ਜੀਓ ਫ਼ੋਨ ਸ਼ੁਰੂਆਤ ਤੋਂ ਹੀ ਟੈਲੀਕਾਮ ਆਪਰੇਟਰਾਂ ਅਤੇ ਫ਼ੋਨ ਬਣਾਉਣ ਵਾਲੀਆਂ ਕੰਪਨੀਆਂ ਲਈ ਚਿੰਤਾ ਦਾ ਸਬੱਬ ਬਣਿਆ ਹੋਇਆ ਹੈ। ਇਸ ਦੀ ਸਭ ਤੋਂ ਵੱਡੀ ਵਜ੍ਹਾ ਜੀਓ ਫ਼ੋਨ ਦੀ ਬੇਹੱਦ ਸਸਤਾ ਕੀਮਤ ਹੈ। ਪਰ ਏਅਰਟੈੱਲ ਨੇ ਇਸ ਦਾ ਤੋੜ ਲੱਭ ਲਿਆ ਹੈ। ਏਅਰਟੈੱਲ ਇੱਕ ਵਾਰ ਫਿਰ ਜੀਓ ਫੋਨ ਨੂੰ ਟੱਕਰ ਦੇਣ ਦੇ ਲਈ A1 ਇੰਡੀਅਨ ਅਤੇ A41 ਪਾਵਰ ਫੋਨ ਮਾਰਕੀਟ ਵਿੱਚ ਉਤਾਰਿਆ ਹੈ।
ਏਅਰਟੈੱਲ ਨੇ ਕਾਰਬਨ ਅਤੇ ਸੈਲਕੌਨ ਨਾਲ ਮਿਲ ਕੇ ਸਸਤੇ ਮੁੱਲ ਦੇ ਫੋਨ ਉਰਾਤਨ ਲਈ ਭਾਈਵਾਲੀ ਕੀਤੀ ਹੈ। ਏਅਰਟੈੱਲ ਨੇ ਆਪਣੇ "ਮੇਰਾ ਪਹਿਲਾ ਸਮਾਰਟਫੋਨ" ਪ੍ਰੋਗਰਾਮ ਦੇ ਤਹਿਤ ਇਹ ਭਾਈਵਾਲੀ ਕੀਤੀ ਹੈ। ਇਸੇ ਤਰ੍ਹਾਂ ਜੀਓ ਫ਼ੋਨ ਨੂੰ ਟੱਕਰ ਦੇਣ ਲਈ ਵੋਡਾਫ਼ੋਨ ਨੇ ਵੀ ਮਾਈਕ੍ਰੋਮੈਕਸ ਨਾਲ ਭਾਈਵਾਲੀ ਕੀਤੀ ਹੈ। ਵੋਡਾਫੋਨ ਨੇ ਵੀ ਭਾਰਤ-2 ਅਲਟਰਾ ਨਾਂਅ ਦਾ ਸਸਤਾ ਫ਼ੋਨ ਲਿਆਂਦਾ ਹੈ।
ਜੀਓ ਫ਼ੋਨ ਦੇ ਆਉਣ ਤੋਂ ਬਾਅਦ ਤੋਂ ਕਈ ਟੈਲੀਕਾਮ ਕੰਪਨੀਆਂ ਨੂੰ ਆਪਣੀ ਮਾਰਕੀਟ ਖੁੱਸਣ ਦਾ ਡਰ ਹੈ। ਹਾਲਾਂਕਿ ਏਅਰਟੈੱਲ ਨੇ ਸਵਦੇਸ਼ੀ ਕੰਪਨੀ ਕਾਰਬਨ ਦੇ ਨਾਲ ਭਾਈਵਾਲੀ ਕਰ ਕੇ ਮਾਰਕੀਟ ਵਿੱਚ ਸਸਤੇ ਫੋਨ ਦਾ ਐਲਾਨ ਕਰ ਦਿੱਤਾ ਹੈ।
ਭਾਰਤੀ ਏਅਰਟੈੱਲ ਦੇ ਸੀ.ਐਮ.ਓ. ਰਾਜ ਪੂੜੀਪੈੱਡੀ ਨੇ ਇਸ ਮੌਕੇ ਤੇ ਕਿਹਾ,'' ਸਾਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਹੈ ਕਿ ਕਾਰਬਨ ਦੇ ਨਾਲ ਸਾਡੀ ਭਾਈਵਾਲੀ ਹੋਰ ਮਜ਼ਬੂਤ ਹੋਈ ਹੈ। ਅਸੀਂ ਭਾਰਤ ਦੇ ਲੋਕਾਂ ਲਈ ਸਮਾਰਟਫ਼ੋਨ ਦੀਆਂ ਆਸਾਂ ਨੂੰ ਪੂਰਾ ਕਰ ਸਕਾਂਗੇ।
''ਮੇਰਾ ਪਹਿਲਾ ਸਮਾਰਟਫੋਨ" ਦੇ ਤਹਿਤ ਸਾਡੇ ਪਹਿਲੇ ਆਫਰ 'ਤੇ ਹੀ ਬਹੁਤ ਸਾਰੇ ਲੋਕਾਂ ਨੇ ਫ਼ੋਨ ਲੈਣ ਦੀ ਮੰਗ ਕੀਤੀ ਹੈ। ਸਾਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਫੋਨ ਦੀ ਵਿਕਰੀ ਦੇ ਲਈ ਅਮੇਜ਼ਨ ਦੇ ਨਾਲ ਵੀ ਸਾਡੀ ਭਾਈਵਾਲੀ ਹੋਈ ਹੈ।
