ਕੈਬਿਨੇਟ 'ਚ ਫੇਰਬਦਲ ਕਿਉਂ ਕੀਤਾ ਮਾਨ ਸਰਕਾਰ ਨੇ...? |Abp Sanjha|
ਕੈਬਿਨੇਟ 'ਚ ਫੇਰਬਦਲ ਕਿਉਂ ਕੀਤਾ ਮਾਨ ਸਰਕਾਰ ਨੇ..
ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਕੈਬਨਿਟ ਵਿੱਚ ਵੱਡਾ ਫੇਰਬਦਲ ਕੀਤਾ ਹੈ। ਚਾਰ ਮੰਤਰੀਆਂ ਨੂੰ ਬਾਹਰ ਦਾ ਰਾਹ ਵਿਖਾ ਕੇ ਪੰਜ ਨਵੇਂ ਜਰਨੈਲਾਂ ਨੂੰ ਮੌਕਾ ਦਿੱਤਾ ਹੈ। ਅੱਜ 5 ਨਵੇਂ ਮੰਤਰੀਆਂ ਨੇ ਅਹੁਦੇ ਦੀ ਸਹੁੰ ਚੁੱਕ ਲਈ ਹੈ। ਪੰਚਾਇਤੀ ਚੋਣਾਂ ਤੋਂ ਪਹਿਲਾਂ ਆਪ ਸਰਕਾਰ ਦੇ ਇਸ ਐਕਸ਼ਨ ਨੇ ਸਭ ਨੂੰ ਹੈਰਾਨ ਕੀਤਾ ਹੈ।
ਸਭ ਤੋਂ ਪਹਿਲਾਂ ਤਰੁਨਪ੍ਰੀਤ ਸਿੰਘ ਨੇ ਸਹੁੰ ਚੁੱਕੀ। ਇਸ ਮਗਰੋਂ ਬਰਿੰਦਰ ਗੋਇਲ, ਹਰਦੀਪ ਮੁੰਡੀਆ, ਡਾ: ਰਵਜੋਤ ਸਿੰਘ ਤੇ ਮਹਿੰਦਰ ਭਗਤ ਨੇ ਸਹੁੰ ਚੁੱਕੀ। ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਢਾਈ ਸਾਲਾਂ ਵਿੱਚ ਚੌਥੀ ਵਾਰ ਕੈਬਨਿਟ ਵਿੱਚ ਫੇਰਬਦਲ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਐਤਵਾਰ ਨੂੰ 4 ਮੰਤਰੀਆਂ ਦੀ ਕੈਬਨਿਟ ਵਿੱਚੋਂ ਛੁੱਟੀ ਕਰ ਦਿੱਤੀ ਗਈ ਸੀ। ਮੰਤਰੀ ਮੰਡਲ ਵਿੱਚ ਫੇਰਬਦਲ ਤੋਂ ਪਹਿਲਾਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਭਰੋਸੇਮੰਦ OSD ਓਂਕਾਰ ਸਿੰਘ ਨੂੰ ਵੀ ਅਚਾਨਕ ਹਟਾ ਦਿੱਤਾ। ਇਸ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ।
ਦਰਅਸਲ ਪੰਜਾਬ ਵਿੱਚ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ 13 ਵਿੱਚੋਂ ਸਿਰਫ਼ 3 ਸੀਟਾਂ ਹੀ ਜਿੱਤ ਸਕੀ ਸੀ। ਮੰਤਰੀ ਮੰਡਲ ਵਿੱਚ ਫੇਰਬਦਲ ਨੂੰ ਇਸ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਪੰਜ ਨਵੇਂ ਮੰਤਰੀ ਬਣਨ ਨਾਲ ਕੈਬਨਿਟ ਵਿੱਚ 16 ਮੰਤਰੀ ਹੋ ਗਏ ਹਨ। ਪੰਜਾਬ ਵਿੱਚ 18 ਤੱਕ ਮੰਤਰੀ ਬਣਾਏ ਜਾ ਸਕਦੇ ਹਨ।
ਅੱਜ ਸਹੁੰ ਚੁੱਕਣ ਵਾਲੇ 5 ਮੰਤਰੀਆਂ ਵਿੱਚੋਂ ਦੋ ਅਨੁਸੂਚਿਤ ਜਾਤੀ, ਦੋ ਜੱਟ ਤੇ ਇੱਕ ਬਾਣੀਆ ਭਾਈਚਾਰੇ ਨਾਲ ਸਬੰਧਤ ਹੈ। ਇਸ ਦੇ ਨਾਲ ਹੀ ਅਨਮੋਲ ਗਗਨ ਮਾਨ ਦੇ ਅਸਤੀਫੇ ਤੋਂ ਬਾਅਦ ਇਸ ਪੂਰੇ ਮੰਤਰੀ ਮੰਡਲ ਵਿੱਚ ਹੁਣ ਸਿਰਫ਼ ਇੱਕ ਮਹਿਲਾ ਮੰਤਰੀ ਰਹਿ ਗਈ ਹੈ।