ਚੰਡੀਗੜ੍ਹ: ਪਾਸਵਰਡ ਭੁੱਲਣ ਦੇ ਡਰ ਤੋਂ ਜਾਂ ਵਾਰ-ਵਾਰ ਫੀਡ ਕਰਨ ਦੇ ਝੰਜਟ ਤੋਂ ਬਚਣ ਲਈ ਕਈ ਲੋਕ ਆਪਣੇ ਆਨਲਾਈਨ ਅਕਾਊਂਟਸ 'ਤੇ ਇਨ੍ਹਾਂ ਨੂੰ ਆਟੋ ਸੇਵ ਕਰ ਲੈਂਦੇ ਹਨ ਪਰ ਇਸ ਨਾਲ ਹੈਕਰਾਂ ਦਾ ਤੁਹਾਡੇ ਨਿੱਜੀ ਡੇਟਾ ਤਕ ਪਹੁੰਚਣਾ ਕਾਫੀ ਆਸਾਨ ਹੋ ਜਾਂਦਾ ਹੈ। ਚਿੰਤਾ ਦੀ ਗੱਲ ਇਹ ਹੈ ਕਿ ਅਜਿਹੇ ਆਨਲਾਈਨ ਅਕਾਊਂਟਸ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਮੋਬਾਈਲ ਐਂਡ ਇੰਟਰਨੈੱਟ ਸਕਿਉਰਟੀ ਕੰਪਨੀ 'ਬੁਲਗਾਰਡ' ਦੀ ਖੋਜ ਵਿੱਚ ਇਹ ਖ਼ੁਲਾਸਾ ਹੋਇਆ ਹੈ। ਇਸ ਖੋਜ ਲਈ ਕੰਪਨੀ ਨੇ ਬ੍ਰਿਟੇਨ ਦੇ ਦੋ ਹਜ਼ਾਰ ਲੋਕਾਂ ਦੇ ਟੈਬਲਿਟ ਜਾਂ ਫੋਨ 'ਤੇ ਵੈਬ ਬ੍ਰਾਊਜ਼ਿੰਗ ਦੇ ਤਰੀਕਿਆਂ ਦਾ ਅਧਿਐਨ ਕੀਤਾ ਹੈ।


ਕੰਪਨੀ ਦੇ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਹਰ ਤਿੰਨ ਵਿੱਚੋਂ ਇੱਕ ਯੂਜ਼ਰ ਆਟੋ ਲਾਗਇਨ ਕਰਦਾ ਹੈ। ਇੱਥੋਂ ਤਕ ਕਿ ਲੋਕ ਈਬੇ ਤੇ ਅਮੇਜ਼ਨ ਵਰਗੀਆਂ ਸ਼ਾਪਿੰਗ ਸਾਈਟਸ 'ਤੇ ਆਪਣੇ ਬੈਂਕ ਕਾਰਡ ਦੇ ਵੇਰਵੇ ਤਕ ਸੇਵ ਰੱਖਦੇ ਹਨ।

ਇਸ ਦੇ ਇਲਾਵਾ ਦੋ ਤਿਹਾਈ ਲੋਕ ਲਾਗਇਨ ਪ੍ਰਕਿਰਿਆ ਪੂਰੀ ਕਰਨ ਲਈ 'ਆਟੋਫਿਲ' ਵਿਕਲਪ 'ਤੇ ਭਰੋਸਾ ਜਤਾਉਂਦੇ ਹਨ। ਇਸ ਨਾਲ ਸਾਈਬਰਕ੍ਰਾਈਮ ਕਰਨ ਵਾਲਿਆਂ ਲਈ ਯੂਜ਼ਰ ਦੀ ਨਿੱਜੀ ਜਾਣਕਾਰੀ ਤਕ ਪਹੁੰਚਣਾ ਆਸਾਨ ਹੋ ਜਾਂਦਾ ਹੈ।

ਇਸ ਤੋਂ ਇਲਾਵਾ ਹਰ ਦੂਜਾ ਵਿਅਕਤੀ ਅਜਿਹੇ ਅਕਾਊਂਟਸ ਨੂੰ ਐਕਸੈਸ ਕਰਨ ਲਈ ਆਪਣੇ ਫੋਨ ਦਾ ਇਸਤੇਮਾਲ ਕਰਦਾ ਹੈ। ਜੇ ਫੋਨ ਚੋਰੀ ਜਾਂ ਗੁਆਚ ਜਾਏ ਤਾਂ ਫੋਨ ਵਿੱਚ ਮੌਜੂਦ ਸਾਰੀ ਜਾਣਕਾਰੀ ਖ਼ਤਰੇ ਵਿੱਚ ਪੈ ਸਕਦੀ ਹੈ।

73 ਫੀਸਦੀ ਲੋਕਾਂ ਨੂੰ ਆਪਣੇ ਪਾਸਵਰਡ ਯਾਦ ਰੱਖਣ ਵਿੱਚ ਸੰਘਰਸ਼ ਕਰਨਾ ਪੈਂਦਾ ਹੈ। ਇਸ ਦੀ ਵਜ੍ਹਾ ਇਹ ਹੈ ਕਿ 35 ਫੀਸਦੀ ਲੋਕ ਮੰਨਦੇ ਹਨ ਕਿ ਉਹ ਹਰ ਅਕਾਊਂਟ ਲਈ ਵੱਖ-ਵੱਖ ਪਾਸਵਰਡ ਦਾ ਇਸਤੇਮਾਲ ਕਰਨਾ ਪਸੰਦ ਕਰਦੇ ਹਨ। 54 ਫੀਸਦੀ ਲੋਕ ਕਈ ਵਾਰ ਪਾਸਵਰਡ ਵਿੱਚ ਅਜਿਹੇ ਅੰਕਾਂ ਦਾ ਇਸਤੇਮਾਲ ਕਰ ਲੈਂਦੇ ਹਨ ਜਿਨ੍ਹਾਂ ਨਾਲ ਪਾਸਵਰਡ ਕਨਫਿਊਜ਼ਿੰਗ ਹੋ ਜਾਂਦਾ ਹੈ।