ਚੰਡੀਗੜ੍ਹ: ਵ੍ਹੱਟਸਐਪ ਨੇ ਹਾਲ ਹੀ ਵਿੱਚ ਤੇਲਗੂ ਦੇਸ਼ਮ ਪਾਰਟੀ ਦੇ ਰਾਜ ਸਭਾ ਸਾਂਸਦ ਰਮੇਸ਼ ਨੂੰ ਆਪਣੇ ਪਲੇਟਫਾਰਮ ਤੋਂ ਬੈਨ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਲੀਡਰ ਨੇ ਇਤਰਾਜ ਜਤਾਉਂਦਿਆਂ ਕਿਹਾ ਹੈ ਕਿ ਉਨ੍ਹਾਂ ਵ੍ਹੱਟਸਐਪ ਦੇ ਕਿਸੇ ਨਿਰਦੇਸ਼ ਜਾਂ ਨਿਯਮ ਨੂੰ ਨਹੀਂ ਤੋੜਿਆ ਫਿਰ ਵੀ ਉਨ੍ਹਾਂ ਨੂੰ ਬੈਨ ਕਰ ਦਿੱਤਾ ਗਿਆ ਹੈ। ਹਾਲਾਂਕਿ ਵ੍ਹੱਟਸਐਪ ਨੇ ਇਸ ਮਾਮਲੇ ’ਤੇ ਆਪਣੀ ਕੋਈ ਸਫ਼ਾਈ ਨਹੀਂ ਦਿੱਤੀ।


ਦੱਸ ਦੇਈਏ ਕਿ ਅਫ਼ਵਾਹ ਤੇ ਨਫ਼ਰਤ ਫੈਲਾਉਣ ਵਾਲੇ ਮੈਸੇਜ ਦੀ ਦੀ ਵਜ੍ਹਾ ਕਰਕੇ ਹੁਣ ਤਕ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਦੇ ਬਾਅਦ ਹੁਣ ਕੰਪਨੀ ਸਖ਼ਤ ਕਦਮ ਚੁੱਕ ਰਹੀ ਹੈ। ਕੰਪਨੀ ਅਜਿਹੇ ਲੋਕਾਂ ਨੂੰ ਬੈਨ ਕਰ ਰਹੀ ਹੈ ਜੋ ਇਸ ਤਰ੍ਹਾਂ ਦੇ ਮੈਸੇਜ ਵਾਇਰਲ ਕਰ ਰਹੇ ਹਨ। ਕੰਪਨੀ ਨੇ ਕਿਹਾ ਕਿ ਲੋੜ ਪੈਣ ਉੱਤੇ ਇਸ ਤਰ੍ਹਾਂ ਦੀ ਕਾਰਵਾਈ ਆਮ ਨਾਗਰਕਾਂ ’ਤੇ ਵੀ ਕੀਤੀ ਜਾ ਸਕਦੀ ਹੈ। ਇਸ ਲਈ ਜੇ ਇਸ ਤਰ੍ਹਾਂ ਦੀ ਕਾਰਵਾਈ ਤੋਂ ਬਚਣਾ ਹੈ ਤਾਂ ਹੇਠਾਂ ਦਿੱਤੀਆਂ ਗੱਲਾਂ ਵੱਲ ਧਿਆਨ ਦਿਓ-

  • ਜੇ ਤੁਹਾਡੇ ਖ਼ਿਲਾਫ਼ ਕਿਸੇ ਨੇ ਸ਼ਿਕਾਇਤ ਜਾਂ ਰਿਪੋਰਟ ਕੀਤੀ ਤਾਂ ਤੁਹਾਨੂੰ ਵ੍ਹੱਟਸਐਪ ਤੋਂ ਬੈਨ ਕੀਤਾ ਜਾ ਸਕਦਾ ਹੈ। ਪਰ ਇਹ ਉਦੋਂ ਹੀ ਹੋਏਗਾ ਜਦੋਂ ਤੁਸੀਂ ਵ੍ਹੱਟਸਐਪ ਦੇ ਨਿਯਮ ਦੀ ਉਲੰਘਣਾ ਕਰੋਗੇ।

  • ਦੂਜਿਆਂ ਨੂੰ ਗ਼ਲਤ, ਡਰਾਉਣ ਜਾਂ ਧਮਕੀ ਦੇਣ ਵਾਲਾ ਮੈਸੇਜ ਕਰਨ ’ਤੇ ਤੁਸੀਂ ਬੈਨ ਹੋ ਸਕਦੇ ਹੋ।

  • ਅਪਰਾਧ ਨੂੰ ਬੜਾਵਾ ਦੇਣ ਵਾਲੇ ਮੈਸੇਜ ਕਰਨ ’ਤੇ।

  • ਕਿਸੇ ਹੋਰ ਦੇ ਨਾਂ ਉੱਤੇ ਫੇਕ ਵ੍ਹੱਟਸਐਪ ਖ਼ਾਤਾ ਬਣਾਉਣ ’ਤੇ।

  • ਇੱਕੋ ਵੇਲੇ ਆਪਣੀ ਸੰਪਰਕ ਲਿਸਟ ਨੂੰ ਕਈ-ਕਈ ਮੈਸੇਜ ਕਰਨ ’ਤੇ।

  • ਵ੍ਹੱਟਸਐਪ ਦੇ ਆਪ ਕੋਡ ਵਿੱਚ ਫੇਰਬਦਲ ਕਰਨ ’ਤੇ।

  • ਵ੍ਹੱਟਸਐਪ ਦਾ ਇਸਤੇਮਾਲ ਕਰਕੇ ਕਿਸੇ ਨੂੰ ਵਾਇਰਸ ਭੇਜਣ ’ਤੇ।

  • ਕਿਸੇ ਸਰਵਰ ਦੀ ਮਦਦ ਨਾਲ ਵ੍ਹੱਟਸਐਪ ਨੂੰ ਹੈਕ ਕਰਨ ਜਾਂ ਕਿਸੇ ’ਤੇ ਨਜ਼ਰ ਰੱਖਣ ’ਤੇ।

  • ਜੇ ਤੁਹਾਨੂੰ ਕਈ ਵ੍ਹੱਟਸਐਪ ਯੂਜ਼ਰ ਇੱਕੋ ਵੇਲੇ ਬਲਾਕ ਕਰ ਦੇਣ ਜਾਂ ਤੁਹਾਨੂੰ ਰਿਪੋਰਟ ਕਰ ਦੇਣ।

  • ਵ੍ਹੱਟਸਐਪ ਪਲੱਸ ਵਰਗੀਆਂ ਥਰਡ ਪਾਰਟੀ ਐਪ ਦਾ ਇਸਤੇਮਾਲ ਕਰਨ ’ਤੇ।


ਦੱਸ ਦੇਈਏ ਕਿ ਪਿਛਲੇ ਤਿੰਨ ਮਹੀਨਿਆਂ ਵਿੱਚ ਵ੍ਹੱਟਸਐਪ ਨੇ 50 ਲੱਖ ਤੋਂ ਵੱਧ ਵ੍ਹੱਟਸਐਪ ਖ਼ਾਤਿਆਂ ਨੂੰ ਬਲਾਕ ਕੀਤਾ ਹੈ ਅਤੇ ਇਨ੍ਹਾਂ ਵਿੱਚੋਂ 75 ਫੀਸਦੀ ਖ਼ਾਤੇ ਉਨ੍ਹਾਂ ਖਿਲਾਫ ਰਿਪੋਰਟ ਦੀ ਵਜ੍ਹਾ ਕਰਕੇ ਬਲਾਕ ਕੀਤੇ ਗਏ ਹਨ।