ਨਵੀਂ ਦਿੱਲੀ: ਮੋਬਾਈਲ ਦੇ ਵਧਦੇ ਕ੍ਰੇਜ਼ ਨੂੰ ਵੇਖ ਕੇ ਕੰਪਨੀਆਂ ਇੱਕ ਤੋਂ ਇੱਕ ਸਮਾਰਟਫੋਨ ਬਾਜ਼ਾਰ 'ਚ ਲਾਂਚ ਕਰ ਰਹੀਆਂ ਹਨ। ਜਿਵੇਂ-ਜਿਵੇਂ ਫੋਨ ਦੇ ਅਪਡੇਟਿਡ ਵਰਜ਼ਨ ਬਾਜ਼ਾਰ 'ਚ ਆ ਰਹੇ ਹਨ ਕੰਪਨੀਆਂ ਇਸ ਦੀ ਬੈਟਰੀ ਨੂੰ ਹੋਰ ਮਜ਼ਬੂਤ ਕਰ ਰਹੀਆਂ ਹਨ। ਫਿਰ ਵੀ ਜੇਕਰ ਮੋਬਾਈਲ ਚਾਰਜ ਕਰਦੇ ਹੋਏ ਕੁਝ ਛੋਟੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਬੈਟਰੀ ਤੇ ਮੋਬਾਈਲ ਦੀ ਉਮਰ ਵਧ ਸਕਦੀ ਹੈ।

ਸਭ ਤੋਂ ਖਾਸ ਗੱਲ ਇਹ ਹੈ ਕਿ ਜਿਸ ਕੰਪਨੀ ਦਾ ਫੋਨ ਹੋਵੇ, ਉਸੇ ਕੰਪਨੀ ਦੇ ਅਸਲੀ ਚਾਰਜਰ ਦਾ ਇਸਤੇਮਾਲ ਕਰੋ। ਕਈ ਵਾਰ ਅਸੀਂ ਸਸਤਾ ਹੋਣ ਕਰਕੇ ਦੇਸੀ ਚਾਰਜਰ ਖਰੀਦ ਲੈਂਦੇ ਹਾਂ। ਇਹ ਹੁੰਦਾ ਤਾਂ ਸਸਤਾ ਹੈ ਪਰ ਫੋਨ ਤੇ ਬੈਟਰੀ ਦੋਹਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ।

ਫੋਨ ਦਾ ਕਵਰ ਉਤਾਰ ਕੇ ਚਾਰਜ ਕਰਨਾ ਚਾਹੀਦਾ ਹੈ। ਅਜਿਹਾ ਇਸ ਕਰਕੇ ਕਿਉਂਕਿ ਫੋਨ 'ਤੇ ਮੋਟਾ ਕਵਰ ਹੋਵੇ ਤਾਂ ਫੋਨ ਗਰਮ ਛੇਤੀ ਹੋ ਜਾਂਦਾ ਹੈ। ਇਸ ਨਾਲ ਵੀ ਨੁਕਸਾਨ ਹੋ ਸਕਦਾ ਹੈ।

ਫੋਨ ਨੂੰ ਕਦੇ ਵੀ ਪੂਰੀ ਰਾਤ ਚਾਰਜਿੰਗ 'ਤੇ ਨਹੀਂ ਛੱਡਣਾ ਚਾਹੀਦਾ। ਜਿੰਨੀ ਦੇਰ ਜ਼ਰੂਰਤ ਹੈ, ਉਸ ਤੋਂ ਬਾਅਦ ਪਲੱਗ ਬੰਦ ਕਰ ਦਿਉ।

ਫੋਨ ਜੇਕਰ ਜਲਦੀ ਚਾਰਜ ਕਰਨਾ ਚਾਹੁੰਦੇ ਹੋ ਤਾਂ ਇਸ ਨੂੰ ਫਲਾਈਟ ਮੋਡ 'ਤੇ ਲਾ ਦਿਉ। ਇਸ ਨਾਲ ਜਲਦੀ ਚਾਰਜ ਹੋ ਜਾਂਦਾ ਹੈ।

ਬੈਟਰੀ ਬਚਾਉਣੀ ਹੈ ਤਾਂ ਪਾਵਰ ਸੇਵਰ ਮੋਡ 'ਤੇ ਲਾ ਦਿਉ। ਇਸ ਨਾਲ ਵੀ ਕਾਫੀ ਫਾਇਦਾ ਹੁੰਦਾ ਹੈ।

ਇੱਕ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਫੋਨ ਦੀ ਬੈਟਰੀ 100 ਫੀਸਦੀ ਚਾਰਜ ਨਹੀਂ ਕਰਨੀ ਚਾਹੀਦੀ। 80 ਤੋਂ 85 ਫੀਸਦੀ ਤੱਕ ਚਾਰਜ ਕਰਨਾ ਠੀਕ ਰਹਿੰਦਾ ਹੈ।