ਨਵੀਂ ਦਿੱਲੀ: ਡਿਜੀਟਲ ਇੰਡੀਆ ਦਾ ਸੁਫਨਾ ਵੇਖਣ ਵਾਲੇ ਸਾਡੇ ਮੁਲਕ ਵਿੱਚ ਕਾਲ ਡ੍ਰੌਪ ਦੀ ਪ੍ਰੇਸ਼ਾਨੀ ਲਗਾਤਾਰ ਬਣੀ ਹੋਈ ਹੈ। ਭਾਰਤ ਵਿੱਚ ਕਰੀਬ 118 ਕਰੋੜ ਮੋਬਾਈਲ ਗਾਹਕ ਹਨ। ਕਰੀਬ-ਕਰੀਬ ਸਾਰਿਆਂ ਨੂੰ ਰੋਜ਼ਾਨਾ ਕਾਲ ਡ੍ਰੌਪ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਮੁਲਕ ਵਿੱਚ ਅਜਿਹਾ ਕੋਈ ਨੈੱਟਵਰਕ ਨਹੀਂ ਜਿਸ 'ਤੇ ਕਾਲ ਡ੍ਰੌਪ ਦੀ ਪ੍ਰੇਸ਼ਾਨੀ ਨਾ ਹੋਵੇ।

ਸਾਲ 2017 ਵਿੱਚ ਕਾਲ ਡ੍ਰੌਪ ਤੇ ਖਰਾਬ ਮੋਬਾਈਲ ਨੈੱਟਵਰਕ ਦੀਆਂ ਸ਼ਿਕਾਇਤਾਂ ਵਿੱਚ ਸਾਰੀਆਂ ਕੰਪਨੀਆਂ ਦੇ ਗਾਹਕ ਸ਼ਾਮਲ ਹਨ। ਸਾਲ 2017 ਵਿੱਚ ਏਅਰਟੈਲ ਦੀ ਸਰਵਿਸ 'ਤੇ 25 ਫੀਸਦੀ, ਬੀਐਸਐਨਐਲ 'ਤੇ 25.5 ਫੀਸਦੀ, ਰਿਲਾਇੰਸ 'ਤੇ 18.8 ਫੀਸਦੀ, ਵੋਡਾਫੋਨ 'ਤੇ 10.3 ਫੀਸਦੀ, ਆਈਡੀਆ 'ਤੇ 6.7 ਫੀਸਦੀ ਸ਼ਿਕਾਇਤਾਂ ਮਿਲੀਆਂ।

ਭਾਰਤ ਵਿੱਚ ਕਾਲ ਡ੍ਰੌਪ ਹੋਣ ਦਾ ਵੱਡਾ ਕਾਰਨ ਮੋਬਾਈਲ ਟਾਵਰਾਂ ਦੀ ਘਾਟ ਹੈ। ਭਾਰਤ ਵਿੱਚ ਔਸਤਨ 400 ਗਾਹਕਾਂ 'ਤੇ ਇੱਕ ਮੋਬਾਈਲ ਟਾਵਰ ਹੈ। ਚੀਨ ਵਿੱਚ ਇਹ ਗਿਣਤੀ 200 ਤੋਂ 300 ਵਿਚਾਲੇ ਹੈ। ਭਾਰਤ ਵਿੱਚ ਹਰ ਸਾਲ ਕਰੀਬ ਇੱਕ ਲੱਖ ਮੋਬਾਈਲ ਟਾਵਰਾਂ ਦੀ ਲੋੜ ਹੈ। ਟੈਲੀਕਾਮ ਰੈਗੂਲਟਰੀ ਅਥਾਰਿਟੀ ਆਫ ਇੰਡੀਆ ਮੁਤਾਬਕ ਕਿਸੇ ਵੀ ਸਰਕਲ 'ਤੇ ਮੋਬਾਈਲ ਟਾਵਰਾਂ ਦੀ ਕਾਲ ਡ੍ਰੌਪ ਦਾ ਫੀਸਦੀ ਤਿੰਨ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ।