ਚੰਡੀਗੜ੍ਹ: ਆਉਣ ਵਾਲੇ ਦਿਨਾਂ ਵਿੱਚ ਫੋਨ ਦੀਆਂ ਕੀਮਤਾਂ ਵਧ ਸਕਦੀਆਂ ਹਨ। ਖੋਜ ਫਰਮ ਆਈਡੀਸੀ ਇੰਡੀਆ ਦੇ ਐਸੋਸੀਏਟ ਰਿਸਰਚ ਨਿਰਦੇਸ਼ਕ ਨਵਕੇਂਦਰ ਸਿੰਘ ਮੁਤਾਬਕ ਆਯਾਤ ਕਰ ਵਧਣ ਤੇ ਡਾਲਰ ਦੇ ਮੁਕਾਬਲੇ ਰੁਪਏ ਦੇ 15 ਫੀਸਦੀ ਤਕ ਕਮਜ਼ੋਰ ਹੋਣ ਕਾਰਨ ਕੰਪਨੀਆਂ ’ਤੇ ਦਬਾਅ ਵਧ ਰਿਹਾ ਹੈ। ਸੂਤਰਾਂ ਮੁਤਾਬਕ ਕੰਪਨੀਆਂ ਹੈਂਡਸੈਟ ਦੀਆਂ ਕੀਮਤਾਂ ਵਿੱਚ 5 ਤੋਂ 8 ਫੀਸਦੀ ਤਕ ਇਜ਼ਾਫ਼ਾ ਕਰ ਸਕਦੀਆਂ ਹਨ।

ਨਵਕੇਂਦਰ ਸਿੰਘ ਦਾ ਕਹਿਣਾ ਹੈ ਕਿ ਅੱਗੇ ਆਰਟੀਫਿਸ਼ਲ ਇੰਟੈਲੀਜੈਂਸ ਵਾਲੀਆਂ ਡਿਵਾਈਸਾਂ, ਫੁੱਲ ਸਕਰੀਨ ਡਿਸਪਲੇਅ ਤੇ ਜ਼ਿਆਦਾ ਮੈਮਰੀ ਵਾਲੀਆਂ ਵਿਸ਼ੇਸ਼ਤਾਵਾਂ ਦੀ ਵਜ੍ਹਾ ਕਰਕੇ ਸਸਤੇ ਤੇ ਮਿਡ ਰੇਂਜ ਦੇ ਫੋਨ ਦੀ ਡਿਮਾਂਡ ਵਧੇਗੀ। ਇਸ ਸਬੰਧੀ ਨਵਾਂ ਅਫੌਰਡੇਬਲ ਸੈਗਮੇਂਟ ਬਣ ਰਿਹਾ ਹੈ।

ਯਾਦ ਰਹੇ ਕਿ ਚੀਨੀ ਕੰਪਨੀਆਂ ਸ਼ਿਓਮੀ ਤੇ ਰੀਅਲਮੀ ਆਪਣੇ ਕੁਝ ਮਾਡਲਾਂ ਦੇ ਭਾਅ ਪਹਿਲਾਂ ਹੀ ਵਧਾ ਚੁੱਕੀਆਂ ਹਨ। ਸ਼ਿਓਮੀ ਨੇ ਬਜਟ ਸਮਾਰਟਫੋਨ ਰੈਡਮੀ 6 ਤੇ 6ਏ ਦੀ ਕੀਮਤ ਵਧਾਈ ਹੈ। ਰੀਅਲਮੀ ਦੀ ਕੀਮਤ ਵਧ ਕੇ 6,999 ਤੋਂ 7,999 ਕਰ ਦਿੱਤੀ ਗਈ ਹੈ। ਰੀਅਲਮੀ ਦੇ 2 ਜੀਬੀ ਵਰਸ਼ਨ ਦੀ ਕੀਮਤ 8,990 ਤੋਂ ਵਧਾ ਕੇ 9,499 ਕਰ ਦਿੱਤੀ ਗਈ ਹੈ।

ਪਹਿਲੀ ਵਾਰ ਸਮਾਰਟ ਤੇ ਫੀਚਰ ਫੋਨ ਦਾ ਮਾਰਕਿਟ ਸ਼ੇਅਰ ਬਰਾਬਰ

ਆਈਡੀਸੀ ਇੰਡੀਆ ਨੇ ਵੀਰਵਾਰ ਨੂੰ ਭਾਰਤ ਵਿੱਟ ਫੋਨਾਂ ਦੀ ਵਿਕਰੀ ਦੇ ਅੰਕੜੇ ਵੀ ਜਾਰੀ ਕੀਤੇ ਜਿਨ੍ਹਾਂ ਮੁਤਾਬਕ ਜੁਲਾਈ ਤੋਂ ਸਤੰਬਰ ਤਕ ਰਿਕਾਰਡ 4.26 ਕਰੋੜ ਸਮਾਰਟਫੋਨ ਵਿਕੇ। ਇਹ ਪਿਛਲੇ ਸਾਲ ਸਤੰਬਰ ਤਿਮਾਹੀ ਤੋਂ 9.1 ਫੀਸਦੀ ਜ਼ਿਆਦਾ ਹੈ। ਪਿਛਲੇ ਸਾਲ 3.91 ਕਰੋੜ ਫੋਨ ਵਿਕੇ ਸੀ। ਰਿਪੋਰਟ ਮੁਤਾਬਕ ਸਮਾਰਟਫੋਨ ਤੇ ਫੀਚਰ ਫੋਨ ਦਾ ਮਾਰਕਿਟ ਸ਼ੇਅਰ ਲਗਪਗ 50:50, ਯਾਨੀ ਬਰਾਬਰ ਰਿਹਾ। ਇਹ ਹੋਰ ਖ਼ੁਲਾਸੇ ਮੁਤਾਬਕ ਜੀਓ ਫੀਚਰ ਫੋਨ ਦੀ ਸ਼ਿਪਮੈਂਟ ਵਿੱਚ ਕਮੀ ਆਈ ਹੈ।

ਮਾਰਕਿਟ ਸ਼ੇਅਰ ਦੇ ਮਾਮਲੇ ’ਚ ਸ਼ਿਓਮੀ ਮੋਹਰੀ

ਸ਼ਿਓਮੀ ਨੇ 1.17 ਕਰੋੜ ਫੋਨ ਵੇਚੇ। 27.3 ਫੀਸਦੀ ਮਾਰਕਿਟ ਸ਼ੇਅਰ ਨਾਲ ਇਹ ਕੰਪਨੀ ਪਹਿਲੇ ਸਥਾਨ ਤੇ ਹੈ। ਇਸ ਮਾਮਲੇ ਵਿੱਚ ਸੈਮਸੰਗ ਦੂਜੇ ਨੰਬਰ ’ਤੇ ਰਹੀ। ਸ਼ਿਓਮੀ ਨੂੰ ਰੈਡਮੀ 5ਏ, ਨੋਟ 5 ਪ੍ਰੋ, 6/ਏ/ਪ੍ਰੋ ਸੀਰੀਜ਼ ਤੇ ਸੈਮਸੰਗ ਨੂੰ ਜੇ6, ਜੇ8 ਤੇ ਨਵੇਂ ਜੇ2 ਨਾਲ ਤਗੜੀ ਗਰੋਥ ਮਿਲੀ ਹੈ।