ਜੇ ਨਾ ਕੀਤਾ ਇਹ ਕੰਮ ਤਾਂ WhatsApp ਕਰੇਗੀ ਤੁਹਾਡਾ ਖਾਤਾ ਡਿਲੀਟ
ਵ੍ਹੱਟਸਐਪ ਨੇ ਇਸੇ ਸਾਲ ਜਨਵਰੀ ਵਿੱਚ ਆਪਣੀ ਨਿਜਤਾ ਨੀਤੀ ਵਿੱਚ ਤਬਦੀਲੀ ਕੀਤੀ ਸੀ। ਨਵੀਂ ਨੀਤੀ ਆਉਣ ਨਾਲ ਵਿਵਾਦ ਖੜ੍ਹਾ ਹੋ ਗਿਆ ਸੀ। ਇਸ ਲਈ ਕੰਪਨੀ ਨੇ ਆਪਣੀ ਨਵੀਂ ਨਿਜਤਾ ਨੀਤੀ ਨੂੰ ਲਾਗੂ ਕਰਨ ਲਈ ਪਹਿਲਾਂ ਫਰਵਰੀ ਅਤੇ ਫਿਰ ਮਈ ਤੱਕ ਟਾਲ ਦਿੱਤਾ ਸੀ।
ਨਵੀਂ ਦਿੱਲੀ: ਮੈਸੇਜਿੰਗ ਐਪਲੀਕੇਸ਼ਨ ਵ੍ਹੱਟਸਐਪ ਨੇ ਸਾਫ ਕਰ ਦਿੱਤਾ ਹੈ ਕਿ ਜੋ ਉਨ੍ਹਾਂ ਦੀ ਨਿਜਤਾ ਨੀਤੀ ਨੂੰ ਸਵੀਕਾਰ ਨਹੀਂ ਕਰੇਗਾ, ਉਹ ਐਪ ਦੀ ਵਰਤੋਂ ਨਹੀਂ ਕਰ ਸਕੇਗਾ। ਯਾਨੀ ਕਿ ਉਸ ਦਾ ਖਾਤਾ ਡਿਲੀਟ ਕਰ ਦਿੱਤਾ ਜਾਵੇਗਾ। ਕੰਪਨੀ ਨੇ ਨਿਜਤਾ ਨੀਤੀ ਯਾਨੀ ਕਿ ਪ੍ਰਾਈਵੇਸੀ ਪਾਲਿਸੀ ਨੂੰ ਸਵੀਕਾਰ ਕਰਨ ਲਈ ਤੈਅ ਕੀਤੇ ਆਖ਼ਰੀ ਦਿਨ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਹੈ।
ਜੋ ਪ੍ਰਾਈਵੇਸੀ ਪਾਲਿਸੀ ਨਹੀਂ ਮੰਨੇਗਾ ਉਸ ਦੀ ਖਾਤਾ ਹੋਵੇਗੀ ਡਿਲੀਟ
ਕੰਪਨੀ ਨੇ ਕਿਹਾ ਹੈ ਕਿ ਉਹ ਆਪਣੇ ਯੂਜ਼ਰਜ਼ ਨੂੰ 15 ਮਈ ਤੋਂ ਵੱਧ ਦੀ ਮੋਹਲਤ ਨਹੀਂ ਦੇ ਸਕਦੇ ਅਤੇ ਇਸ ਤੋਂ ਬਾਅਦ ਉਹ ਖਾਤੇ ਡਿਲੀਟ ਕਰਨੇ ਸ਼ੁਰੂ ਕਰ ਦੇਣਗੇ। ਹਾਈਕੋਰਟ ਵਿੱਚ ਕੰਪਨੀ ਦੀ ਪੈਰਵੀ ਕਰ ਰਹੇ ਵਕੀਲ ਕਪਿਲ ਸਿੱਬਲ ਨੇ ਕਿਹਾ ਹੈ ਕਿ ਯੂਜ਼ਰਜ਼ ਨੂੰ ਪ੍ਰਾਈਵੇਸੀ ਪਾਲਿਸੀ ਸਵੀਕਾਰ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜੋ ਲੋਕ ਨਿਜਤਾ ਨੀਤੀ ਨਾਲ ਸਹਿਮਤ ਨਹੀਂ ਹੋਣਗੇ, ਉਨ੍ਹਾਂ ਨੂੰ ਐਪ ਤੋਂ ਹਟਾ ਦਿੱਤਾ ਜਾਵੇਗਾ ਅਤੇ ਇਸ ਨੀਤੀ ਨੂੰ ਮੁਲਤਵੀ ਕਰਨ ਦਾ ਕੋਈ ਵਿਚਾਰ ਨਹੀਂ ਹੈ।
