ਵਾਸ਼ਿੰਗਟਨ: ਜਲਦ ਹੀ ਵਾਈਫਾਈ ਸਿਗਨਲਾਂ ਤੋਂ ਬਿਜਲੀ ਪੈਦਾ ਕੀਤੀ ਜਾ ਸਕੇਗੀ। ਮੈਸੇਚਿਉਸੇਟਸ ਇੰਸਟੀਚਿਊਟ ਆਫ਼ ਟੈਕਨਾਲੋਜੀ (ਐਮਆਈਟੀ) ਦੇ ਵਿਗਿਆਨੀਆਂ ਨੇ ਇੱਕ ਛੋਟੀ ਜਿਹੀ ਮਸ਼ੀਨ ਬਣਾਈ ਹੈ ਜੋ ਵਾਈਫਾਈ ਸਿਗਨਲ ਨੂੰ ਬਿਜਲੀ ਵਿੱਚ ਬਦਲ ਦੇਵੇਗੀ। ਇਸ ਦੀ ਮਦਦ ਨਾਲ ਬਿਨ੍ਹਾਂ ਬੈਟਰੀ ਦੇ ਕਿਸੇ ਵੀ ਉਪਕਰਨ ਨੂੰ ਚਾਰਜ ਕੀਤਾ ਜਾ ਸਕੇਗਾ। ਇਸ ਮਸ਼ੀਨ ਨੂੰ ‘ਰੈਕਟੇਨਾ’ ਦਾ ਨਾਂ ਦਿੱਤਾ ਗਿਆ ਹੈ।

ਦਰਅਸਲ ਇਸ ਮਸ਼ੀਨ ਵਾਈਫਾਈ ਸਿਗਨਲ ਵਿੱਚ ਮੌਜੂਦ ਆਲਟਰਨੇਟਿੰਗ ਕਰੰਟ (AC) ਨੂੰ ਡਾਇਰੈਕਟ ਕਰੰਟ (DC) ਵਿੱਚ ਬਦਲ ਦਿੰਦੀ ਹੈ। ਡਿਵਾਈਸ ਵਾਈਫਾਈ ਵਿੱਚ ਮੌਜੂਦ ਇਲੈਕਟ੍ਰੋਮੈਗਨੈਟਿਕ ਵੇਵਸ ਨੂੰ ਰੇਡੀਓ ਫ੍ਰੀਕੁਐਂਸੀ ਐਨਟੀਨਾ ਦੀ ਮਦਦ ਨਾਲ AC ਵੇਵਸ ਦੇ ਰੂਪ ’ਚ ਫੜਦਾ ਹੈ। ਇਹ ਅੱਗਿਓਂ 2-D ਸੈਮੀ ਕੰਡਕਟਰ ਨਾਲ ਜੁੜਿਆ ਹੁੰਦਾ ਹੈ, ਜੋ ਬੇਹੱਦ ਲਚੀਲਾ ਵੀ ਹੈ। ਇਸ ਦੇ ਬਾਅਦ ਵਾਈਫਾਈ ਦੇਣ ਵਾਲੀ AC ਵੇਵਸ ਸੈਮੀ ਕੰਡਕਟਰ ਵਿੱਚ ਚਲੀਆਂ ਜਾਂਦੀਆਂ ਹਨ ਤੇ DC ਵੋਲਟੇਜ਼ ਵਿੱਚ ਬਦਲ ਜਾਂਦੀਆਂ ਹਨ।

ਇਸ ਤਰੀਕੇ ਪੈਦਾ ਹੋਈ ਡੀਸੀ ਵੋਲਟੇਜ ਦਾ ਇਲੈਕਟ੍ਰੋਨਿਕ ਸਰਕਿਟ ਤੇ ਬੈਟਰੀ ਨੂੰ ਰਿਚਾਰਜ ਕਰਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਦੀ ਖੋਜ ਕਰਨ ਵਾਲੇ ਵਿਗਿਆਨੀਆਂ ਨੇ ਦੱਸਿਆ ਕਿ AC ਕਰੰਟ ਨੂੰ DC ਕਰੰਟ ਵਿੱਚ ਬਦਲਣ ਲਈ ‘ਰੈਕਟੀਫਾਇਰ’ ਦੀ ਲੋੜ ਹੁੰਦੀ ਹੈ।

ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ MoS2 ਨਾਲ ਬਣੇ ਇਸ ਰੈਕਟੀਫਾਇਰ ਨੂੰ ਟੈਸਟ ਕੀਤਾ ਤਾਂ ਉਨ੍ਹਾਂ ਵੇਖਿਆ ਕਿ 150 ਮਾਈਕ੍ਰੋਵਾਟ ਦੇ ਵਾਈਫਾਈ ਸਿਗਨਲ ਨਾਲ ਕਰੀਬ 40 ਮਾਈਕ੍ਰੋਵਾਟ ਦੀ ਬਿਜਲੀ ਪੈਦੀ ਹੋਈ ਤੇ ਇੰਨੀ ਬਿਜਲੀ ਕਿਸੇ ਮੋਬਾਈਲ ਦੀ ਡਿਸਪਲੇਅ ਤੇ ਸਿਲੀਕਾਨ ਚਿਪ ਲਈ ਕਾਫੀ ਹੁੰਦੀ ਹੈ। ਇਸ ਦਾ ਮਤਲਬ ਕਿ ਵਾਈਫਾਈ ਸਿਗਨਲ ਦੀ ਪੂਰੀ ਇਨਪੁਟ ਦਾ 30 ਫੀਸਦੀ ਤਕ ਆਊਟਪੁਟ ਕੱਢਿਆ ਜਾ ਸਕਦਾ ਹੈ। ਇਸ ਦਾ ਮੈਡੀਕਲ ਖੇਤਰ ਵਿੱਚ ਚੰਗਾ ਇਸਤੇਮਾਲ ਕੀਤਾ ਜਾ ਸਕਦਾ ਹੈ।