'ਰੋਮ ਸੜ੍ਹ ਰਿਹਾ,ਨੀਰੂ ਬੰਸਰੀ ਬਜਾ ਰਿਹਾ',CM ਮਾਨ ਦਾ ਇਹ ਹਾਲ - ਚੰਦੂਮਾਜਰਾ
'ਰੋਮ ਸੜ੍ਹ ਰਿਹਾ,ਨੀਰੂ ਬੰਸਰੀ ਬਜਾ ਰਿਹਾ'
CM ਮਾਨ ਦਾ ਇਹ ਹਾਲ - ਚੰਦੂਮਾਜਰਾ
Punjab News: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅੱਜ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੁੱਜੇ। ਇੱਥੇ ਪੱਤਰਕਾਰਾਂ ਨਾਲ ਗੱਲ਼ਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਆਜ਼ਾਦ ਭਾਰਤ ਵਿੱਚ ਸਿੱਖਾਂ ਨਾਲ ਹਮੇਸ਼ਾ ਵਿਤਕਰਾ ਹੁੰਦਾ ਆਇਆ ਹੈ। ਉਨ੍ਹਾਂ ਨੂੰ ਆਪਣੇ ਹੀ ਮੁਲਕ ਵਿੱਚ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾਂਦਾ ਰਿਹਾ ਹੈl
ਉਨ੍ਹਾਂ ਕਿਹਾ ਕਿ ਜਦੋਂ ਸੂਬਿਆਂ ਦੀ ਵੰਡ ਭਾਸ਼ਾ ਦੇ ਆਧਾਰ ਤੇ ਹੋਈ ਸੀ ਤਾਂ ਕੇਵਲ ਪੰਜਾਬ ਦੀ ਹੀ ਵੰਡ ਭਾਸ਼ਾ ਦੇ ਆਧਾਰ ਤੇ ਕਿਉਂ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਪਾਣੀਆਂ ਦੀ ਵੰਡ ਵੀ ਰਿਪੇਰੀਅਨ ਲਾਅ ਦੇ ਵਿਰੋਧ ਵਿੱਚ ਕੀਤੀ ਜੋ ਪੰਜਾਬੀਆਂ ਨਾਲ ਸਰਾਸਰ ਵੱਡਾ ਧੱਕਾ ਹੈ। ਉਨ੍ਹਾਂ ਕਿਹਾ ਕਿ ਹੁਣ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਕੇ ਸਿੱਖਾਂ ਨੂੰ ਅਕਾਲ ਤਖ਼ਤ ਸਾਹਿਬ ਤੋਂ ਤੋੜਨ ਦੀ ਇੱਕ ਚਾਲ ਹੈ।
ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਅਜਿਹੀਆਂ ਕੋਝੀਆਂ ਚਾਲਾਂ ਸਮੇਂ ਸਮੇਂ ਸਿਰ ਚਲੀਆਂ ਗਈਆਂ ਤੇ ਹੁਣ ਵੀ ਸਿੱਖਾਂ ਨੂੰ ਆਪਸ ਵਿੱਚ ਲੜਾਉਣ ਲਈ ਸਿੱਖਾਂ ਵਿੱਚ ਪਾੜ ਪਾਉਣ ਲਈ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਸਲਾ ਚੁੱਕਿਆ ਗਿਆ ਹੈl ਉਨ੍ਹਾਂ ਕਿਹਾ ਇਸੇ ਕਰਕੇ ਸੱਤ ਅਕਤੂਬਰ ਨੂੰ ਵੱਖੋ ਵੱਖਰੀਆਂ ਥਾਵਾਂ ਤੋਂ ਖ਼ਾਲਸਾਈ ਮਾਰਚ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਕੱਢੇ ਜਾ ਰਹੇ ਹਨ।
ਸੰਸਦ ਮੈਂਬਰ ਰਵਨੀਤ ਬਿੱਟੂ ਵੱਲੋਂ ਬੰਦੀ ਸਿੰਘਾਂ ਦੇ ਮੁੱਦੇ ਤੇ ਅਕਾਲੀ ਦਲ ਉੱਤੇ ਲਾਏ ਜਾਂਦੇ ਇਲਜਾਮਾਂ ਬਾਰੇ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਰਵਨੀਤ ਬਿੱਟੂ ਨੂੰ ਆਪਣੀ ਪਾਰਟੀ ਦੀ ਫ਼ਿਕਰ ਕਰਨੀ ਚਾਹੀਦੀ ਹੈ। ਇਹ ਸੋਚਣਾ ਚਾਹੀਦਾ ਹੈ ਕਿਉਂ ਦੇਸ਼ ਵਿੱਚ ਰਾਜ ਕਰਨ ਵਾਲੀ ਪਾਰਟੀ ਹੁਣ ਕੇਵਲ ਕੁਝ ਸੂਬਿਆਂ ਵਿੱਚ ਹੀ ਸੀਮਤ ਹੋ ਗਈ ਹੈl ਉਨ੍ਹਾਂ ਕਿਹਾ ਕਿ ਆਪਸ ਵਿੱਚ ਜੋੜਨ ਵਾਲੀ ਗੱਲ ਰਵਨੀਤ ਬਿੱਟੂ ਨੂੰ ਕਰਨੀ ਚਾਹੀਦੀ ਹੈ ਨਾ ਕਿ ਤੋੜਨ ਵਾਲੀ ਗੱਲ ਕਰਨੀ ਚਾਹੀਦੀ ਹੈ।