ਪਿੰਡਾਂ 'ਚ ਜਾਇਜ਼ਾ ਲੈਣ ਗਏ Sukhbir singh badal
ਪਿੰਡਾਂ 'ਚ ਜਾਇਜ਼ਾ ਲੈਣ ਗਏ Sukhbir singh badal
#punjabnews #punjabpolitics #sukhbirsinghbadal
ਅਬੋਹਰ: ਹਲਕਾ ਬੱਲੂਆਣਾ ਦੇ ਪਿੰਡਾਂ ਵਿਚ ਬਣੇ ਹੜ੍ਹਾਂ ਵਰਗੇ ਹਾਲਾਤ ਕਾਰਨ ਖ਼ਰਾਬ ਹੋਈਆਂ ਫਸਲਾਂ ਦਾ ਜਾਇਜ਼ਾ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪਿੰਡ ਗੱਦਾ ਡੋਬ, ਬੱਲੂਆਣਾ ਤੇ ਲਾਗਲੇ ਪਿੰਡਾਂ ਦਾ ਦੌਰਾ ਕੀਤਾ।
ਇਸ ਦੌਰਾਨ ਆਮ ਆਦਮੀ ਪਾਰਟੀ ਦੀ ਬੱਲੂਆਣਾ ਇਕਾਈ ਵੱਲੋਂ ਪਿੰਡ ਗੱਦਾ ਡੋਬ ਵਿੱਚ ਸੁਖਬੀਰ ਬਾਦਲ ਨੂੰ ਕਾਲੇ ਝੰਡੇ ਵਿਖਾਏ ਗਏ ਹਨ। ਇਸ ਦੌਰਾਨ ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਸਵਾਲ ਚੁੱਕੇ ਹਨ। ਸੁਖਬੀਰ ਬਾਦਲ ਨੇ ਫਸਲਾਂ ਦੇ ਖਰਾਬੇ ਦਾ ਮੁਆਵਜ਼ਾ ਮੰਗਿਆ ਹੈ। ਉਨ੍ਹਾਂ ਮੀਂਹ ਨਾਲ ਖ਼ਰਾਬ ਹੋਈ ਫ਼ਸਲਾਂ ਦੀ ਗਿਰਦਾਵਰੀ ਕਰਵਾਉਣ ਦੀ ਮੰਗ ਕੀਤੀ ਹੈ।
ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸੰਸਦ ਮੈਂਬਰ ਸੁਖਬੀਰ ਬਾਦਲ ਮੀਂਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਮੀਂਹ ਪ੍ਰਭਾਵਿਤ ਲੋਕਾਂ ਨਾਲ ਔਖੇ ਸਮੇਂ ਖੜ੍ਹਨ ਵਿੱਚ ਫੇਲ੍ਹ ਸਾਬਤ ਹੋਈ ਹੈ। ਭਾਰੀ ਮੀਂਹ ਪੈਣ ਦੇ 10 ਦਿਨ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਸਿਰਫ਼ ਇੱਕ ਦਿਨ ਗੇੜਾ ਲਾ ਕੇ ਚਲੇ ਗਏ ਪਰ ਸਰਕਾਰ ਵੱਲੋਂ ਲੋਕਾਂ ਦੀ ਮਦਦ ਦਾ ਕੋਈ ਐਲਾਨ ਨਹੀਂ ਕੀਤਾ ਗਿਆ।
ਸੁਖਬੀਰ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ, ਜਲਾਲਾਬਾਦ, ਲੰਬੀ, ਮਲੋਟ ਅਤੇ ਬੱਲੂਆਣਾ ਹਲਕਿਆਂ ’ਚ ਹਜ਼ਾਰਾਂ ਏਕੜ ਖੇਤੀ ਰਕਬਾ ਪਾਣੀ ਦੀ ਮਾਰ ਹੇਠ ਆ ਗਿਆ ਹੈ। ਵੱਡੀ ਗਿਣਤੀ ਲੋਕਾਂ ਦੇ ਮਕਾਨ ਡਿੱਗ ਚੁੱਕੇ ਹਨ। ਸਰਕਾਰ ਨੇ ਨਾ ਸਮੇਂ ਸਿਰ ਡਰੇਨਾਂ ਦੀ ਸਫ਼ਾਈ ਕਰਵਾਈ ਤੇ ਨਾ ਹੀ ਪਿੰਡਾਂ ’ਚ ਨਿਕਾਸੀ ਮੋਟਰਾਂ ਠੀਕ ਕਰਵਾਈਆਂ। ਇਸੇ ਕਾਰਨ ਵੱਡਾ ਨੁਕਸਾਨ ਹੋਇਆ ਹੈ।
ਸੁਖਬੀਰ ਬਾਦਲ ਨੇ ਸੂਬਾ ਸਰਕਾਰ ਦੀ ਆਮ ਲੋਕਾਂ ਪ੍ਰਤੀ ਦਿਲਚਸਪੀ ਨਾ ਹੋਣ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਹੁਣ ਤੱਕ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਲੋਕਾਂ ਤੱਕ ਪਹੁੰਚਾ ਦੇਣਾ ਚਾਹੀਦਾ ਸੀ। ਉਨ੍ਹਾਂ ਪਿੰਡ ਥਰਾਜਵਾਲਾ, ਪੱਕੀ ਟਿੱਬੀ, ਕਬਰਵਾਲਾ, ਕਰਮਗੜ੍ਹ, ਬੋਦੀਵਾਲਾ, ਮਿੱਡਾ ਤੇ ਪੰਨੀਵਾਲਾ ਫੱਤਾ ਦਾ ਦੌਰਾ ਕੀਤਾ ਤੇ ਪ੍ਰਭਾਵਿਤ ਕਿਸਾਨਾਂ ਨਾਲ ਗੱਲਬਾਤ ਕੀਤੀ ਤੇ ਐਮਪੀ ਫੰਡ ਵਿੱਚੋਂ ਹਰ ਸੰਭਵ ਮਦਦ ਕਰਨ ਦਾ ਐਲਾਨ ਕੀਤਾ।