ਏਅਰਟੈੱਲ ਨੇ ਦੱਸਿਆ ਕਿ ਕਾਰਬਨ A1 ਇੰਡੀਅਨ ਅਤੇ ਕਾਰਬਨ A41 ਪਾਵਰ ਦਾ ਇਫੈਕਟਿਵ ਮੁੱਲ 1799 ਅਤੇ 1849 ਰੁਪਏ ਹੋਵੇਗਾ। ਕਾਰਬਨ A1 ਇੰਡੀਅਨ ਅਤੇ ਕਾਰਬਨ A41 ਪਾਵਰ ਦੀ ਐਮ.ਆਰ.ਪੀ. 4,390 ਅਤੇ 4,290 ਰੁਪਏ ਹੈ। ਪਰ ਇਸ ਨੂੰ ਪਾਉਣ ਲਈ ਗਾਹਕਾਂ ਨੂੰ 3,299 ਅਤੇ 3,349 ਰੁਪਏ ਪਹਿਲਾਂ ਦੇਣੇ ਪੈਣਗੇ। ਜਿਸ ਵਿੱਚੋਂ ਗਾਹਕ ਨੂੰ 1,500 ਰੁਪਏ ਦਾ ਕੈਸ਼ਬੈਕ ਮਿਲ ਜਾਵੇਗਾ। ਇਸ ਤਰ੍ਹਾਂ 500 ਰੁਪਏ ਗਾਹਕ ਨੂੰ 18 ਮਹੀਨੇ ਬਾਅਦ ਅਤੇ ਬਾਕੀ 1,000 ਰੁਪਏ 36 ਮਹੀਨੇ ਬਾਅਦ ਵਾਪਸ ਕਰ ਦਿੱਤੇ ਜਾਣਗੇ। ਏਅਰਟੈੱਲ ਨੇ ਇਹ ਵੀ ਕਿਹਾ ਹੈ ਕਿ ਗਾਹਕਾਂ ਨੂੰ 36 ਮਹੀਨੇ ਤੱਕ ਘੱਟ ਤੋਂ ਘੱਟ 169 ਰੁਪਏ ਦਾ ਰੀਚਾਰਜ ਕਰਵਾਉਣਾ ਪਵੇਗਾ।
ਏਅਰਟੈੱਲ ਨੇ ਦੱਸਿਆ ਕਿ ਫ਼ੋਨ ਦਾ ਅਸਲੀ ਮਾਲਿਕ ਗਾਹਕ ਹੀ ਹੋਵੇਗਾ। ਉਸ ਨੂੰ ਕੈਸ਼ ਬੈਨੇਫਿਟ ਦੇ ਲਈ ਫ਼ੋਨ ਵਾਪਸ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਇਸਦੇ ਉਲਟ ਜੀਓ ਫੋਨ ਨੂੰ ਰਿਟਰਨ ਪੌਲਿਸੀ ਵਿੱਚ ਰੱਖਿਆ ਗਿਆ ਹੈ ਕਿ ਕੈਸ਼ ਬੈਨੇਫਿਟ ਦੇ ਲਈ ਗਾਹਕ ਨੂੰ ਫੋਨ ਵਾਪਸ ਕਰਨਾ ਪਵੇਗਾ।
ਦੱਸਣਯੋਗ ਹੈ ਕਿ ਇਨ੍ਹਾਂ ਦੋਹਾਂ ਸਮਾਰਟਫੋਨ ਵਿੱਚ ਚਾਰ ਇੰਚ ਦੀ ਡਿਸਪਲੇਅ ਅਤੇ ਐਂਡ੍ਰੌਇਡ ਦਾ 7.0 ਵਰਜ਼ਨ ਹੈ। ਫ਼ੋਨ ਵਿੱਚ ਇੱਕ ਜੀ.ਬੀ. ਰੈਮ ਅਤੇ 8 ਜੀ.ਬੀ. ਇੰਟਰਨਲ ਮੈਮੋਰੀ ਦਿੱਤੀ ਗਈ ਹੈ। ਇਹ ਸਮਾਰਟਫੋਨ ਡੁਅਲ ਸਿੰਮ ਅਤੇ 4ਜੀ ਹੈ। ਕਾਰਬਨ A1 ਵਿੱਚ 1.1 ਗੀਗਾਹਾਰਟਜ਼ ਕੁਆਰਡ-ਕੋਰ ਪ੍ਰੋਸੈਸਰ, 1500 ਐਮਏਐਚ ਦੀ ਬੈਟਰੀ ਅਤੇ 3.2 ਮੈਗਾਪਿਕਸਲ ਦਾ ਕੈਮਰਾ ਹੈ। ਓਧਰ ਕਾਰਬਨ ਏ41 ਪਾਵਰ ਵਿੱਚ 1.3 ਗੀਗਾਹਾਰਟਜ਼ ਕੁਆਡ-ਕੋਰ ਪ੍ਰੋਸੈਸਰ 2300 ਐਮਏਐਚ ਬੈਟਰੀ ਅਤੇ 2 ਮੈਗਾਪਿਕਸਲ ਕੈਮਰਾ ਹੈ।