ਨਵੀਂ ਦਿੱਲੀ: ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਸੋਸ਼ਲ ਮੀਡੀਆ ਪਲੇਟਫਾਰਮਸ ਜਿਵੇਂ ਟਿੱਕ-ਟੌਕ, ਹੈਲੋ ਤੇ ਫੇਸਬੁੱਕ ਨੂੰ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਗਲਤ ਜਾਣਕਾਰੀ ਵਾਲੇ ਸੰਦੇਸ਼ਾਂ ਜਾਂ ਸਮੱਗਰੀ ਨੂੰ ਹਟਾਉਣ ਲਈ ਕਿਹਾ ਹੈ। ਇਹ ਜਾਣਕਾਰੀ ਤੇ ਸੰਦੇਸ਼ ਕੋਰੋਨਾ ਵਾਇਰਸ ਮਹਾਮਾਰੀ ਵਿਰੁੱਧ ਸਰਕਾਰ ਦੀ ਚੱਲ ਰਹੀ ਮੁਹਿੰਮ ਨੂੰ ਕਮਜ਼ੋਰ ਬਣਾਉਂਦੀ ਹੈ।

ਇਸ ਦੇ ਨਾਲ ਹੀ ਸੋਸ਼ਲ ਮੀਡੀਆ ਕੰਪਨੀਆਂ ਨੂੰ ਉਨ੍ਹਾਂ ਲੋਕਾਂ ਦੇ ਵੇਰਵੇ ਰੱਖਣ ਲਈ ਕਿਹਾ ਗਿਆ ਹੈ ਜੋ ਗਲਤ ਸਮੱਗਰੀ ਵਾਲੇ ਸੰਦੇਸ਼ ਭੇਜਦੇ ਹਨ। ਜੇ ਜਰੂਰੀ ਹੋਵੇ, ਤਾਂ ਵੇਰਵੇ ਪੁਲਿਸ ਤੇ ਹੋਰ ਜਾਂਚ ਏਜੰਸੀਆਂ ਨਾਲ ਸਾਂਝੇ ਕੀਤੇ ਜਾ ਸਕਦੇ ਹਨ।

ਇਸ ਮਾਮਲੇ ਨਾਲ ਜੁੜੇ ਇੱਕ ਸੂਤਰ ਨੇ ਕਿਹਾ, “ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ, ਖਾਸ ਕਰਕੇ ਟਿੱਕਟੌਕ, ਹੈਲੋ ਤੇ ਫੇਸਬੁੱਕ 'ਤੇ ਵੱਡੀ ਗਿਣਤੀ ਵਿੱਚ ਜਾਅਲੀ ਤੇ ਗਲਤ ਜਾਣਕਾਰੀ ਵਾਲੇ ਆਡੀਓ ਤੇ ਵੀਡੀਓ ਸੰਦੇਸ਼ ਪੋਸਟ ਕੀਤੇ ਜਾ ਰਹੇ ਹਨ। ਮੰਤਰਾਲੇ ਨੇ ਕਿਹਾ ਕਿ ਗਲਤ ਸੰਦੇਸ਼ਾਂ ਕਾਰਨ ਲੋਕਾਂ ਵਿੱਚ ਦਹਿਸ਼ਤ ਤੇ ਹੋਰ ਨੁਕਸਾਨ ਦਾ ਖ਼ਤਰਾ ਹੈ।

ਇੱਕ ਵੱਖਰੇ ਬਿਆਨ ਵਿੱਚ, ਮੰਤਰਾਲੇ ਨੇ ਸੋਸ਼ਲ ਮੀਡੀਆ ਕੰਪਨੀਆਂ ਨੂੰ ਅਜਿਹੀ ਸਮੱਗਰੀ ਨੂੰ ਹਟਾਉਣ ਲਈ ਕਿਹਾ ਹੈ, ਜੋ ਕੋਰੋਨਾਵਾਇਰਸ ਵਿਰੁੱਧ ਸਰਕਾਰ ਦੀ ਮੁਹਿੰਮ ਉੱਤੇ ਮਾੜਾ ਅਸਰ ਪਾਉਂਦੀ ਹੈ। ਇਸ ਦੌਰਾਨ, ਇੰਟਰਨੈੱਟ ਤੇ ਮੋਬਾਈਲ ਐਸੋਸੀਏਸ਼ਨ ਆਫ ਇੰਡੀਆ (ਆਈਏਐਮਏਆਈ) ਨੇ ਮੰਗਲਵਾਰ ਨੂੰ ਕਿਹਾ ਕਿ ਸੋਸ਼ਲ ਮੀਡੀਆ ਕੰਪਨੀਆਂ ਨੂੰ ਆਪਣੇ ਪਲੇਟਫਾਰਮਸ ਤੋਂ ਕਿਸੇ ਵੀ ਸਮਗਰੀ ਨੂੰ ਹਟਾਉਣ ਲਈ ਕਾਨੂੰਨੀ ਆਦੇਸ਼ ਜਾਰੀ ਕਰਨੇ ਚਾਹੀਦੇ ਹਨ।