ਨਵੀਂ ਦਿੱਲੀ: ਦੁਨੀਆ ਵਿੱਚ ਅੱਜ ਘੱਟ ਲੋਕ ਹੋਣਗੇ, ਜੋ ਸਮਾਰਟਫੋਨ ਦੀ ਵਰਤੋਂ ਨਹੀਂ ਕਰਦੇ। ਹਾਲਾਂਕਿ ਕੁਝ ਪੱਛੜੇ ਦੇਸ਼ਾਂ ਵਿੱਚ ਹਾਲਤ ਵੱਖਰੀ ਹੋ ਸਕਦੀ ਹੈ ਪਰ ਸਮਾਰਟਫੋਨ ਅੱਜ ਦੁਨੀਆ ਭਰ ਦੇ ਲੋਕਾਂ ਦੀ ਪਹਿਲੀ ਜ਼ਰੂਰਤ ਬਣ ਚੁੱਕਾ ਹੈ। ਹੁਣ ਉਹ ਦਿਨ ਬੀਤ ਚੁੱਕੇ ਹਨ, ਜਦੋਂ ਮੋਬਾਈਲ ਫੋਨ ਦੀ ਵਰਤੋਂ ਸਿਰਫ ਕਾਲਿੰਗ ਤੇ ਮੈਸੇਜ ਭੇਜਣ ਲਈ ਹੀ ਕੀਤੀ ਜਾਂਦੀ ਸੀ।
ਤਕਨੀਕ ਵਿੱਚ ਵਿਕਾਸ ਦੇ ਨਾਲ ਹੀ ਮੋਬਾਈਲ ਫੋਨ ਹੁਣ ਸਿਰਫ ਫੋਨ ਨਹੀਂ ਰਹੇ, ਸਗੋਂ ਸਮਾਰਟਫੋਨ ਬਣ ਚੁੱਕੇ ਹਨ। ਜਿਵੇਂ ਨਾਮ ਤੋਂ ਹੀ ਜ਼ਾਹਿਰ ਹੈ ਕਿ ਸਮਾਰਟਫੋਨ ਕਾਫੀ ਸਮਾਰਟ ਹੁੰਦੇ ਹੈ ਜੋ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਦੀਆਂ ਕਈ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ। ਤੁਹਾਡੀ ਜਾਣਕਾਰੀ ਲਈ ਦੱਸਦੇ ਹਾਂ ਕਿ ਇਹ ਹਨ ਦੁਨੀਆ ਭਰ ਦੀਆਂ 5 ਸਮਾਰਟਫੋਨ ਕੰਪਨੀਆਂ। ਇਨ੍ਹਾਂ ਵਿੱਚ ਸੈਮਸੰਗ ਪਹਿਲੇ ਨੰਬਰ 'ਤੇ ਹੈ, ਦੂਜੇ ਨੰਬਰ 'ਤੇ ਐਪਲ, ਤੀਜੇ ਨੰਬਰ 'ਤੇ ਹੁਵਾਈ ਹੈ, ਚੌਥੇ ਨੰਬਰ ਤੇ ਓਪੋ ਤੇ ਪੰਜਵੇਂ ਨੰਬਰ ਤੇ ਸ਼ਿਓਮੀ ਹੈ।
Samsung: ਇਸ ਦੱਖਣੀ ਕੋਰਿਆਈ ਕੰਪਨੀ ਦਾ ਦੁਨੀਆ ਭਰ ਦੇ ਸਮਾਰਟਫੋਨ ਬਾਜ਼ਾਰ ਵਿੱਚ ਜਲਵਾ ਹੈ। ਇਸ ਤੋਂ ਇਲਾਵਾ ਇਹ ਦੂਜੀਆਂ ਸਮਾਰਟਫੋਨ ਕੰਪਨੀਆਂ ਨੂੰ ਵੀ ਚਿੱਪ ਤੇ ਸਕਰੀਨ ਦੀ ਸਪਲਾਈ ਕਰਦੀ ਹੈ। ਸੈਮਸੰਗ ਦੀ ਅੰਤਰਾਸ਼ਟਰੀ ਸਮਾਰਟਫੋਨ ਬਾਜ਼ਾਰ ਵਿੱਚ 23.3 ਫੀਸਦੀ ਹਿੱਸੇਦਾਰੀ ਹੈ। ਭਾਰਤ ਵਿੱਚ ਵੀ ਸਭ ਤੋਂ ਵਧੇਰੇ ਫੋਨ ਇਸੇ ਕੰਪਨੀ ਦੇ ਵਿਕਦੇ ਹਨ। ਸੈਮਸੰਗ ਨੇ ਸਾਲ 2017 ਵਿੱਚ ਆਪਣੇ ਕਾਰੋਬਾਰ ਵਿੱਚ 1.4 ਫੀਸਦੀ ਦਾ ਵਾਧਾ ਦਰਜ ਕੀਤਾ ਹੈ। ਕੰਪਨੀ ਦੇ ਮੁੱਖ ਮਾਡਲ ਵਿੱਚ "ਐਸ" ਸੀਰੀਜ਼ ਦੇ ਫਲੈਗਸ਼ਿਪ ਸਮਾਰਟਫੋਨ ਤੋਂ ਇਲਾਵਾ "ਏ" ਸੀਰੀਜ਼ ਤੇ "ਜੇ" ਸੀਰੀਜ਼ ਦੇ ਐਵਰੇਜ਼ ਕੀਮਤ ਦੇ ਮਾਡਲ ਸ਼ਾਮਲ ਹਨ। ਪਿਛਲੇ ਸਾਲ ਕੰਪਨੀ ਨੇ ਕੁੱਲ 7.98 ਕਰੋੜ ਸਮਾਰਟਫੋਨ ਦੀ ਵਿਕਰੀ ਕੀਤੀ ਸੀ।
Apple: ਸੈਮਸੰਗ ਤੋਂ ਬਾਅਦ ਪੂਰੀ ਦੁਨੀਆ ਵਿੱਚ ਸਭ ਤੋਂ ਵੱਧ ਐਪਲ ਦੇ ਸਮਾਰਟਫੋਨ ਵਿਕਦੇ ਹਨ ਤੇ ਕੰਪਨੀ ਦੀ ਬਾਜ਼ਾਰ ਵਿੱਚ 12 ਫੀਸਦੀ ਦੀ ਹਿੱਸੇਦਾਰੀ ਹੈ। ਕੰਪਨੀ ਨੇ ਪਿਛਲੇ ਸਾਲ ਦੁਨੀਆ ਭਰ ਵਿੱਚ ਕੁੱਲ 4.1 ਕਰੋੜ ਆਈਫੋਨ ਵੇਚਣ ਦੇ ਨਾਲ ਸਾਲ 2017 ਵਿੱਚ 1.5 ਫੀਸਦੀ ਵਾਧਾ ਦਰਜ ਕੀਤਾ ਹੈ। ਸਮਾਰਟਫੋਨ ਹੀ ਨਹੀਂ ਬਲਕਿ ਐਪਲ ਦੇ ਬਣਾਏ ਗਏ ਬਾਕੀ ਉਤਪਾਦ, ਲੈਪਟਾਪ, ਮੈਕਬੁੱਕ ਜਾਂ ਆਈਪੈਡ ਸਾਰੇ ਇੱਕ ਤੋਂ ਵੱਧ ਇੱਕ ਹੁੰਦੇ ਹਨ ਤੇ ਵਧੀਆ ਕਵਾਲਿਟੀ ਦੀ ਟੈਕਨਾਲੌਜੀ ਨਾਲ ਲੈਸ ਹੁੰਦੇ ਹਨ। ਐਪਲ ਦਾ ਨਵਾਂ ਫੋਨ ਆਈਫੋਨ ਐਕਸ ਪਿਛਲੇ ਸਾਲ ਨਵੰਬਰ ਤੇ ਦਸੰਬਰ ਵਿੱਚ ਦੁਨੀਆ ਦੇ ਕਈ ਬਾਜ਼ਾਰਾਂ ਵਿੱਚ ਲੌਂਚ ਕੀਤਾ ਗਿਆ ਸੀ। ਇਸ ਦੀ ਬਾਜ਼ਾਰ ਵਿੱਚ ਮੰਗ ਦਿਨੋਂ ਦਿਨ ਵਧਦੀ ਜਾ ਰਹੀ ਹੈ ਪਰ ਕੰਪਨੀ ਮੰਗ ਦੇ ਹਿਸਾਬ ਨਾਲ ਇਸ ਫੋਨ ਦਾ ਉਤਪਾਦ ਨਹੀਂ ਕਰ ਸਕੀ। ਇਸੇ ਕਰਕੇ ਲੋਕਾਂ ਨੂੰ ਇਸ ਫੋਨ ਨੂੰ ਖਰੀਦਣ ਲਈ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ।
