ਅੰਮ੍ਰਿਤਸਰ: ਤਕਨਾਲੋਜੀ ਤੇ ਵਿਗਿਆਨ ਨੇ ਤਰੱਕੀ ਕਰਦਿਆਂ ਬੇਸ਼ੱਕ ਸਮਾਜ ਨੂੰ ਬੁਲੰਦੀਆਂ 'ਤੇ ਪਹੁੰਚਾਇਆ ਪਰ ਇਸ ਦੋ ਧਾਰੀ ਤਲਵਾਰ ਦੀ ਉਲਝਣ ਵਿੱਚ ਇਨਸਾਨ ਬੁਰੀ ਤਰ੍ਹਾਂ ਫਸ ਗਿਆ ਹੈ। ਹੁਣ ਇਸ ਦੇ ਭਿਆਨਕ ਨਤੀਜੇ ਸਾਹਮਣੇ ਆਉਣ ਲੱਗੇ ਹਨ। ਹਾਲਾਤ ਇਹ ਬਣ ਗਏ ਹਨ ਕਿ ਮੋਬਾਈਲ ਦਾ ਆਦਤ ਨਸ਼ਿਆਂ ਨਾਲੋਂ ਵੀ ਵਧ ਗਈ ਹੈ। ਇਸ ਲਈ ਹੁਣ ਅਜਿਹਾ ਸੈਂਟਰ ਖੁੱਲ੍ਹਾ ਹੈ ਜੋ ਨਸ਼ੇ ਛੁਡਾਉਣ ਲਈ ਨਹੀਂ ਸਗੋਂ ਨੌਜਵਾਨ ਪੀੜ੍ਹੀ ਤੇ ਦੇਸ਼ ਦੇ ਭਵਿੱਖ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰੱਖਣ ਲਈ ਉਨ੍ਹਾਂ ਦੀ ਤੇ ਉਨ੍ਹਾਂ ਦੇ ਮਾਪਿਆਂ ਦੀ ਕੌਂਸਲਿੰਗ ਕਰਨ ਲਈ ਖੋਲ੍ਹਿਆ ਗਿਆ ਹੈ।

ਇਸ ਮੋਬਾਇਲ ਡੀ ਐਡੀਕਸ਼ਨ ਸੈਂਟਰ ਨੂੰ ਚਲਾਉਣ ਵਾਲੇ ਪ੍ਰਸਿੱਧ ਦਿਮਾਗੀ ਰੋਗਾਂ ਦੇ ਮਾਹਿਰ ਡਾ. ਜੇਪੀਐਸ ਭਾਟੀਆ ਨੇ 'ਏਬੀਪੀ ਸਾਂਝਾ' ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਕੋਲ ਬਹੁਤ ਸਾਰੇ ਕੇਸ ਅਜਿਹੇ ਆਏ ਹਨ, ਜਿਸ ਵਿੱਚ ਬੱਚੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋਏ ਹਨ। ਇਸ ਲਈ ਲਗਾਤਾਰ ਉਨ੍ਹਾਂ ਦਾ ਮੋਬਾਈਲ 'ਤੇ ਜੁੜੇ ਰਹਿਣਾ ਜ਼ਿੰਮੇਵਾਰ ਨਿਕਲਿਆ। ਉਨ੍ਹਾਂ ਨੇ ਮਾਂ-ਪਿਓ ਨੂੰ ਵੀ ਇਸ ਲਈ ਓਨਾ ਹੀ ਜ਼ਿੰਮੇਵਾਰ ਦੱਸਿਆ।

ਡਾ. ਭਾਟੀਆ ਵੱਲੋਂ ਸਾਂਝੀਆਂ ਕੀਤੀਆਂ ਜਾਣਕਾਰੀਆਂ ਨੇ ਵੀ ਹੈਰਾਨੀਕੁਨ ਨਤੀਜੇ ਸਾਹਮਣੇ ਲਿਆਂਦੇ। ਮੋਬਾਈਲ ਜੀਵਨ ਉੱਪਰ ਤੇ ਖਾਸਕਰ ਬੱਚਿਆਂ 'ਤੇ ਕਿੰਨਾ ਅਸਰ ਪਾ ਰਿਹਾ ਹੈ, ਇਸ ਦੇ ਨਤੀਜੇ ਆਉਣ ਵਾਲੇ ਸਮੇਂ ਵਿੱਚ ਸਹੀ ਨਹੀਂ ਰਹਿਣਗੇ। ਡਾ. ਭਾਟੀਆ ਨੇ ਇਹ ਵੀ ਕਿਹਾ ਕਿ ਬੱਚਿਆਂ ਨੂੰ ਮਾਂ ਪਿਓ ਜੇਕਰ ਸਹੀ ਸਮਾਂ ਦੇਣ ਤਾਂ ਬੱਚਿਆਂ ਦੇ ਦਿਮਾਗ ਵਿੱਚ ਮੋਬਾਈਲ ਦਾ ਖਿਆਲ ਹੀ ਨਾ ਆਵੇ।

ਉਨ੍ਹਾਂ ਨੇ ਅੱਜਕੱਲ੍ਹ ਦੀ ਸਿੱਖਿਆ ਪ੍ਰਣਾਲੀ 'ਤੇ ਵੀ ਸਵਾਲ ਚੁੱਕੇ ਤੇ ਕਿਹਾ ਕਿ ਅਧਿਆਪਕ ਵੀ ਜਦੋਂ ਬੱਚਿਆਂ ਨੂੰ ਮੋਬਾਈਲਾਂ 'ਤੇ ਹੋਮਵਰਕ ਦੇ ਰਹੇ ਹਨ ਤਾਂ ਇਸ ਲਈ ਸਿੱਖਿਆ ਪ੍ਰਣਾਲੀ ਵੀ ਆਪਣੇ ਆਪ ਜ਼ਿੰਮੇਵਾਰ ਹੈ। ਕੌਂਸਲਿੰਗ ਸੈਂਟਰ ਦੀ ਡਾ. ਸ਼ਵੇਤਾ ਨੇ ਦੱਸਿਆ ਕਿ ਮਾਪਿਆਂ ਦਾ ਬੱਚਿਆਂ ਪ੍ਰਤੀ ਜੇਕਰ ਜ਼ਿੰਮੇਵਾਰੀ ਭਰਿਆ ਰਵੱਈਆ ਰਹੇ ਤੇ ਉਨ੍ਹਾਂ ਨੂੰ ਮੋਬਾਈਲ ਤੋਂ ਜ਼ਿਆਦਾ ਟੀਵੀ ਉੱਪਰ ਧਿਆਨ ਦਿਵਾਇਆ ਜਾਵੇ ਜਾਂ ਉਨ੍ਹਾਂ ਨੂੰ ਬਿਜੀ ਰੱਖਿਆ ਜਾਵੇ ਤਾਂ ਇਹ ਸਮੱਸਿਆ ਹੱਲ ਹੋ ਸਕਦੀ ਹੈ।