WhatsApp ਹੁਣ ਤੁਹਾਨੂੰ ਫੇਸਬੁੱਕ ਵਾਂਗ ਆਪਣਾ ਅਵਤਾਰ ਵਰਤੋਂ ਕਰਨ ਦੀ ਦੇਵੇਗਾ ਇਜਾਜ਼ਤ, ਜਾਣੋ ਇਸ ਨੂੰ ਕ੍ਰਿਏਟ ਕਰਨ ਦਾ ਤਰੀਕਾ
ਡਿਜ਼ੀਟਲ ਅਵਤਾਰ ਐਪ ਦਾ ਇੱਕ ਡਿਜ਼ੀਟਲ ਵਰਜ਼ਨ ਹੁੰਦਾ ਹੈ, ਜਿਸ ਨੂੰ ਵੱਖ-ਵੱਖ ਹੇਅਰ ਸਟਾਈਲ, ਚਿਹਰੇ ਦੀਆਂ ਵਿਸ਼ੇਸ਼ਤਾਵਾਂ ਅਤੇ ਕੱਪੜਿਆਂ ਨਾਲ ਬਣਾਇਆ ਜਾ ਸਕਦਾ ਹੈ।
WhatsApp Personalized Avatar: ਮੇਟਾ ਦੇ ਸੰਸਥਾਪਕ ਅਤੇ ਸੀਈਓ ਮਾਰਕ ਜ਼ੁਕਰਬਰਗ ਨੇ ਘੋਸ਼ਣਾ ਕੀਤੀ ਹੈ ਕਿ ਕੰਪਨੀ ਵੱਟਸਐਪ 'ਤੇ ਇੱਕ ਡਿਜ਼ੀਟਲ ਅਵਤਾਰ ਲੈ ਕੇ ਆ ਰਹੀ ਹੈ। ਵਟਸਐਪ 'ਤੇ ਲੋਕ ਹੁਣ ਆਪਣੇ ਵਿਅਕਤੀਗਤ ਅਵਤਾਰਾਂ ਨੂੰ ਪ੍ਰੋਫਾਈਲ ਤਸਵੀਰਾਂ ਜਾਂ ਸਟਿੱਕਰਾਂ ਵਜੋਂ ਵਰਤੋਂ ਕਰ ਸਕਦੇ ਹਨ। ਲੋਕ 36 ਕਸਟਮ ਸਟਿੱਕਰਾਂ ਵਿੱਚੋਂ ਚੁਣਨ ਦੇ ਯੋਗ ਹੋਣਗੇ, ਜੋ ਬਹੁਤ ਸਾਰੀਆਂ ਵੱਖ-ਵੱਖ ਭਾਵਨਾਵਾਂ ਅਤੇ ਕਿਰਿਆਵਾਂ ਨੂੰ ਦਰਸਾਉਂਦੇ ਹਨ। ਜ਼ੁਕਰਬਰਗ ਨੇ ਕਿਹਾ, "ਅਸੀਂ ਵਟਸਐਪ 'ਤੇ ਅਵਤਾਰ ਲਿਆ ਰਹੇ ਹਾਂ! ਹੁਣ ਤੁਸੀਂ ਚੈਟ 'ਚ ਆਪਣੇ ਅਵਤਾਰ ਨੂੰ ਸਟਿੱਕਰ ਦੇ ਤੌਰ 'ਤੇ ਵਰਤ ਸਕਦੇ ਹੋ। ਹੋਰ ਸਟਾਈਲ ਸਾਡੀਆਂ ਸਾਰੀਆਂ ਐਪਾਂ 'ਤੇ ਬਹੁਤ ਜਲਦੀ ਆ ਰਹੇ ਹਨ।"
Whatsapp ਨੂੰ ਮਿਲਿਆ ਡਿਜ਼ੀਟਲ ਅਵਤਾਰ
ਡਿਜ਼ੀਟਲ ਅਵਤਾਰ ਐਪ ਦਾ ਇੱਕ ਡਿਜ਼ੀਟਲ ਵਰਜ਼ਨ ਹੁੰਦਾ ਹੈ, ਜਿਸ ਨੂੰ ਵੱਖ-ਵੱਖ ਹੇਅਰ ਸਟਾਈਲ, ਚਿਹਰੇ ਦੀਆਂ ਵਿਸ਼ੇਸ਼ਤਾਵਾਂ ਅਤੇ ਕੱਪੜਿਆਂ ਨਾਲ ਬਣਾਇਆ ਜਾ ਸਕਦਾ ਹੈ। WhatsApp ਨੇ ਕਿਹਾ, "ਅਵਤਾਰ ਦੋਸਤਾਂ ਅਤੇ ਪਰਿਵਾਰ ਨਾਲ ਭਾਵਨਾਵਾਂ ਨੂੰ ਸਾਂਝਾ ਕਰਨ ਦਾ ਇੱਕ ਤੇਜ਼ ਅਤੇ ਮਜ਼ੇਦਾਰ ਤਰੀਕਾ ਹੈ।" ਇਸ ਨਾਲ ਤੁਸੀਂ ਆਪਣੀ ਅਸਲੀ ਫੋਟੋ ਦੀ ਵਰਤੋਂ ਕੀਤੇ ਬਗੈਰ ਆਪਣੇ ਆਪ ਨੂੰ ਪੇਸ਼ ਕਰ ਸਕਦੇ ਹੋ। ਅਜਿਹੀ ਸਥਿਤੀ 'ਚ ਤੁਹਾਡੀ ਨਿੱਜਤਾ ਵੀ ਬਣੀ ਰਹਿੰਦੀ ਹੈ।
ਅਵਤਾਰ ਫੀਚਰ 'ਚ ਹੁੰਦੇ ਰਹਿਣਗੇ ਸੁਧਾਰ
ਕੰਪਨੀ ਨੇ ਕਿਹਾ ਹੈ ਕਿ ਉਹ ਲਾਈਟਿੰਗ, ਸ਼ੇਡਿੰਗ, ਹੇਅਰਸਟਾਈਲ ਟੈਕਸਟ ਦੇ ਨਾਲ ਸਟਾਈਲ ਨੂੰ ਸੁਧਾਰਦੀ ਰਹੇਗੀ। ਇਸ ਨਾਲ ਅਵਤਾਰ ਸਮੇਂ ਦੇ ਨਾਲ ਬਿਹਤਰ ਹੋ ਜਾਣਗੇ। ਮਾਰਕ ਜ਼ੁਕਰਬਰਗ ਇਸ ਨੂੰ ਜਲਦੀ ਤੋਂ ਜਲਦੀ ਹਰ ਕਿਸੇ ਲਈ ਪਹੁੰਚਯੋਗ ਬਣਾਉਣ ਲਈ ਐਕਸਾਈਟਿਡ ਹਨ। ਇਸ ਤੋਂ ਇਲਾਵਾ ਮੈਟਾ ਨੇ ਆਪਣੇ ਵਰਚੁਅਲ ਅਵਤਾਰਾਂ 'ਚ ਪੈਰ ਜੋੜਨ ਦਾ ਵੀ ਐਲਾਨ ਕੀਤਾ ਹੈ।
ਵਟਸਐਪ 'ਤੇ ਆਪਣਾ ਡਿਜ਼ੀਟਲ ਅਵਤਾਰ ਕਿਵੇਂ ਬਣਾਈਏ?
ਵਟਸਐਪ 'ਤੇ ਤੁਸੀਂ ਸਟਿੱਕਰ ਸੈਕਸ਼ਨ 'ਤੇ ਜਾ ਕੇ ਆਪਣਾ ਡਿਜ਼ੀਟਲ ਅਵਤਾਰ ਬਣਾ ਸਕਦੇ ਹੋ। ਆਈਓਐਸ ਯੂਜਰ ਆਪਣੇ ਚੈਟ ਬਾਕਸ 'ਚ ਕੀਬੋਰਡ ਖੋਲ੍ਹ ਸਕਦੇ ਹਨ ਅਤੇ ਫਿਰ ਸਟਿੱਕਰ ਸੈਕਸ਼ਨ 'ਚ ਜਾ ਸਕਦੇ ਹਨ। ਇਸੇ ਤਰ੍ਹਾਂ ਐਂਡਰਾਇਡ ਯੂਜਰ ਚੈਟਬਾਕਸ 'ਚ ਇਮੋਜੀ ਸਿੰਬਲ 'ਤੇ ਟੈਪ ਕਰ ਸਕਦੇ ਹਨ ਅਤੇ GIF ਸਰਚ ਕੀਬੋਰਡ ਦੇ ਅੱਗੇ ਸਟਿੱਕਰ ਆਪਸ਼ਨ 'ਤੇ ਟੈਪ ਕਰ ਸਕਦੇ ਹਨ। ਇਸ ਅਵਤਾਰ ਫੀਚਰ ਨੂੰ ਹੁਣ ਸਾਰੇ ਯੂਜ਼ਰਸ ਲਈ ਰੋਲਆਊਟ ਕੀਤਾ ਜਾ ਰਿਹਾ ਹੈ। ਜੇਕਰ ਤੁਹਾਨੂੰ ਅਜੇ ਤੱਕ ਇਹ ਫੀਚਰ ਨਹੀਂ ਮਿਲਿਆ ਹੈ ਤਾਂ ਐਪ ਨੂੰ ਅਪਡੇਟ ਕਰੋ।