ਜਨਵਰੀ ਵਿੱਚ ਆਈ ਸੀ ਨਵੀਂ ਪਾਲਿਸੀ
ਵ੍ਹੱਟਸਐਪ ਨੇ ਇਸੇ ਸਾਲ ਜਨਵਰੀ ਵਿੱਚ ਆਪਣੀ ਨਿਜਤਾ ਨੀਤੀ ਵਿੱਚ ਤਬਦੀਲੀ ਕੀਤੀ ਸੀ। ਨਵੀਂ ਨੀਤੀ ਆਉਣ ਨਾਲ ਵਿਵਾਦ ਖੜ੍ਹਾ ਹੋ ਗਿਆ ਸੀ। ਇਸ ਲਈ ਕੰਪਨੀ ਨੇ ਆਪਣੀ ਨਵੀਂ ਨਿਜਤਾ ਨੀਤੀ ਨੂੰ ਲਾਗੂ ਕਰਨ ਲਈ ਪਹਿਲਾਂ ਫਰਵਰੀ ਅਤੇ ਫਿਰ ਮਈ ਤੱਕ ਟਾਲ ਦਿੱਤਾ ਸੀ। ਹੁਣ ਕੰਪਨੀ 15 ਮਈ ਵਾਲੀ ਡੈਡਲਾਈਨ ਨੂੰ ਅੱਗੇ ਨਹੀਂ ਪਾਉਣਾ ਚਾਹੁੰਦੀ ਸਗੋਂ ਜੋ ਲੋਕ ਇਸ ਨਾਲ ਸਹਿਮਤ ਨਹੀਂ ਹਨ ਉਨ੍ਹਾਂ ਦਾ ਅਕਾਊਂਟ ਹੀ ਡਿਲੀਟ ਕਰ ਦਿੱਤਾ ਜਾਵੇਗਾ।
ਕੀ ਹੈ ਨਵੀਂ ਪਾਲਿਸੀ ਵਿੱਚ
ਕੰਪਨੀ ਦੀ ਨਵੀਂ ਨਿਜਤਾ ਨੀਤੀ ਮੁਤਾਬਕ ਵ੍ਹੱਟਸਐਪ ਨੂੰ ਹੱਕ ਹੋਵੇਗਾ ਕਿ ਉਹ ਯੂਜ਼ਰਜ਼ ਇੰਟਰੈਕਸ਼ਨ ਸਬੰਧੀ ਡੇਟਾ ਆਪਣੀ ਪੇਰੈਂਟ ਕੰਪਨੀ ਫੇਸਬੁੱਕ ਨਾਲ ਸਾਂਝਾ ਕਰ ਸਕੇ। ਇਸੇ ਬਾਰੇ ਕੰਪਨੀ ਯੂਜ਼ਰਜ਼ ਨੂੰ ਆਪਣੀ ਨਵੀਂ ਪ੍ਰਈਵੇਸੀ ਪਾਲਿਸੀ ਨੂੰ ਸਵੀਕਾਰ ਕਰਨ ਲਈ ਨੋਟੀਫਿਕੇਸ਼ਨ ਭੇਜ ਰਹੀ ਹੈ, ਜਿਸ ਨੂੰ ਪ੍ਰਵਾਨ ਕਰਨ 'ਤੇ ਹੀ ਤੁਹਾਡਾ ਵ੍ਹੱਟਸਐਪ ਅੱਗੇ ਜਾਰੀ ਰਹੇਗਾ।
ਹਾਈਕੋਰਟ ਵਿੱਚ ਜਾਰੀ ਹੈ ਸੁਣਵਾਈ
ਇਸ ਮਾਮਲੇ ਦੀ ਸੁਣਵਾਈ ਹਾਈਕੋਰਟ ਵਿੱਚ ਚੱਲ ਰਹੀ ਹੈ, ਜੋ ਫਿਲਹਾਲ ਤਿੰਨ ਜੂਨ ਤੱਕ ਟਾਲ ਦਿੱਤੀ ਗਈ ਹੈ। ਵਧੀਕ ਸਾਲਿਸਟਰ ਜਨਰਲ ਚੇਤਨ ਸ਼ਰਮਾ ਅਤੇ ਪਟੀਸ਼ਨਕਰਤਾਵਾਂ ਨੇ ਅਦਾਲਤ ਤੋਂ ਮੌਜੂਦਾ ਹਾਲਾਤ ਬਰਕਰਾਰ ਰੱਖਣ ਦੀ ਮੰਗ ਕੀਤੀ ਹੈ। ਇਸ ਉਪਰੰਤ ਅਦਾਲਤ ਨੇ ਸੁਣਵਾਈ ਟਾਲ ਦਿੱਤੀ। ਹਾਲਾਂਕਿ ਕੰਪਨੀ ਨੇ ਪਾਲਿਸੀ 'ਤੇ ਰੋਕ ਲਾਉਣ ਦਾ ਵਿਰੋਧ ਕੀਤਾ।