ਵਾਸ਼ਿੰਗਟਨ: ਐਪਲ ਨੇ ਆਪਣੇ ਨਵੇਂ iPhone X ਵਿੱਚ ਉਂਗਲਾਂ ਦੇ ਰੇਸ਼ੇ ਪਛਾਣਨ ਦੀ ਥਾਂ ਚਿਹਰੇ ਤੋਂ ਹੀ ਇਸ ਦਾ ਜਿੰਦਰਾ ਖੁੱਲ੍ਹਣ ਭਾਵ ਅਨਲੌਕ ਹੋ ਸਕਣ ਦੀ ਸੁਵਿਧਾ ਦਿੱਤੀ ਹੈ। iPhone X ਦੀ ਵਿਕਰੀ 3 ਨਵੰਬਰ ਤੋਂ ਸ਼ੁਰੂ ਹੋਣੀ ਹੈ। ਐਪਲ ਨੇ ਇਸ ਦੇ ਜਿੰਦਰੇ ਖੋਲ੍ਹਣ ਲਈ ਚਿਹਰਾ ਜਾਂ ਅੰਕਾਂ ਵਾਲਾ ਵਿਕਲਪ ਹੀ ਦਿੱਤਾ ਹੋਇਆ ਹੈ ਪਰ ਜੋ ਚੀਜ਼ ਲੋਕਾਂ ਨੂੰ ਸਭ ਤੋਂ ਵੱਧ ਸਤਾ ਰਹੀ ਹੈ, ਉਹ ਹੈ ਕਿ ਇਸ ਫ਼ੋਨ ਵਿਚਲਾ ਡੇਟਾ, ਕਿਸੇ ਹੋਰ ਥਾਂ 'ਤੇ ਸੰਭਾਲਿਆ ਜਾ ਸਕੇਗਾ।

ਐਪਲ ਦਾਅਵਾ ਕਰਦਾ ਹੈ ਕਿ ਫ਼ੋਨ ਵਿੱਚ ਮੌਜੂਦ "ਨਿਊਰਲ ਇੰਜਣ" ਕਾਰਨ ਕੋਈ ਤਸਵੀਰ ਵਿਖਾ ਕੇ ਚਕਮਾ ਦੇਣ ਜਾਂ ਹੈਕ ਕਰ ਲੈਣਾ ਸੰਭਵ ਨਹੀਂ ਹੋ ਸਕਦਾ। ਐਪਲ ਮੁਤਾਬਕ iPhone X ਨੂੰ ਹੱਥ ਵਿੱਚ ਫੜਦਿਆਂ ਹੋਇਆਂ 3 ਧੁਰਾਈ ਯਾਨੀ 3 ਡੀ ਤਰੀਕੇ ਨਾਲ ਚਿਹਰੇ ਨੂੰ ਸਕੈਨ ਕਰ ਸਕਦਾ ਹੈ। ਅਮਰੀਕੀ ਸਿਵਲ ਲਿਬਰਟੀਜ਼ ਯੂਨੀਅਨ ਦੇ ਨੀਤੀ ਸਮੀਖੀਅਕ ਜੇਅ ਸਟੈਨਲੀ ਦਾ ਕਹਿਣਾ ਹੈ ਕਿ ਐਪਲ ਨੇ ਆਪਣੇ ਗਾਹਕਾਂ ਦੀ ਸੁਰੱਖਿਆ ਲਈ ਬਹੁਤ ਕੰਮ ਕੀਤੇ ਹਨ, ਪਰ iPhone X ਬਾਰੇ ਇਹ ਸਭ ਲਾਗੂ ਨਹੀਂ ਹੁੰਦਾ ਜਾਪਦਾ।

ਬੀਤੇ ਸਾਲ ਜੌਰਜਟਾਊਨ ਯੂਨੀਵਰਸਿਟੀ ਦੇ ਇੱਕ ਖੋਜਾਰਥੀ ਦਾ ਕਹਿਣਾ ਹੈ ਕਿ ਚਿਹਰਾ ਪਛਾਣ ਤਕਨੀਕ ਦੀ ਸਹੀ ਤਰੀਕੇ ਨਾਲ ਵਰਤੋਂ ਨਹੀਂ ਹੁੰਦੀ ਹੈ ਤੇ ਇਹ ਯੰਤਰ ਨੂੰ ਸੁਰੱਖਿਅਤ ਰੱਖਣ ਦੀ ਥਾਂ 'ਤੇ ਨਜ਼ਰ ਰੱਖਣ ਦੇ ਕੰਮ ਆਉਂਦੀ ਹੈ। ਖੋਜ ਮੁਤਾਬਕ ਅਮਰੀਕਾ ਦੀਆਂ ਜ਼ਿਆਦਾਤਰ ਸੁਰੱਖਿਆ ਏਜੰਸੀਆਂ ਲੋਕਾਂ ਦੇ ਚਿਹਰਿਆਂ ਦੀ ਪਛਾਣ ਦੀ ਵਰਤੋਂ ਬਿਨਾ ਉਨ੍ਹਾਂ ਦੀ ਇਜਾਜ਼ਤ ਤੋਂ ਕਰਦੀ ਹੈ।

