ਨਵੀਂ ਦਿੱਲੀ: ਜੇ ਤੁਹਾਨੂੰ ਲੱਗਦਾ ਹੈ ਕਿ ਮੈਸੇਂਜਰ ’ਤੇ ਕਿਸੇ ਨੂੰ ਭੇਜਿਆ ਤੁਹਾਡਾ ਨਿਜੀ ਡੇਟਾ ਜਾਂ ਸੁਨੇਹੇ ਪੂਰੀ ਤਰ੍ਹਾਂ ਸੁਰੱਖਿਅਤ ਹਨ ਤਾਂ ਤੁਸੀਂ ਗ਼ਲਤ ਹੋ। ਲੰਘੇ ਵੀਰਵਾਰ ਫੇਸਬੁਕ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮੈਸੇਂਜਰ ’ਤੇ ਭੇਜੇ ਗਏ ਸੁਨੇਹੇ ਤੇ ਤਸਵੀਰਾਂ ਨੂੰ ਉਨ੍ਹਾਂ ਦੀ ਟੀਮ ਪਹਿਲਾਂ ਸਕੈਨ ਕਰਦੀ ਹੈ ਤੇ ਕੰਪਨੀ ਦੇ ਨਿਯਮਾਂ ਮੁਤਾਬਕ ਹੋਣ ’ਤੇ ਹੀ ਉਹ ਡੇਟਾ ਅੱਗੇ ਭੇਜਿਆ ਜਾਂਦਾ ਹੈ। ਕੰਪਨੀ ਦਾ ਸੰਚਾਲਕ ਕਿਸੇ ਵੀ ਤਰ੍ਹਾਂ ਦੇ ਸ਼ੱਕੀ ਸੁਨੇਹੇ ਦੀ ਸਮੀਖਿਆ ਕਰ ਸਕਦਾ ਹੈ।
ਫੇਸਬੁਕ ਦੇ ‘ਭਾਈਚਾਰੇ ਦੇ ਮਿਆਰ’ (ਕਮਿਊਨਿਟੀ ਸਟੈਂਡਰਜ਼) ਦੇ ਮੁਤਾਬਕ ਨਾ ਹੋਣ ਵਾਲੇ ਸੁਨੇਹਿਆਂ ਨੂੰ ਬਲਾਕ ਕਰ ਦਿੱਤਾ ਜਾਂਦਾ ਹੈ। ਫੇਸਬੁਕ ਯੂਜ਼ਰਜ਼ ਦਾ ਨਿੱਜੀ ਡੇਟਾ ਲੀਕ ਹੋਣ ਪਿੱਛੋਂ ਕੰਪਨੀ ਨੂੰ ਵੱਡੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਗੱਲ ਦੀ ਪੁਸ਼ਟੀ ਕੰਪਨੀ ਦੇ ਸੀ.ਈ.ਓ. ਮਾਰਕ ਜ਼ਕਰਬਰਗ ਨੇ ਵਾਕਸ ਸੰਪਾਦਕ, ਏਜਰਾ ਕਲੇਨ ਨਾਲ ਹੋਈ ਇੰਟਰਵਿਊ ’ਚ ਕੀਤੀ। ਉਸ ਨੇ ਕਿਹਾ ਕਿ ਫੇਸਬੁਕ ਨੇ ਮਿਆਂਮਾਰ ਵਿੱਚ ਨਸਲੀ ਸਫਾਈ ਵਾਲੇ ਮੈਲੇਜ ਨੂੰ ਰੋਕ ਦਿੱਤਾ ਸੀ।
ਫੇਸਬੁੱਕ ਦਾ ਦਾਅਵਾ ਹੈ ਕਿ ਕੰਪਨੀ ਵੱਲੋਂ ਯੂਜ਼ਰਜ਼ ਦੇ ਡੇਟਾ ਨੂੰ ਇਸ਼ਤਿਹਾਰ ਜਾਂ ਕਿਸੀ ਹੋਰ ਵਰਤੋਂ ਲਈ ਸਕੈਨ ਨਹੀਂ ਕੀਤਾ ਜਾਂਦਾ ਬਲਕਿ ਅਜਿਹਾ ਬਾਲ ਸੋਸ਼ਣ, ਯੂਜ਼ਰ ਵੱਲੋਂ ਭੇਜਿਆ ਕੋਈ ਗ਼ਲਤ ਲਿੰਕ ਜਾਂ ਮਾਲਵੇਅਰ ਆਦਿ ਦਾ ਪਤਾ ਲਾਉਣ ਲਈ ਕੀਤਾ ਜਾਂਦਾ ਹੈ।
ਕੈਂਬ੍ਰਿਜ ਐਨਾਲਿਟੀਕਾ ਤੋਂ 8 ਕਰੋੜ 70 ਲੱਖ ਫੇਸਬੁੱਕ ਯੂਜ਼ਰਜ਼ ਦਾ ਡੇਟਾ ਸਾਂਝਾ ਕੀਤਾ ਦਾ ਚੁੱਕਿਆ ਹੈ। ਫੇਸਬੁੱਕ ਦੇ ਮੁੱਖ ਤਕਨੀਕੀ ਅਫ਼ਸਰ ਮਾਈਕ ਸਕ੍ਰੋਫਰ ਨੇ ਕਿਹਾ ਕਿ ਸੋਸ਼ਲ ਨੈਟਵਰਕਿੰਗ ਸਾਈਟ ’ਤੇ ਲੋਕਾਂ ਦਾ ਡੇਟਾ ਸੁਰੱਖਿਅਤ ਰੱਖਣ ਲਈ ਨਵਾਂ ਪ੍ਰਾਇਵੇਸੀ ਟੂਲ ਜਾਰੀ ਕੀਤਾ ਗਿਆ ਹੈ।