ਨਵੀਂ ਦਿੱਲੀ: ਭਾਰਤ 'ਚ ਵਟਸਐਪ ਦੇ 20 ਕਰੋੜ ਤੋਂ ਜ਼ਿਆਦਾ ਵਟਸਐਪ ਯੂਜਰਜ਼ ਹਨ। ਭਾਰਤ 'ਚ ਫੇਕ ਨਿਊਜ਼ 'ਤੇ ਰੋਕ ਲਾਉਣ ਲਈ ਵਟਸਐਪ ਕਈ ਤਰੀਕੇ ਅਪਣਾ ਰਿਹਾ ਹੈ। ਦਰਅਸਲ ਦੇਸ਼ 'ਚ ਵਟਸਐਪ ਜ਼ਰੀਏ ਭੇਜੇ ਗਏ ਮੈਸੇਜਸ ਤੇ ਕੁਝ ਅਫਵਾਹਾਂ ਜ਼ਰੀਏ ਭੀੜ ਵੱਲੋਂ ਹੱਤਿਆ ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮੋਦੀ ਸਰਕਾਰ ਨੇ ਕੰਪਨੀ ਨੂੰ ਦੋ ਨੋਟਿਸ ਭੇਜੇ ਸਨ।
ਆਈਟੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਦੱਸਿਆ ਸੀ ਕਿ ਵਟਸਐਪ ਨੂੰ ਨੋਟਿਸ ਭੇਜਿਆ ਗਿਆ ਸੀ ਜਿਸ 'ਚ ਉਸ ਨੂੰ ਮੌਬ ਲਿਚਿੰਗ ਦੀਆਂ ਘਟਨਾਵਾਂ 'ਚ ਵਟਸਐਪ ਜ਼ਰੀਏ ਉਤਸ਼ਾਹ ਮਿਲਿਆ ਹੈ। ਇਸ ਪ੍ਰਤੀ ਵਟਸਐਪ ਨੂੰ ਜ਼ਿੰਮੇਵਾਰ ਤੇ ਸਾਵਧਾਨ ਹੋਣਾ ਪਏਗਾ ਜਿਸ 'ਤੇ ਵਟਸਐਪ ਨੇ ਭਰੋਸਾ ਜਤਾਇਆ ਹੈ ਕਿ ਸਾਵਧਾਨੀ ਲਈ ਨਵੇਂ ਫੀਚਰ ਲਿਆਂਦੇ ਜਾਣਗੇ।
ਸਰਕਾਰ ਨੇ ਵਟਸਐਪ ਦੀ ਕਾਰਵਾਈ ਤੋਂ ਅਸੰਤੁਸ਼ਟ ਹੁੰਦਿਆਂ ਫਿਰ ਨੋਟਿਸ ਭੇਜ ਕੇ ਵਟਸਐਪ ਨੂੰ ਪੁਖਤਾ ਕਦਮ ਚੁੱਕਣ ਲਈ ਕਿਹਾ। ਦਰਅਸਲ ਭਾਰਤ ਸਰਕਾਰ ਚਾਹੁੰਦੀ ਹੈ ਕਿ ਵਟਸਐਪ ਅਜਿਹਾ ਫੀਚਰ ਵਿਕਸਤ ਕਰੇ ਜਿਸ ਨਾਲ ਫੇਕ ਤੇ ਝੂਠੇ ਮੈਸੇਜ ਪ੍ਰਸਾਰਤ ਕਰਨ ਵਾਲੇ ਮੂਲ ਸਾਧਨ ਦਾ ਪਤਾ ਲਾਇਆ ਜਾ ਸਕੇ।
ਇਸ ਦੇ ਜਵਾਬ 'ਚ ਵਟਸਐਪ ਨੇ ਕਿਹਾ ਕਿ ਅਜਿਹਾ ਕਰਨ ਨਾਲ ਦੁਰਵਰਤੋ ਦੀ ਸੰਭਾਵਨਾ ਵਧੇਗੀ ਤੇ ਅਸੀ ਆਪਣੀ ਸਿਕਿਓਰਟੀ ਨੂੰ ਕਮਜ਼ੋਰ ਨਹੀਂ ਹੋਣ ਦੇਵਾਂਗੇ। ਭਾਰਤ ਸਰਕਾਰ ਚਾਹੁੰਦੀ ਹੈ ਕਿ ਕੰਪਨੀ ਭਾਰਤੀ ਕਾਨੂੰਨਾਂ ਦੀ ਪਾਲਣਾ ਕਰਨ ਪ੍ਰਤੀ ਗੰਭੀਰਤਾ ਨਾਲ ਸੋਚੇ ਤੇ ਕੰਪਨੀ ਆਪਣੇ ਵਿਆਪਕ ਨੈੱਟਵਰਕ ਦੇ ਨਾਲ ਸ਼ਿਕਾਇਤ ਅਧਿਕਾਰੀ ਨਿਯੁਕਤ ਕਰਨ।
ਜ਼ਿਕਰਯੋਗ ਹੈ ਕਿ ਦੇਸ਼ 'ਚ ਅਗਲੇ ਸਾਲ ਆਮ ਚੋਣਾਂ ਹੋਣੀਆਂ ਹਨ ਤੇ ਅਜਿਹੇ 'ਚ ਸਰਕਾਰ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁਕ, ਟਵਿਟਰ ਤੇ ਵਟਸਐਪ ਰਾਹੀਂ ਫਰਜ਼ੀ ਖ਼ਬਰਾਂ ਦੇ ਪ੍ਰਸਾਰ ਨੂੰ ਰੋਕਣ ਲਈ ਵੱਡੇ ਕਦਮ ਚੁੱਕ ਰਹੀ ਹੈ।