ਕੀ ਸੱਚੀ 16 ਜਨਵਰੀ ਨੂੰ ਪੂਰੀ ਦੁਨੀਆ ਦਾ ਇੰਟਰਨੈੱਟ ਹੋ ਜਾਵੇਗਾ ਬੰਦ? ਜਾਣੋ ਵਾਇਰਲ ਦਾਅਵੇ ਦੀ ਸੱਚਾਈ
ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ 16 ਜਨਵਰੀ ਨੂੰ ਦੁਨੀਆ ਭਰ ਵਿੱਚ ਇੰਟਰਨੈੱਟ ਬੰਦ ਕਰ ਦਿੱਤਾ ਜਾਵੇਗਾ। ਇਸ ਦੇ ਪਿੱਛੇ ਇੱਕ ਕਾਰਟੂਨ ਦੀ ਭਵਿੱਖਬਾਣੀ ਨੂੰ ਆਧਾਰ ਬਣਾਇਆ ਜਾ ਰਿਹਾ ਹੈ। ਆਓ ਜਾਣਦੇ ਹਾਂ ਆਖਿਰ ਕੀ ਹੈ ਸੱਚਾਈ।
Internet Shutdown On 16 January: ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕੁਝ ਵੀਡੀਓ ਵਾਇਰਲ ਹੋ ਰਹੀਆਂ ਹਨ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ 16 ਜਨਵਰੀ ਨੂੰ ਇੰਟਰਨੈੱਟ ਬੰਦ ਹੋ ਜਾਵੇਗਾ। ਇੰਸਟਾਗ੍ਰਾਮ ਤੋਂ ਲੈ ਕੇ ਵਟਸਐਪ ਤੱਕ ਲੋਕ ਇਸ ਦਾਅਵੇ ਨੂੰ ਵਾਇਰਲ ਕਰ ਰਹੇ ਹਨ। ਜਿਵੇਂ ਕਿ ਕੱਲ੍ਹ ਨੂੰ 16 ਜਨਵਰੀ ਹੈ, ਬਹੁਤ ਸਾਰੇ ਲੋਕ ਇਸ ਦਾਅਵੇ 'ਤੇ ਭਰੋਸਾ ਕਰ ਰਹੇ ਹਨ ਅਤੇ ਇਹ ਮੰਨ ਰਹੇ ਹਨ ਕਿ ਇੰਟਰਨੈੱਟ ਬੰਦ ਹੋਣ ਵਾਲਾ ਹੈ। ਆਓ ਜਾਣਦੇ ਹਾਂ ਕਿ ਇਹ ਦਾਅਵਾ ਕਿਵੇਂ ਸ਼ੁਰੂ ਹੋਇਆ ਅਤੇ ਕੀ ਇਹ ਦਾਅਵਾ ਸੱਚ ਹੈ ਜਾਂ ਸੋਸ਼ਲ ਮੀਡੀਆ 'ਤੇ ਫੈਲ ਰਹੀ ਇੱਕ ਹੋਰ ਅਫਵਾਹ ਹੈ।
ਦਾਅਵੇ ਵਿੱਚ ਕਹੀ ਜਾ ਰਹੀਆਂ ਆਹ ਗੱਲਾਂ
ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਜਾ ਰਹੀਆਂ ਵੀਡੀਓਜ਼ ਵਿੱਚ ਕਿਹਾ ਗਿਆ ਹੈ ਕਿ 'ਦਿ ਸਿੰਪਸਨਜ਼' ਕਾਰਟੂਨ ਨੇ 16 ਜਨਵਰੀ, 2025 ਨੂੰ ਦੁਨੀਆ ਭਰ ਵਿੱਚ ਇੰਟਰਨੈੱਟ ਬੰਦ ਹੋਣ ਦੀ ਭਵਿੱਖਬਾਣੀ ਕੀਤੀ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਕਾਰਟੂਨ ਵਿੱਚ ਕੀਤੀਆਂ ਗਈਆਂ ਕੋਈ ਵੀ ਭਵਿੱਖਬਾਣੀਆਂ ਗਲਤ ਨਹੀਂ ਹਨ। ਇਸ ਵੀਡੀਓ ਵਿੱਚ ਇੱਕ ਸ਼ਾਰਕ ਸਮੁੰਦਰ ਦੇ ਹੇਠਾਂ ਚੱਲ ਰਹੇ ਇੰਟਰਨੈੱਟ ਕੇਬਲਾਂ ਨੂੰ ਕੱਟਦੀ ਦਿੰਦੀ ਹੈ, ਜਿਸ ਕਰਕੇ ਪੂਰੀ ਦੁਨੀਆ ਵਿੱਚ ਇੰਟਰਨੈੱਟ ਕੰਮ ਕਰਨਾ ਬੰਦ ਕਰ ਦਿੰਦਾ ਹੈ। ਵੀਡੀਓ ਵਿੱਚ ਅੱਗੇ ਇਸ ਘਟਨਾ ਨੂੰ ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਹੁੰ ਚੁੱਕ ਸਮਾਗਮ ਨਾਲ ਵੀ ਜੋੜਿਆ ਜਾ ਰਿਹਾ ਹੈ।
ਕੀ 16 ਜਨਵਰੀ ਨੂੰ ਇੰਟਰਨੈੱਟ ਸੱਚਮੁੱਚ ਬੰਦ ਹੋ ਜਾਵੇਗਾ?
ਮਾਹਿਰਾਂ ਅਤੇ ਫੈਕਟ ਚੈਕਰਸ ਦਾ ਕਹਿਣਾ ਹੈ ਕਿ ਇਹ ਦਾਅਵਾ ਪੂਰੀ ਤਰ੍ਹਾਂ ਝੂਠ ਹੈ। 'ਦਿ ਸਿੰਪਸਨਜ਼' ਨੇ ਅਜਿਹੀ ਕੋਈ ਭਵਿੱਖਬਾਣੀ ਨਹੀਂ ਕੀਤੀ ਹੈ। ਜਿਸ ਵੀਡੀਓ ਨੂੰ ਇਸ ਦਾ ਆਧਾਰ ਬਣਾਇਆ ਜਾ ਰਿਹਾ ਹੈ, ਉਸਨੂੰ ਐਡਿਟ ਕੀਤਾ ਗਿਆ ਹੈ। ਇਸ ਕਰਕੇ ਇਸ ਦਾਅਵੇ ਵਿੱਚ ਕੋਈ ਸੱਚਾਈ ਨਹੀਂ ਹੈ ਕਿ 16 ਜਨਵਰੀ ਨੂੰ ਇੰਟਰਨੈੱਟ ਬੰਦ ਹੋ ਜਾਵੇਗਾ। ਦੂਜੇ ਪਾਸੇ, ਟਰੰਪ ਦਾ ਸਹੁੰ ਚੁੱਕ ਸਮਾਗਮ ਵੀ 16 ਜਨਵਰੀ ਨੂੰ ਨਹੀਂ ਸਗੋਂ 20 ਜਨਵਰੀ ਨੂੰ ਹੈ। ਇਸ ਲਈ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਅਜਿਹੇ ਬੇਬੁਨਿਆਦ ਦਾਅਵਿਆਂ ਤੋਂ ਸਾਵਧਾਨ ਰਹੋ। ਅਜਿਹੇ ਵਾਇਰਲ ਦਾਅਵਿਆਂ ਨੂੰ ਅੱਗੇ ਸਾਂਝਾ ਨਾ ਕਰੋ ਅਤੇ ਅਜਿਹੇ ਵੀਡੀਓਜ਼ ਦੀ ਪੁਸ਼ਟੀ ਕੀਤੇ ਬਿਨਾਂ ਉਨ੍ਹਾਂ 'ਤੇ ਭਰੋਸਾ ਨਾ ਕਰੋ।