ਭਾਰਤ ਵਿੱਚ ਹਾਲੇ ਤਕ ਕਿਸੇ ਕੰਪਨੀ ਨੇ ਵੀ ਆਪਣੀ ਟ੍ਰਾਈਕ ਲਾਂਚ ਨਹੀਂ ਕੀਤੀ ਪਰ ਉਮੀਦ ਕੀਤੀ ਜਾ ਸਕਦੀ ਹੈ ਕਿ ਭਾਰਤ ਵਿੱਚ ਇਸ ਦੇ ਸ਼ੌਕੀਨਾਂ ਨੂੰ ਵੇਖਦਿਆਂ ਕੰਪਨੀਆਂ ਜਲਦ ਇਸ ਦੇ ਮਾਡਲ ਲਾਂਚ ਕਰ ਸਕਦੀਆਂ ਹਨ। ਕਈ ਕੰਪਨੀਆਂ ਤਿੰਨ ਪਹੀਆਂ ਵਾਲੇ ਮੋਟਰਸਾਈਕਲ ਵੇਚ ਰਹੀਆਂ ਹਨ ਤੇ ਦੁਨੀਆ ਭਰ ਵਿੱਚ ਇਨ੍ਹਾਂ ਨੂੰ ਪਸੰਦ ਵੀ ਕੀਤਾ ਜਾ ਰਿਹਾ ਹੈ। ਅੱਜ ਤੁਹਾਨੂੰ ਦੁਨੀਆ ਭਰ ਦੇ ਸਭ ਤੋਂ ਪਾਵਰਫੁਲ ਟ੍ਰਾਈਕ ਮੋਟਰਸਾਈਕਲਾਂ ਬਾਰੇ ਦੱਸਾਂਗੇ।

ਕੈਨ-ਏਐਮ ਰਾਇਕਰ

2007 ਵਿੱਚ ਕੈਨ-ਏਐਮ ਬ੍ਰਾਂਡ ਦੇ ਤਹਿਤ 'ਸਪਾਈਡਰ' ਟ੍ਰਾਈਕ ਲਾਂਚ ਕੀਤੀ ਗਈ ਸੀ। ਇਸ ਵਿੱਚ ਦੋ ਵ੍ਹੀਲ ਲੱਗੇ ਸੀ ਤੇ ਇੱਕ ਪਿੱਛੇ ਸੀ ਪਰ ਇਸ ਦੀ ਰਾਈਡਿੰਗ ਪੁਜ਼ੀਸ਼ਨ ਰਵਾਇਤੀ ਮੋਟਰਸਾਈਕਲ ਵਰਗੀ ਸੀ। ਟ੍ਰੰਕ ਵਿੱਚ ਸਾਮਾਨ ਰੱਖਣ ਦੀ ਕਾਫੀ ਥਾਂ ਸੀ। ਯੂਐਸ ਵਿੱਚ ਸਪਾਈਡਰ ਨੂੰ ਖੂਬ ਪਸੰਦ ਕੀਤਾ ਗਿਆ। ਪਿਛਲੇ ਸਾਲ ਕੰਪਨੀ ਨੇ ਛੋਟੀ ਸਪਾਈਡਰ ਕੱਢੀ ਸੀ ਜਿਸ ਦਾ ਨਾਂ 'ਰਾਇਕਰ' ਰੱਖਿਆ ਗਿਆ ਸੀ। ਇਹ 600 ਤੇ 900 CC ਇੰਜਣ ਦੇ ਵਿਕਲਪਾਂ ਵਿੱਚ ਉਪਲੱਬਧ ਹੈ। ਇਸ ਦੀ ਕੀਮਤ ਲਗਪਗ 9 ਲੱਖ ਰੁਪਏ ਹੈ। ਇਸ ਨੂੰ ਚਲਾਉਣ ਲਈ ਕਾਰ ਦਾ ਲਾਇਸੈਂਸ ਮਿਲਦਾ ਹੈ।



ਪਿਆਜੀਓ ਐਮਪੀ3

ਪਿਆਜੀਓ ਨੇ 'ਐਮਪੀ3' ਨੂੰ ਸਭ ਤੋਂ ਪਹਿਲਾਂ 2006 ਵਿੱਚ ਉਤਾਰਿਆ ਸੀ। ਸੁਰੱਖਿਆ ਦੇ ਲਿਹਾਜ਼ ਨਾਲ ਸਕੂਟਰ ਅੱਗੇ ਹੋ ਪਹੀਏ ਲਾਏ ਗਏ ਸੀ। ਇਹ ਆਮ ਦੁਪਹੀਆ ਤੋਂ ਕਾਫੀ ਭਾਰੀ ਹੈ। ਫਰੰਟ ਸਸਪੈਂਸ਼ਨ ਨਾਲ ਰਾਈਡ ਆਰਾਮਦਾਇਕ ਹੋ ਜਾਂਦੀ ਹੈ। ਕੰਪਨੀ ਨੇ ਇਸ ਵਰਗੇ ਦੋ ਹੋਰ ਮਾਡਿਊਲ 'ਮੈਟਰੋਪੋਲਿਸ' ਤੇ 'ਸਪੋਰਟਿਅਰ' ਵੀ ਕੱਢੇ ਹਨ।