Huawei: ਚੀਨ ਦੀ ਕੰਪਨੀ Huawei ਦੀ ਦੁਨੀਆ ਭਰ ਦੇ ਸਮਾਰਟਫੋਨ ਬਾਜ਼ਾਰ ਵਿੱਚ 11.3 ਫੀਸਦੀ ਦੀ ਹਿੱਸੇਦਾਰੀ ਹੈ। ਪਿਛਲੇ ਸਾਲ ਕੰਪਨੀ ਨੇ ਕੁੱਲ 3.85 ਕਰੋੜ ਸਮਾਰਟਫੋਨ ਦੀ ਵਿਕਰੀ ਕੀਤੀ। ਕੰਪਨੀ ਦੇ ਫਲੈਗਸ਼ਿਪ ਸਮਾਰਟਫੋਨ ਪੀ-10 ਦੇ ਨਾਲ ਹੀ ਦੂਜੇ ਸਮਾਰਟਫੋਨ ਦੀ ਵੀ ਖੂਬ ਵਿਕਰੀ ਹੋਈ। ਅਮਰੀਕੀ ਬਾਜ਼ਾਰ ਵਿੱਚ ਕੰਪਨੀ ਦਾ ਪ੍ਰਦਰਸ਼ਨ ਹਾਲੇ ਬਹੁਤ ਚੰਗਾ ਨਹੀਂ। ਇਹ ਹੀ ਕਾਰਨ ਹੈ ਕਿ ਟਾਪ 10 ਦੀ ਸੂਚੀ ਵਿੱਚ ਕੰਪਨੀ ਤੀਜੇ ਨੰਬਰ ਤੇ ਹੈ।
Oppo: ਸਮਾਰਟਫੋਨ ਦੀ ਵਿਕਰੀ ਦੇ ਮਾਮਲੇ ਵਿੱਚ ਦੁਨੀਆ ਵਿੱਚ ਚੌਥੇ ਨੰਬਰ 'ਤੇ ਹੈ ਇਹ ਕੰਪਨੀ। ਇਸ ਨੇ ਸਾਲ 2017 ਵਿੱਚ ਦੁਨੀਆ ਭਰ ਵਿੱਚ ਕੁੱਲ 2.78 ਕਰੋੜ ਸਮਾਰਟਫੋਨ ਦੀ ਵਿਕਰੀ ਕੀਤੀ ਤੇ ਕੰਪਨੀ ਦੀ ਬਾਜ਼ਾਰ ਵਿੱਚ 8.1 ਫੀਸਦੀ ਹਿੱਸੇਦਾਰੀ ਰਹੀ। ਓਪੋ ਨੇ ਸਾਲ 2016 ਦੀ ਤੁਲਨਾ ਵਿੱਚ ਆਪਣੀ ਬਾਜ਼ਾਰ ਹਿੱਸੇਦਾਰੀ ਵਿੱਚ 1.5 ਫੀਸਦੀ ਵਾਧਾ ਕੀਤਾ।
Xiaomi: ਸ਼ਿਓਮੀ ਦਾ ਨੋਟ 4 ਭਾਰਤ ਵਿੱਚ ਸਭ ਤੋਂ ਵਧੇਰੇ ਵਿਕਣ ਵਾਲਾ ਫੋਨ ਹੈ। ਅੰਤਰਾਸ਼ਟਰੀ ਬਾਜ਼ਾਰ ਵਿੱਚ ਕੰਪਨੀ ਪੰਜਵੇਂ ਨੰਬਰ ਤੇ ਹੈ। ਕੰਪਨੀ ਨੇ ਪਿਛਲੇ ਸਾਲ ਦੁਨੀਆ ਭਰ ਵਿੱਚ ਕੁੱਲ 2.12 ਕਰੋੜ ਸਮਾਰਟਫੋਨ ਵੇਚੇ ਹਨ ਤੇ ਨਾਲ ਹੀ ਬਾਜ਼ਾਰ ਹਿੱਸੇਦਾਰੀ 6.2 ਫੀਸਦੀ ਕਰ ਲਈ ਹੈ। ਭਾਰਤੀ ਬਾਜ਼ਾਰ 'ਤੇ ਸ਼ਿਓਮੀ ਵਧੇਰੇ ਧਿਆਨ ਦੇ ਰਹੀ ਹੈ ਤੇ ਦੇਸ਼ ਭਰ ਚ ਆਪਣੇ ਆਨਲਾਈਨ ਨੈਟਵਰਕ ਦਾ ਵਿਸਥਾਰ ਕਰ ਰਹੀ ਹੈ।