ਸਿਵਲ ਲਿਬਰਟੀਜ਼ ਗਰੁੱਪ ਨੇ ਇਸ ਮਸਲੇ 'ਤੇ ਐਫ.ਬੀ.ਆਈ. ਨੂੰ ਅਦਾਲਤ ਵਿੱਚ ਵੀ ਘੜੀਸਿਆ ਹੈ। ਸਟੈਨਲੀ ਦਾ ਕਹਿਣਾ ਹੈ ਕਿ ਅਸੀਂ ਨਹੀਂ ਚਾਹੁੰਦੇ ਕਿ ਪੁਲਿਸ ਅਧਿਕਾਰੀ ਹਰ ਦਮ ਸਾਨੂੰ ਕੈਮਰਿਆਂ ਰਾਹੀਂ ਸਕੈਨ ਕਰਦੇ ਰਹਿਣ। ਜੌਰਜਟਾਊਨ ਯੂਨੀਵਰਸਿਟੀ ਲਾਅ ਸਕੂਲ ਦੇ ਕਲੇਅਰ ਗਾਰਵੇ ਮੁਤਾਬਕ ਚਿਹਰੇ ਪਛਾਣਨ ਵਾਲੇ ਡੇਟਾਬੇਸ ਕਿਸੇ ਨਾਲ ਸਾਂਝਾ ਨਾ ਕਰਨ ਦੀ ਐਪਲ ਜ਼ਿੰਮੇਵਾਰੀ ਲੈਂਦਾ ਹੈ, ਪਰ ਹੋ ਸਕਦਾ ਹੈ ਕਿ ਹੋਰ ਕੰਪਨੀਆਂ ਅਜਿਹਾ ਨਾ ਕਰਦੀਆਂ ਹੋਣ।

ਉਨ੍ਹਾਂ ਕਿਹਾ ਕਿ ਬੀਤੇ ਸਾਲ ਇੱਕ ਰੂਸੀ ਫ਼ੋਟੋਗ੍ਰਾਫਰ ਨੇ ਕੁਝ ਪੌਰਨ ਕਲਾਕਾਰਾਂ ਦੀਆਂ ਤਸਵੀਰਾਂ ਨੂੰ ਉਨ੍ਹਾਂ ਦੀਆਂ ਸੋਸ਼ਲ ਮੀਡੀਆ 'ਤੇ ਮੌਜੂਦ ਜਨਤਰ ਪ੍ਰੋਫਾਈਲਾਂ ਨਾਲ ਮਿਲਾ ਕੇ ਪੇਸ਼ ਕੀਤਾ, ਜਿਸ ਨਾਲ ਉਨ੍ਹਾਂ ਦੀ ਅਸਲ ਪਛਾਣ ਜੱਗ ਜਾਹਰ ਹੋ ਗਈ। ਦੱਸ ਦੇਈਏ ਕਿ ਐਪਲ ਤੁਹਾਡਾ ਚਿਹਰਾ ਪੜ੍ਹਨ ਲਈ 30,000 ਇਨਫ੍ਰਾਰੈੱਡ ਬਿੰਦੂਆਂ ਦੀ ਮਦਦ ਲੈਂਦਾ ਹੈ।

ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਤਕਨੀਕ ਪੁਰਾਣੀ ਉਂਗਲਾਂ ਦੇ ਰੇਸ਼ੇ ਪੜ੍ਹਨ ਵਾਲੀ ਤਕਨੀਕ ਨਾਲੋਂ ਕਈ ਗੁਣਾ ਸਟੀਕ ਹੈ। ਜਿੱਥੇ 50 ਹਜ਼ਾਰ ਵਿੱਚੋਂ ਕਿਸੇ ਇੱਕ ਵਿਅਕਤੀ ਦੀ ਟੱਚ ਆਈ.ਡੀ. ਤੁਹਾਡੇ ਨਾਲ ਮੇਲ ਖਾਂਦੀ ਹੋ ਸਕਦੀ ਹੈ, ਉੱਥੇ ਇਸ ਨਵੀਂ ਚਿਹਰਾ ਪੜ੍ਹਨ ਵਾਲੀ ਤਕਨੀਕ ਨਾਲ ਆਪਣੇ ਚਿਹਰੇ ਵਰਗਾ ਵਿਅਕਤੀ ਭਾਲਣ ਦੀ ਸੰਭਾਵਨਾ 10 ਲੱਖ ਲੋਕਾਂ ਵਿੱਚੋਂ ਕਿਸੇ ਇੱਕ ਦੀ ਹੀ ਰਹਿ ਜਾਂਦੀ ਹੈ। ਇੱਕ ਪਾਸੇ ਐਪਲ ਆਪਣੇ ਗਾਹਕਾਂ ਦੀ ਸੁਰੱਖਿਆ ਦੇ ਮਸਲੇ 'ਤੇ ਉਹ ਸਮਝੌਤਾ ਨਹੀਂ ਕਰਦਾ, ਜਦਕਿ ਦੂਜੇ ਪਾਸੇ ਇਸ ਦੇ ਫੇਸ ਆਈ.ਡੀ. ਨੇ ਇੱਕ ਵੱਡੀ ਕਾਨੂੰਨੀ ਬਹਿਸ ਛੇੜ ਦਿੱਤੀ ਹੈ।