ਯਾਮਾਹਾ ਟ੍ਰਾਈਸਿਟੀ

'ਐਮਪੀ3' ਦੀ ਸਫਲਤਾ ਨੇ ਹੀ 2014 ਵਿੱਚ ਯਾਮਾਹਾ ਨੂੰ 'ਟ੍ਰਾਈਸਿਟੀ 125' ਲਿਆਉਣ ਲਈ ਪ੍ਰੇਰਿਤ ਕੀਤਾ। ਟ੍ਰਾਈਸਿਟੀ ਦੀ ਖੂਬਸੂਰਤੀ ਇਸ ਦੀ ਸਾਦਗੀ ਹੈ ਪਰ ਅੰਦਾਜ਼ ਕਾਰ ਵਾਲਾ ਘੱਟ ਤੇ ਬਾਈਕ ਵਾਲਾ ਜ਼ਿਆਦਾ ਹੈ। ਇਸੇ ਵਜ੍ਹਾ ਕਰਕੇ ਇਹ 'ਐਮਪੀ3' ਦੇ ਮੁਕਾਬਲੇ ਕਾਫੀ ਹਲਕੀ ਰਹੀ।



ਹਾਰਲੇ ਡੇਵਿਡਸਨ ਟ੍ਰਾਈ-ਗਲਾਈਡ ਅਲਟਰਾ

ਲਗਪਗ ਦਸ ਸਾਲ ਪਹਿਲਾਂ ਕੰਪਨੀ ਨੇ 'ਟ੍ਰਾਈ-ਗਲਾਈਡ ਅਲਟਰਾ' ਨੂੰ ਪੇਸ਼ ਕੀਤਾ ਸੀ। ਹਾਰਲੇ ਨੇ ਇਸ ਦੇ ਪਿੱਛੇ ਦੋ ਵ੍ਹੀਲ ਦਿੱਤੇ ਸੀ। ਇਸ ਕਰਕੇ ਇਹ ਛੋਟੀ ਕਾਰ ਵਰਗੀ ਹੋ ਗਈ। ਯੂਰੋਪ ਵਿੱਚ ਇਸ ਨੂੰ ਕਾਰ ਲਾਇਸੈਂਸ 'ਤੇ ਚਲਾਉਣ ਦੀ ਮਨਜ਼ੂਰੀ ਦਿੱਤੀ ਗਈ। ਕਈ ਮਾਮਲਿਆਂ ਵਿੱਚ ਇਸ ਨੂੰ ਹੈਲਮੇਟ ਪਾਉਣ ਦੀ ਜ਼ਰੂਰਤ ਤੋਂ ਵੀ ਮੁਕਤ ਕਰ ਦਿੱਤਾ ਗਿਆ।



ਯਾਮਾਹਾ 'ਨਿਕੇਨ'

ਜਦੋਂ ਕੁਝ ਸਾਲ ਪਹਿਲਾਂ ਯਾਮਾਹਾ ਨੇ ਨਿਕੇਨ ਲਾਂਚ ਕੀਤੀ ਤਾਂ ਲੋਕਾਂ ਨੇ ਇਸ ਨੂੰ ਬੜੀ ਉਤਸੁਕਤਾ ਨਾਲ ਵੇਖਿਆ। ਫਰੰਟ ਵ੍ਹੀਲ ਬੇਹੱਦ ਖੂਬਸੂਰਤੀ ਨਾਲ ਲਾਏ ਗਏ ਸੀ। ਅੱਗੇ ਤੋਂ ਇਸ ਨੂੰ ਪਤਲਾ ਰੱਖਿਆ ਗਿਆ ਸੀ। ਅੱਗੇ ਦੋ 15 ਇੰਚ ਦੇ ਵ੍ਹੀਲ ਸੜਕ 'ਤੇ ਇੰਨੀ ਮਜ਼ਬੂਤ ਪਕੜ ਦਿੰਦੇ ਹਨ ਕਿ ਕਰੈਸ਼ ਹੋਣਾ ਨਾਮੁਮਕਿਨ ਹੈ।