ਚੋਣ ਮੈਦਾਨ 'ਚ ਕੁੰਡੀਆਂ ਦੇ ਫਸਣਗੇ ਸਿੰਙ ,ਕਾਂਗਰਸ ਨੇ ਆਸ਼ੂ ਨੂੰ ਐਲਾਨਿਆ ਉਮੀਦਵਾਰ
ਲੁਧਿਆਣਾ ਜ਼ਿਮਨੀ ਚੋਣ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਉਮੀਦਵਾਰ ਦੇ ਨਾਮ ਦਾ ਰਸਮੀ ਐਲਾਨ ਦਾ ਕਰ ਦਿੱਤਾ ਹੈ। ਪਾਰਟੀ ਨੇ ਲੁਧਿਆਣਾ ਪੱਛਮੀ ਤੋਂ ਦੋ ਵਾਰ ਜੇਤੂ ਰਹੇ ਸਾਬਕਾ ਵਿਧਾਇਕ ਭਾਰਤ ਭੂਸ਼ਣ ਆਸ਼ੂ 'ਤੇ ਹੀ ਮੁੜ ਦਾਅ ਖੇਡਿਆ ਹੈ।
ਆਸ਼ੂ, ਲੁਧਿਆਣਾ ਹਲਕੇ ਵਿੱਚ ਕਾਂਗਰਸ ਪਾਰਟੀ ਦੇ ਇੱਕ ਵੱਡੇ ਹਿੰਦੂ ਨੇਤਾ ਹਨ। ਉਹ ਕਾਂਗਰਸ ਸਰਕਾਰ ਵਿੱਚ ਦੋ ਵਾਰ ਮੰਤਰੀ ਰਹਿ ਚੁੱਕੇ ਹਨ। ਆਸ਼ੂ ਦਾ ਮੁਕਾਬਲਾ, ਸੱਤਾਧਾਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨਾਲ ਮੰਨਿਆ ਜਾ ਰਿਹਾ ਹੈ।
ਸਾਲ 2012 ਵਿੱਚ ਅਤੇ ਫਿਰ ਸਾਲ 2017 ਵਿੱਚ ਕਾਂਗਰਸ ਪਾਰਟੀ ਦੇ ਵਿਧਾਇਕ ਵੱਜੋਂ ਜਿੱਤੇ ਰਹੇ ਸਨ। ਆਸ਼ੂ, ਕੈਪਟਨ ਅਮਰਿੰਦਰ ਸਿੰਘ ਅਤੇ ਫਿਰ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵਿੱਚ ਮੰਤਰੀ ਵੀ ਰਹੇ ਸਨ। ਦੋਹਾਂ ਸਰਕਾਰਾਂ ਵਿੱਚ ਉਹ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਰਹੇ ਸਨ। ਹਾਲਾਂਕਿ 2022 ਦੀਆਂ ਚੋਣਾਂ ਵਿੱਚ ਆਸ਼ੂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਗੋਗੀ ਕੋਲੋਂ 7 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਆਸ਼ੂ, ਕਥਿਤ 2 ਹਜ਼ਾਰ ਕਰੋੜ ਰੁਪਏ ਦੇ ਘੁਟਾਲੇ ਵਿੱਚ ਵੀ ਫਸੇ ਸਨ। ਵਿਜੀਲੈਂਸ ਨੇ ਬਿਓਰੋ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ ਅਤੇ ਐਫ਼ਆਈਆਰ ਦਰਜ ਕੀਤੀ ਸੀ। ਹਾਲਾਂਕਿ 2024 ਵਿੱਚ ਪੰਜਾਬ ਹਰਿਆਣਾ ਹਾਈਕੋਰਟ ਨੇ ਉਨ੍ਹਾਂ ਖਿਲਾਫ਼ ਜੁੜੀ ਐਫਆਈਆਰ ਨੂੰ ਰੱਦ ਕਰ ਦਿੱਤਾ ਸੀ।
10 ਜੁਲਾਈ ਤੋਂ ਪਹਿਲਾਂ ਕਰਵਾਈ ਜਾਣੀ ਹੈ ਚੋਣ
ਲੁਧਿਆਣਾ ਪੱਛਮੀ ਵਿਧਾਨ ਸਭਾ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦਾ ਪਿਛਲੇ ਦਿਨੀ ਦਿਹਾਂਤ ਹੋ ਗਿਆ ਸੀ, ਜਿਸ ਪਿੱਛੋਂ 11 ਜਨਵਰੀ ਤੋਂ ਇਹ ਵਿਧਾਨ ਸਭਾ ਖਾਲੀ ਹੈ।
ਚੋਣਾਂ ਨੂੰ ਲੈ ਕੇ ਅਜੇ ਸਿਰਫ਼ ਪੰਜਾਬ ਵਿਧਾਨ ਸਭਾ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ ਤਹਿਤ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਚੋਣ 6 ਮਹੀਨਿਆਂ 'ਚ 10 ਜੁਲਾਈ ਤੋਂ ਪਹਿਲਾਂ ਮੁੜ ਕਰਵਾਈ ਜਾਣੀ ਹੈ।

















