ਚੰਡੀਗੜ੍ਹ: ਫੇਸਬੁੱਕ ਨੇ ਅਮਰੀਕਾ ਵਿੱਚ ਹੋਣ ਵਾਲੀਆਂ ਚੋਣਾਂ ਤੋਂ ਕੁਝ ਹਫ਼ਤੇ ਪਹਿਲਾਂ ਸਿਆਸਤ ਨਾਲ ਜੁੜੇ ਬੇਕਾਰ ਲਿੰਕ ਤੇ ਕਲਿੱਕਬੇਟ ਨਾਲ ਲੋਕਾਂ ਨੂੰ ਸਪੈਮਿੰਗ ਕਰਨ ਲਈ 800 ਤੋਂ ਵੱਧ ਪੇਜ ਤੇ ਅਕਾਊਂਟ ਬੰਦ ਕਰ ਦਿੱਤੇ ਹਨ। ਇਹ ਅਕਾਊਂਟ ਤੋਂ ਪੋਸਟ ਕੀਤੀ ਸਮੱਗਰੀ ਨਾਲ ਆਮ ਲੋਕ ਗੁਮਰਾਹ ਹੋ ਰਹੇ ਸਨ। ਇਸ ਮਾਮਲੇ ਵਿੱਚ ਫੇਸਬੁੱਕ ਨੇ ਕਿਹਾ ਕਿ ਇਹ ਸਾਈਟਸ ਤੇ ਲਿੰਕ ਲੋਕਾਂ ਨੂੰ ਗੁਮਰਾਹ ਕਰਨ ਲਈ ਬਣਾਏ ਗਏ ਸੀ।

ਫੇਸਬੁੱਕ ਮੁਤਾਬਕ ਇਹ ਅਕਾਊਂਟ ਸਨਸਨੀਖੇਜ਼ ਸਿਆਸੀ ਸਮੱਗਰੀ ਫੈਲਾ ਰਹੇ ਸੀ ਜਿਨ੍ਹਾਂ ਨੂੰ ਫੇਸਬੁੱਕ ਦੇ ਬਾਹਰ ਇਸ਼ਤਿਹਾਰਾਂ ਨਾਲ ਭਰੀਆਂ ਵੈੱਬਸਾਈਟਾਂ ’ਤੇ ਲਿਜਾਣ ਲਈ ਡਿਜ਼ਾਈਨ ਕੀਤਾ ਗਿਆ ਸੀ। ਅਜਿਹੇ ਸਪੈਮਰ ਅਕਸਰ ਸੈਲੇਬ੍ਰਿਟੀ ਗੱਪਸ਼ੱਪ, ਵਜ਼ਨ ਘਟਾਉਣ ਦੇ ਨੁਸਖੇ, ਨਕਲੀ ਆਈਫੋਨ ਆਦਿ ਮੁੱਦਿਆਂ ’ਤੇ ਲੋਕਾਂ ਦਾ ਧਿਆਨ ਕੇਂਦਰਤ ਕਰਦੇ ਹਨ।

ਫੇਸਬੁੱਕ ਨੇ ਕਿਹਾ ਕਿ ਜਿਹੜੇ ਪੇਜਾਂ ਨੂੰ ਹਟਾਇਆ ਗਿਆ ਹੈ, ਉਨ੍ਹਾਂ ਵਿੱਚ ਸਿਆਸੀ ਵਿਚਾਰਧਾਰਾ ਦੇ ਦੋਵੇਂ ਪਾਸਿਆਂ ਦੀਆਂ ਚੀਜ਼ਾਂ ਸ਼ਾਮਲ ਹਨ। ਹਾਲਾਂਕਿ, ਇਹ ਕਹਿਣ ਤੋਂ ਇਨਕਾਰ ਕਰ ਦਿੱਤਾ ਕਿ ਇਨ੍ਹਾਂ ਵਿੱਚ ਖੱਬੇਪੱਖੀ ਪੇਜ ਜ਼ਿਆਦਾ ਸੀ ਜਾਂ ਕੱਟੜਪੰਥੀ। ਫੇਸਬੁੱਕ ਨੇ ਕਿਹਾ ਕਿ ਉਹ ਉਨ੍ਹਾਂ ਅਕਾਉਂਟ ਤੇ ਤਸਵੀਰਾਂ ਨੂੰ ਨਹੀਂ ਦੇਖਦੇ ਜੋ ਇਹ ਅਕਾਊਂਟ ਫੈਲਾ ਰਹੇ ਹਨ, ਪੇਜ ਦਾ ਸਫਾਇਆ ਕਰਨ ਦੌਰਾਨ ਉਹ ਉਨ੍ਹਾਂ ਦਾ ‘ਵਿਹਾਰ’ ਦੇਖਦੇ ਹਨ ਕਿ ਕੀ ਉਹ ਫ਼ਰਜ਼ੀ ਖ਼ਾਤੇ ਦਾ ਉਪਯੋਗ ਕਰ ਰਹੇ ਹਨ ਜਾਂ ਸਪੈਮ ਭੇਜ ਰਹੇ ਹਨ।

ਜ਼ਿਕਰਯੋਗ ਹੈ ਕਿ ਜਦੋਂ ਤੋਂ ਫੇਸਬੁਕ ਨੂੰ ਰੂਸੀ ਏਜੰਟਾਂ ਦੇ 2016 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਉਸ ਦੀ ਸੇਵਾ ਦਾ ਦੁਰਉਪਯੋਗ ਕੀਤੇ ਜਾਣ ਦੀ ਖ਼ਬਰ ਮਿਲੀ ਹੈ। ਉਦੋਂ ਤੋਂ ਹੀ ਫੇਸਬੁਕ ਚੋਣਾਂ ਦੌਰਾਨ ਗਲਤ ਜਾਣਕਾਰੀ ਫੈਲਾਉਣ ਤੇ ਚੋਣਾਂ ਵਿੱਚ ਦਖ਼ਲ ਨੂੰ ਖ਼ਤਮ ਕਰਨ ’ਤੋ ਅੱਡੀ-ਚੋਟੀ ਦਾ ਜ਼ੋਰ ਲਾ ਰਿਹਾ ਹੈ।