ਨਵੀਂ ਦਿੱਲੀ: ਦੇਸ਼ ਵਿੱਚ ਸਮਾਰਟਫ਼ੋਨ ਔਸਤਨ ਰੋਜ਼ਾਨਾ ਇੱਕ ਜੀਬੀ ਡੇਟਾ ਦੀ ਖਪਤ ਕਰਦੇ ਹਨ, ਜਦਿਕ ਡੇਢ ਸਾਲ ਪਹਿਲਾਂ ਤਕ ਇੱਕ ਮਹੀਨੇ ਵਿੱਚ ਸਿਰਫ ਚਾਰ ਜੀਬੀ ਡੇਟਾ ਵਰਤਦੇ ਸਨ। ਇਸ ਗੱਲ ਦੀ ਜਾਣਕਾਰੀ ਨੀਲਸਨ ਸਮਾਟਰਫ਼ੋਨ 2018 ਰਿਪੋਰਟ ਵਿੱਚ ਦਿੱਤੀ ਗਈ ਹੈ। ਰਿਪਰੋਟ ਮੁਤਾਬਕ ਸਮਾਰਟਫ਼ੋਨ ਦੀ ਕੀਮਤ ਘਟਣ ਤੇ ਡੇਟਾ ਦਰਾਂ ਸਸਤੀਆਂ ਹੋਣ ਕਾਰਨ ਭਾਰਤ ਦੁਨੀਆ ਵਿੱਚ ਸਭ ਤੋਂ ਵੱਡੇ ਸਮਾਰਟਫ਼ੋਨ ਬਾਜ਼ਾਰ ਵਜੋਂ ਉੱਭਰਿਆ ਹੈ।
ਇਸ ਰਿਪੋਰਟ ਨੂੰ ਤਿਆਰ ਕਰਨ ਲਈ ਨੀਲਸਨ ਇੰਡੀਆ ਨੇ ਸਮਾਰਟਫ਼ੋਨਾਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਹੈ, ਐਂਟਰੀ ਲੈਵਲ ਹੈਂਡਸੈੱਟ (5000 ਰੁਪਏ ਤੋਂ ਘੱਟ ਕੀਮਤ ਵਾਲੇ), ਮਿਡਲ ਲੈਵਲ ਹੈਂਡਸੈੱਟ (5000-15000 ਰੁਪਏ ਦੀ ਕੀਮਤ ਵਾਲੇ) ਤੇ ਪ੍ਰੀਮੀਅਮ ਹੈਂਡਸੈੱਟ (15000-25000 ਰੁਪਏ ਦੀ ਕੀਮਤ ਵਾਲੇ) ਹਨ।
ਨੀਲਸਨ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਹੈ ਕਿ ਆਨਲਾਈਨ ਸਰਗਰਮ ਰਹਿਣ ਵਿੱਚ ਪ੍ਰੀਮੀਅਮ ਸ਼੍ਰੇਣੀ ਵਾਲੇ ਗਾਹਕ ਸਭ ਤੋਂ ਅੱਗੇ ਹਨ। ਰਿਪੋਰਟ ਮੁਤਾਬਕ ਐਂਟਰੀ ਲੈਵਲ ਤੇ ਮਿਡਲ ਲੈਵਲ ਹੈਂਡਸੈੱਟ ਰੱਖਣ ਵਾਲੇ ਗਾਹਕ ਆਨਲਾਈਨ ਐਕਟੀਵਿਟੀ ਵਿੱਚ ਰੋਜ਼ਾਨਾ 90 ਮਿੰਟ ਤੋਂ ਵੱਧ ਸਮਾਂ ਖਰਚਦੇ ਹਨ, ਜਦਕਿ ਪ੍ਰੀਮੀਅਮ ਸੈਗਮੈਂਟ ਦੇ ਗਾਹਕ 130 ਮਿੰਟ ਤਕ ਦਾ ਸਮਾਂ ਖਰਚ ਕਰਦੇ ਹੋ।
ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਐਂਟਰੀ ਲੈਵਲ ਹੈਂਡਸੈੱਟ ਵਾਲੇ ਗਾਹਕਾਂ ਵਿੱਚੋਂ ਜ਼ਿਆਦਾਤਕ 15 ਤੋਂ 24 ਸਾਲ ਦੀ ਉਮਰ ਵਾਲੇ ਹਨ, ਜਦਕਿ ਪ੍ਰੀਮੀਅਮ ਸੈਗਮੈਂਟ ਨੂੰ ਰੱਖਣ ਵਾਲੇ 60 ਫ਼ੀਸਦ ਗਾਹਕਾਂ ਦੀ ਉਮਰ 24 ਸਾਲ ਤੋਂ ਵੱਧ ਹੈ।
ਨੀਲਸਨ ਦੇ ਨਿਰਦੇਸ਼ਕ ਅਭਿਜੀਤ ਮਟਕਰ ਨੇ ਕਿਹਾ ਹੈ ਕਿ ਤੇਜ਼ ਰਫ਼ਤਾਰ 4G ਇੰਟਰਨੈੱਟ ਆਉਣ, ਸਸਤੇ ਮੋਬਾਈਲ ਹੈਂਡਸੈੱਟ ਤੇ ਕਾਲ-ਡੇਟਾ ਕਰਾਂ ਨਾਲ ਲੋਕ ਸਮਾਰਟਫ਼ੋਨਾਂ ਨੂੰ ਤੇਜ਼ੀ ਨਾਲ ਅਪਣਾ ਰਹੇ ਹਨ। ਉਨ੍ਹਾਂ ਦੱਸਿਆ ਕਿ ਐਂਟਰੀ ਲੈਵਲ ਸਮਾਰਟਫ਼ੋਨ ਦੀ ਕੀਮਤ ਤੋਂ ਵੀ ਘੱਟ ਵਾਲੇ ਫ਼ੋਨ ਉਪਲਬਧ ਹੋਣ ਕਾਰਨ ਦੇਸ਼ ਵਿੱਚ ਇੱਕ ਅਜਿਹਾ ਵਰਗ ਪੈਦਾ ਹੋਇਆ ਹੈ, ਜਿਨ੍ਹਾਂ ਨੇ ਸਾਧਾਰਨ ਫ਼ੋਨ ਦੀ ਬਜਾਏ ਸਮਾਰਟਫ਼ੋਨ ਨੂੰ ਚੁਣਿਆ ਹੈ।