ਚੰਡੀਗੜ੍ਹ: ਅਮਰੀਕਾ ਦੀ ਪਰਡਿਊ ਯੂਨੀਵਰਸਿਟੀ ਦੇ ਖੋਜੀਆਂ ਨੇ ਪਲਾਸਟਿਕ ਬੈਗ ਤੋਂ ਕਾਰਬਨ ਕੱਢਣ ਦਾ ਨਵਾਂ ਤਰੀਕਾ ਇਜਾਦ ਕੀਤਾ ਹੈ। ਇਸ ਨੂੰ ਮੋਬਾਈਲ ਫੋਨ ਤੇ ਹੋਰ ਇਲੈਕਟ੍ਰੌਨਿਕਸ ਡਿਵਾਇਸ ਵਿੱਚ ਇਸਤੇਮਾਲ ਹੋਣ ਵਾਲੀ ਬੈਟਰੀ ਬਣਾਉਣ ’ਚ ਇਸਤੇਮਾਲ ਕੀਤਾ ਜਾ ਸਕੇਗਾ।
ਆਮ ਤੌਰ ’ਤੇ ਸਿਰਫ ਇੱਕੋ ਵਾਰ ਪਲਾਸਟਿਕ ਬੈਗ ਦਾ ਇਸਤੇਮਾਲ ਕੀਤਾ ਜਾਂਦਾ ਹੈ ਤੇ ਉਸ ਦੇ ਬਾਅਦ ਉਸ ਨੂੰ ਸੁੱਟ ਦਿੱਤਾ ਜਾਂਦਾ ਹੈ। ਇਸ ਨਾਲ ਵਾਤਾਵਰਨ ਨੂੰ ਬੇਹੱਦ ਨੁਕਸਾਨ ਹੁੰਦਾ ਹੈ। ਹੁਣ ਇਨ੍ਹਾਂ ਤੋਂ ਮੋਬਾਈਲ ਫੋਨ ਤੇ ਹੋਰ ਇਲੈਟ੍ਰੋਨਿਕਸ ਡਿਵਾਇਸ ਵਿੱਚ ਵਰਤੀਆਂ ਜਾਂਦੀਆਂ ਬੈਟਰੀਆਂ ਬਣਾਈਆਂ ਜਾ ਸਕਣਗੀਆਂ।
ਦਰਅਸਲ ਪਲਾਸਟਿਕ ਬੈਗ ਵਿੱਚ ਭਾਰੀ ਮਾਤਰਾ ਵਿੱਚ ਕਾਰਬਨ ਪਾਇਆ ਜਾਂਦਾ ਹੈ ਪਰ ਇਨ੍ਹਾਂ ਤੋਂ ਸ਼ੁੱਧ ਕਾਰਬਨ ਕੱਢਣਾ ਕਾਫੀ ਮੁਸ਼ਕਲ ਕੰਮ ਹੈ। ਇਸ ਲਈ ਖੋਜੀਆਂ ਨੇ ਇਸ ਦਾ ਨਵਾਂ ਤਰੀਕਾ ਲੱਭਿਆ ਹੈ। ਖੋਜੀਆਂ ਮੁਤਾਬਕ ਸਭ ਤੋਂ ਪਹਿਲਾਂ ਪਲਾਸਟਿਕ ਬੈਗ ਪਿਘਲਾਏ ਜਾਣਗੇ। ਇਸ ਦੌਰਾਨ ਧਿਆਨ ਰੱਖਿਆ ਗਿਆ ਕਿ ਇਸ ਵਿੱਚੋਂ ਖ਼ਤਰਨਾਕ ਗੈਸਾਂ ਨਾ ਨਿਕਲਣ ਤੇ ਬਿਨਾਂ ਵਾਸ਼ਪੀਕਰਨ ਹੋਏ ਪਲਾਸਟਿਕ ਨੂੰ ਜ਼ਿਆਦਾ ਗਰਮ ਕੀਤਾ ਜਾ ਸਕੇ।
ਇਸ ਤੋਂ ਬਾਅਦ ਸ਼ੁੱਧ ਕਾਰਬਨ ਕੱਢਣ ਲਈ ਇਸ ਨੂੰ ਭੱਠੀ ਵਿੱਚ ਗਰਮ ਕੀਤਾ ਜਾਂਦਾ ਹੈ। ਇੰਨਾ ਹੋ ਜਾਣ ਬਾਅਦ ਕਾਰਬਨ ਨੂੰ ਕਾਲੇ ਪਾਊਡਰ ਵਿੱਚ ਪਾਇਆ ਜਾਂਦਾ ਹੈ ਜੋ ਬਾਅਦ ਵਿੱਚ ਲੀਥੀਅਮ ਆਇਨ ਬੈਟਰੀ ਬਣਾਉਣ ਵਿੱਚ ਵਰਤਿਆ ਜਾਂਦਾ ਹੈ। ਖੋਜੀਆਂ ਨੇ ਵੇਖਿਆ ਕਿ ਇਸ ਤਰੀਕੇ ਨਾਲ ਬਣਾਈ ਬੈਟਰੀ ਵੀ ਆਮ ਬੈਟਰੀਆਂ ਵਾਂਗ ਹੀ ਕੰਮ ਕਰਦੀ ਹੈ।