ਨਵੀਂ ਦਿੱਲੀ: ਸੋਸ਼ਲ ਮੀਡੀਆ ਦਿੱਗਜ ਫ਼ੇਸਬੁੱਕ  (Facebook) ਨੇ ਆਪਣੀ ਰਿਪੋਰਟ ਜਾਰੀ ਕੀਤੀ ਹੈ। ਇਸ 'ਚ ਕੰਪਨੀ ਨੇ ਕਿਹਾ ਕਿ ਭਾਰਤ 'ਚ 16 ਜੂਨ ਤੋਂ 31 ਜੁਲਾਈ ਦੌਰਾਨ ਉਲੰਘਣਾ ਦੀਆਂ 10 ਕੈਟਾਗਰੀਆਂ 'ਚ 3.33 ਕਰੋੜ ਤੋਂ ਵੱਧ ਸਮਗਰੀ 'ਤੇ ਕਾਰਵਾਈ ਕੀਤੀ ਗਈ ਹੈ।


ਫ਼ੇਸਬੁੱਕ ਦੇ ਫ਼ੋਟੋ ਸ਼ੇਅਰਿੰਗ ਪਲੇਟਫ਼ਾਰਮ ਇੰਸਟਾਗ੍ਰਾਮ (Instagram) ਨੇ ਇਸੇ ਮਿਆਦ ਦੌਰਾਨ 9 ਕੈਟਾਗਰੀਆਂ 'ਚ 28 ਲੱਖ ਕੰਟੈਂਟ 'ਤੇ ਕਾਰਵਾਈ ਕੀਤੀ ਹੈ। ਕੰਪਨੀ ਨੇ ਰਿਪੋਰਟ 'ਚ ਕਿਹਾ ਹੈ ਕਿ 16 ਜੂਨ ਤੋਂ 31 ਜੁਲਾਈ ਵਿਚਕਾਰ ਸਾਨੂੰ Facebook 'ਤੇ 1504 ਤੇ Instagram 'ਤੇ 265 ਯੂਜਰਾਂ ਤੋਂ ਸ਼ਿਕਾਇਤਾਂ ਮਿਲੀਆਂ ਸਨ, ਜਿਸ 'ਤੇ ਅਸੀਂ ਕਾਰਵਾਈ ਕੀਤੀ ਹੈ।


30 ਲੱਖ WhatsApp ਅਕਾਊਂਟ ਹੋਏ ਸਸਪੈਂਡ


ਰਿਪੋਰਟ 'ਚ ਦੱਸਿਆ ਗਿਆ ਸੀ ਕਿ 46 ਦਿਨਾਂ ਦੀ ਮਿਆਦ 'ਚ ਕੰਪਨੀ ਨੇ ਲਗਪਗ 30 ਲੱਖ WhatsApp ਅਕਾਊਂਟ ਮੁਅੱਤਲ ਕੀਤੇ ਹਨ। ਵੱਟਸਐਪ ਨੇ ਆਪਣੀ ਰਿਪੋਰਟ 'ਚ ਕਿਹਾ ਕਿ ਇਸ ਦੌਰਾਨ ਉਸ ਨੂੰ 594 ਸ਼ਿਕਾਇਤਾਂ ਮਿਲੀਆਂ ਸਨ, ਜਿਸ 'ਤੇ ਕੰਪਨੀ ਨੇ ਕਾਰਵਾਈ ਕੀਤੀ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਅਕਾਊਂਟਾਂ ਨੂੰ ਆਟੋਮੈਟਿਕ ਜਾਂ ਬਲਕ ਮੈਸੇਜ਼ ਕਾਰਨ ਸਸਪੈਂਡ ਕੀਤਾ ਗਿਆ ਹੈ।


ਯੂਜਰਾਂ ਦੀ ਸੁਰੱਖਿਆ ਲਈ ਚੁੱਕੇ ਜਾ ਰਹੇ ਕਦਮ


Facebook ਦੇ ਬੁਲਾਰੇ ਨੇ ਕਿਹਾ ਕਿ ਪਿਛਲੇ ਕੁੱਝ ਸਾਲਾਂ ਤੋਂ ਕੰਪਨੀ ਨੇ ਯੂਜਰਾਂ ਨੂੰ ਆਨਲਾਈਨ ਸੁਰੱਖਿਅਤ ਰੱਖਣ ਲਈ ਟੈਕਨੋਲਾਜੀ, ਲੋਕਾਂ ਤੇ ਐਕਟੀਵਿਟੀ 'ਚ ਲਗਾਤਾਰ ਨਿਵੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਰਿਪੋਰਟ 'ਚ ਆਟੋਮੈਟਿਕ ਡਿਵਾਈਸਾਂ ਦੀ ਵਰਤੋਂ ਕਰਦੇ ਹੋਏ ਲਗਾਤਾਰ ਹਟਾਏ ਗਏ ਕੰਟੈਂਟਸ ਦੀ ਡਿਟੇਲਸ ਤੇ ਯੂਜਰਾਂ ਦੀਆਂ ਸ਼ਿਕਾਇਤਾਂ ਦੇ ਨਾਲ ਉਨ੍ਹਾਂ ਉੱਤੇ ਕੀਤੀ ਗਈ ਕਾਰਵਾਈ ਦੀ ਜਾਣਕਾਰੀ ਦਿੱਤੀ ਗਈ ਹੈ।


46 ਦਿਨਾਂ ਦੀ ਰਿਪੋਰਟ ਜਾਰੀ


ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਅਸੀਂ ਨੀਤੀਆਂ ਦਾ ਉਲੰਘਣ ਕਰਨ ਵਾਲੇ ਕੰਟੈਂਟਸ ਦੀ ਪਛਾਣ ਤੇ ਰਿਵਿਊ ਲਈ ਆਰਟੀਫ਼ਿਸ਼ੀਅਲ ਇੰਟੈਲੀਜੈਂਸ, ਆਪਣੀ ਕਮਿਊਨਿਟੀ ਦੀਆਂ ਸ਼ਿਕਾਇਤਾਂ ਅਤੇ ਆਪਣੀ ਟੀਮ ਵੱਲੋਂ ਕੀਤੀ ਜਾਣ ਵਾਲੀ ਸਮੀਖਿਆ ਦੀ ਵਰਤੋਂ ਕਰਦੇ ਹਾਂ। ਅਸੀਂ ਇਨਫ਼ੋਰਮੇਸ਼ਨ ਟੈਕਨੋਲਾਜੀ (ਆਈਟੀ) ਦੇ ਨਿਯਮਾਂ ਦੀ ਪਾਲਣਾ ਕਰਦਿਆਂ 16 ਜੂਨ ਤੋਂ 31 ਜੁਲਾਈ ਤਕ 46 ਦਿਨਾਂ ਦੀ ਮਿਆਦ ਲਈ ਆਪਣੀ ਦੂਜੀ ਮਾਸਿਕ ਅਨੁਪਾਲਣਾ ਰਿਪੋਰਟ ਜਾਰੀ ਕੀਤੀ ਹੈ।