Dr Manmohan Singh | ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਡਾ:ਮਨਮੋਹਨ ਸਿੰਘ ਦੇ ਘਰਭੇਟ ਕੀਤੀ ਸ਼ਰਧਾਂਜਲੀ |Abp Sanjha
ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਦਾ 92 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਦਿੱਲੀ ਦੇ ਏਮਜ਼ 'ਚ ਆਖਰੀ ਸਾਹ ਲਿਆ। ਉਨ੍ਹਾਂ ਦੇ ਦੇਹਾਂਤ ਨਾਲ ਪੂਰੇ ਪੰਜਾਬ ਵਿੱਚ ਸੋਗ ਦੀ ਲਹਿਰ ਹੈ, ਕਿਉਂਕਿ ਉਨ੍ਹਾਂ ਦਾ ਪੰਜਾਬ ਅਤੇ ਚੰਡੀਗੜ੍ਹ ਨਾਲ ਡੂੰਘਾ ਸਬੰਧ ਰਿਹਾ ਹੈ।
ਸਾਬਕਾ ਪ੍ਰਧਾਨ ਮੰਤਰੀ ਦਾ ਪਰਿਵਾਰ ਵੰਡ ਵੇਲੇ ਪਾਕਿਸਤਾਨ ਤੋਂ ਭਾਰਤ ਆਇਆ ਸੀ। ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਅੰਮ੍ਰਿਤਸਰ ਤੋਂ ਕੀਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ (ਪੀ.ਯੂ.), ਚੰਡੀਗੜ੍ਹ ਵਿੱਚ ਪ੍ਰੋਫੈਸਰ ਵਜੋਂ ਸੇਵਾ ਨਿਭਾਈ। ਉੱਥੇ ਹੀ ਸਾਲ 1957 ਤੋਂ 1965 ਤੱਕ ਪੀਯੂ ਵਿੱਚ ਪ੍ਰੋਫੈਸਰ ਦੇ ਅਹੁਦੇ 'ਤੇ ਰਹੇ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਸਥਾਪਿਤ ਕੀਤੇ ਜਾ ਰਹੇ ਨਿਊ ਚੰਡੀਗੜ੍ਹ ਦੇ ਪਹਿਲੇ ਸਰਕਾਰੀ ਪ੍ਰੋਜੈਕਟ ਹੋਮੀ ਭਾਭਾ ਕੈਂਸਰ ਹਸਪਤਾਲ ਦਾ ਨੀਂਹ ਪੱਥਰ ਵੀ ਰੱਖਿਆ ਸੀ।
16 ਕਰੋੜ ਰੁਪਏ ਦੀ ਜਾਇਦਾਦ
ਮਨਮੋਹਨ ਸਿੰਘ, ਆਪਣੇ ਨਿਮਰ ਸੁਭਾਅ ਅਤੇ ਸ਼ਿਸ਼ਟਾਚਾਰ ਲਈ ਜਾਣੇ ਜਾਂਦੇ ਹਨ। ਉਹ ਆਖਰੀ ਵਾਰ ਸਾਲ 2019 ਵਿੱਚ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਚੁਣੇ ਗਏ ਸਨ। ਉਨ੍ਹਾਂ ਦੀ ਜਾਇਦਾਦ ਦੀ ਗੱਲ ਕਰੀਏ ਤਾਂ ਰਾਜ ਸਭਾ ਵਿੱਚ ਦਿੱਤੇ ਹਲਫ਼ਨਾਮੇ ਮੁਤਾਬਕ ਮਨਮੋਹਨ ਸਿੰਘ ਕੋਲ ਕੁੱਲ 15 ਕਰੋੜ 77 ਲੱਖ ਰੁਪਏ ਦੀ ਜਾਇਦਾਦ ਹੈ। ਉਨ੍ਹਾਂ ਦਾ ਦਿੱਲੀ ਅਤੇ ਚੰਡੀਗੜ੍ਹ ਵਿਚ ਇਕ-ਇਕ ਘਰ ਵੀ ਹੈ। ਉਨ੍ਹਾਂ 'ਤੇ ਕੋਈ ਕਰਜ਼ਾ ਨਹੀਂ ਸੀ। ਉਹ ਆਪਣੇ ਪਿੱਛੇ ਪਤਨੀ ਗੁਰਸ਼ਰਨ ਕੌਰ ਤੋਂ ਇਲਾਵਾ ਤਿੰਨ ਧੀਆਂ ਛੱਡ ਗਏ ਹਨ।