਾਮੂਲੀ ਨੁਕਸ ਵੀ ਦੇਖਦੇ ਹੋ, ਤਾਂ ਤੁਹਾਨੂੰ ਤੁਰੰਤ ਕਿਸੇ ਟੈਕਨੀਸ਼ੀਅਨ ਨੂੰ ਬੁਲਾ ਕੇ ਇਸ ਦੀ ਮੁਰੰਮਤ ਕਰਵਾਉਣੀ ਚਾਹੀਦੀ ਹੈ।