ਫਰਜ਼ੀ ਪੋਸਟ ਜਾਂ ਟਵੀਟ ਫੜਨ ਦਾ ਨਵਾਂ ਤਰੀਕਾ ਜਾਣੋ ਇਸ ਖ਼ਬਰ 'ਚੋਂ..
ਏਬੀਪੀ ਸਾਂਝਾ | 26 Oct 2016 03:55 PM (IST)
ਨਿਊਯਾਰਕ : ਫੇਸਬੁੱਕ ਅਤੇ ਟਵਿਟਰ ਵਰਗੀਆਂ ਸੋਸ਼ਲ ਨੈਟਵਰਕਿੰਗ ਸਾਈਟਾਂ 'ਤੇ ਅਕਸਰ ਫਰਜ਼ੀ ਅਤੇ ਝੂਠੇ ਪੋਸਟ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਹਨ। ਹੁਣ ਅਮਰੀਕੀ ਖੋਜਾਰਥੀਆਂ ਨੇ ਇਕ ਇਸ ਤਰ੍ਹਾਂ ਦੀ ਨਵਾਂ ਤਰੀਕਾ ਈਜਾਦ ਕਰਨ ਦਾ ਦਾਅਵਾ ਕੀਤਾ ਹੈ ਜਿਸ ਨਾਲ ਇਨ੍ਹਾਂ ਦੀ ਪਛਾਣ ਆਸਾਨੀ ਨਾਲ ਹੋ ਸਕੇਗੀ। ਟੈਕਸਾਸ ਯੂਨੀਵਰਸਿਟੀ 'ਚ ਸਾਈਬਰ ਸਕਿਓਰਿਟੀ ਦੇ ਐਸੋਸੀਏਟ ਪ੍ਰੋਫੈਸਰ ਕਿਮ ਕਵਾਂਗ ਰੇਮੰਡ ਨੇ ਨਵਾਂ ਤਰੀਕਾ ਵਿਕਸਤ ਕੀਤਾ ਹੈ। ਇਸ ਤਰੀਕੇ 'ਚ ਲੇਖਨ ਦੇ ਨਮੂਨਿਆਂ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਪੋਸਟ ਜਾਂ ਟਵੀਟ 'ਚ ਸ਼ਬਦਾਂ ਦੀ ਚੋਣ ਅਤੇ ਸਮੱਗਰੀ ਦੇ ਆਧਾਰ 'ਤੇ ਇਹ ਗੱਲ ਪਤਾ ਲਗਾਈ ਜਾ ਸਕਦੀ ਹੈ ਕਿ ਇਸ ਲਈ ਇਕ ਵਿਅਕਤੀ ਜਾਂ ਕਈ ਲੋਕ ਜ਼ਿੰਮੇਵਾਰ ਹਨ। ਖੋਜਾਰਥੀਆਂ ਦਾ ਕਹਿਣਾ ਹੈ ਕਿ ਇਸ ਨਾਲ ਵੱਖ-ਵੱਖ ਅਕਾਊਂਟ ਤੋਂ ਫਰਜ਼ੀ ਟਵੀਟ ਅਤੇ ਪੋਸਟ ਦਾ ਆਸਾਨੀ ਨਾਲ ਪਤਾ ਲਗਾਇਆ ਜਾ ਸਕਦਾ ਹੈ। ਰੇਮੰਡ ਨੇ ਉਮੀਦ ਪ੍ਰਗਟਾਈ ਕਿ ਨਵੇਂ ਤਰੀਕੇ ਨਾਲ ਸੋਸ਼ਲ ਮੀਡੀਆ 'ਤੇ ਤੋੜ ਮਰੋੜ ਕੇ ਪੇਸ਼ ਹੋਣ ਵਾਲੀਆਂ ਚੀਜ਼ਾਂ 'ਤੇ ਰੋਕ ਲਗਾਈ ਜਾ ਸਕਦੀ ਹੈ।