ਚੰਡੀਗੜ੍ਹ: ਹੁਣ ਡਿਸ਼ ਐਂਟੀਨਾ ਦੀ ਥਾਂ ਮਾਈਕ੍ਰੋ ਸਟ੍ਰਿਪ ਐਂਟੀਨੇ ਨੂੰ ਕੁਨੈਕਟ ਕਰਕੇ ਸਬਸਕ੍ਰਾਈਬਡ ਚੈਨਲਾਂ ਨੂੰ ਦੇਖਿਆ ਜਾ ਸਕੇਗਾ। ਵੱਡੀ ਗੱਲ ਇਹ ਹੈ ਕਿ ਇਸ ਲਈ ਨਾ ਛੱਤ ਚਾਹੀਦੀ, ਨਾ ਲੰਬੀ ਤਾਰ, ਸਿੱਧਾ ਸੈੱਟਟੌਪ ਬਾਕਸ ਨਾਲ ਜੋੜ ਦਿਓ ਤੇ ਟੈਲੀਵਿਜ਼ਨ ਦਾ ਮਜ਼ਾ ਲਓ।

ਪੰਜਾਬ ਫਤਿਹਗੜ੍ਹ ਸਾਹਿਬ ਸਥਿਤ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ 'ਚ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਜਸਪਾਲ ਸਿੰਘ ਨੇ ਦੇਸੀ ਮਾਈਕ੍ਰੋ ਸਟ੍ਰਿਪ ਐਂਟੀਨਾ ਬਣਾਉਣ 'ਚ ਸਫਲਤਾ ਹਾਸਲ ਕੀਤੀ ਹੈ। ਪ੍ਰੋਫੈਸਰ ਜਸਪਾਲ ਸਿੰਘ ਨੇ ਦੱਸਿਆ ਕਿ ਖੋਜ ਕਾਰਜ ਨੂੰ ਪੂਰਾ ਕਰਨ 'ਚ ਪੰਜ ਸਾਲ ਲੱਗ ਗਏ। ਇਸ ਨੂੰ ਪੇਟੈਂਟ ਲਈ ਇੰਟਲੈਕਚਿਊਅਲ ਪ੍ਰਾਪਰਟੀ ਇੰਡੀਆ ਨੇ ਸਵੀਕਾਰ ਕਰ ਲਿਆ ਹੈ।



ਮਾਈਕ੍ਰੋ ਸਟ੍ਰਿਪ ਐਂਟੀਨੇ ਨਾਲ ਖ਼ਪਤਕਾਰ ਹੀ ਨਹੀਂ ਕੰਪਨੀਆਂ ਨੂੰ ਵੀ ਲਾਭ ਪੁੱਜੇਗਾ। ਇਸ ਦੇ ਨਿਰਮਾਣ 'ਚ ਸਮਾਂ ਤੇ ਕੀਮਤ ਦੋਵਾਂ ਦੀ ਬਚਤ ਹੋਵੇਗੀ। ਇਸ ਐਂਟੀਨੇ ਨੂੰ ਬਣਾਉਣ 'ਚ ਵੱਧ ਤੋਂ ਵੱਧ 50 ਰੁਪਏ ਤਕ ਦਾ ਖ਼ਰਚਾ ਆਵੇਗਾ।
ਇਸ ਲਈ ਕਿਸੇ ਲੈਬੋਰੇਟਰੀ ਦੀ ਲੋੜ ਨਹੀਂ ਹੋਵੇਗੀ। ਚਿੱਪ ਨੂੰ ਪ੍ਰਿੰਟਿਡ ਸਰਕਟ ਬੋਰਡ (ਪੀਸੀਬੀ) 'ਤੇ ਹੀ ਬਣਾਇਆ ਜਾ ਸਕੇਗਾ। ਇਸ ਦਾ ਆਕਾਰ ਦੋ ਸੈਂਟੀਮੀਟਰ ਤੋਂ ਲੈ ਕੇ ਤਿੰਨ ਸੈਂਟੀਮੀਟਰ ਤਕ ਰਹੇਗਾ। ਇਸ ਦੇ ਨਾਲ ਹੀ ਇਸ ਨਾਲ ਸਿਗਨਲ ਵੀ ਬਿਹਤਰ ਹੋ ਜਾਵੇਗਾ।