ਹੁਣ ਤੱਕ ਦੇ 10 ਵੱਡੇ ਹਵਾਈ ਹਾਦਸੇ, ਜਿਨ੍ਹਾਂ ਕੰਬਾਈ ਦੁਨੀਆ ਦੀ ਰੂਹ
ਹਵਾਈ ਹਾਦਸਿਆਂ ਵਿੱਚ ਸਭ ਤੋਂ ਰਹੱਸਮਈ ਮਾਮਲਾ ਮਲੇਸ਼ੀਆ ਏਅਰਲਾਈਨਜ਼ ਦਾ ਐਮਐਚ 370 ਦਾ ਸੀ। ਅੱਠ ਮਾਰਚ 2014 ਨੂੰ ਇਹ ਜਹਾਜ਼ ਕੁਆਲਾਲੰਪੁਰ ਤੋਂ ਬੀਜਿੰਗ ਜਾ ਰਿਹਾ ਸੀ ਪਰ ਰਹੱਸਮਈ ਤਰੀਕੇ ਨਾਲ ਲਾਪਤਾ ਹੋ ਗਿਆ। ਜਹਾਜ਼ ਵਿੱਚ ਚੀਨ (150), ਮਲੇਸ਼ੀਆ (50) ਤੋਂ ਇਲਾਵਾ ਭਾਰਤ, ਫਰਾਂਸ, ਕੈਨੇਡਾ, ਯੂ.ਐਸ. ਰੂਸ ਤੇ ਤਾਇਵਾਨ ਦੇਸ਼ਾਂ ਦੇ 239 ਲੋਕ ਸਵਾਰ ਸਨ। ਕਈ ਦੇਸ਼ਾਂ ਨੇ ਮਿਲ ਕੇ ਇਸ ਜਹਾਜ਼ ਦੀ ਭਾਲ ਲਈ ਜੰਗੀ ਪੱਧਰ 'ਤੇ ਮੁਹਿੰਮ ਚਲਾਈ ਸੀ, ਪਰ ਕੋਈ ਸਫ਼ਲਤਾ ਹਾਸਲ ਨਹੀਂ ਹੋਈ। ਹਾਲੇ ਤਕ ਵੀ ਕੋਈ ਜਹਾਜ਼ ਵਿੱਚ ਸਵਾਰ ਕਿਸੇ ਵਿਅਕਤੀ ਦੀ ਉੱਘ-ਸੁੱਘ ਲੱਗੀ ਹੈ।
19 ਫਰਵਰੀ 2003 ਨੂੰ ਇਰਾਨੀ ਜਹਾਜ਼ ਇਲਿਊਸ਼ਿਨ II-76 ਫ਼ੌਜੀ ਜਹਾਜ਼ ਖ਼ਰਾਬ ਮੌਸਮ ਕਾਰਨ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਸੀ। ਇਸ ਵਿੱਚ ਸਵਾਰ 275 ਫ਼ੌਜੀਆਂ ਨੂੰ ਆਪਣੀ ਜਾਨ ਗਵਾਉਣੀ ਪਈ ਸੀ।
17 ਜੁਲਾਈ 2014 ਨੂੰ ਮਲੇਸ਼ੀਆਈ ਏਅਰਲਾਈਨਜ਼ ਦੀ ਫ਼ਲਾਈਟ 17 ਅੱਗ ਦਾ ਗੋਲ਼ਾ ਬਣ ਕੇ ਅੰਬਰੋਂ ਜ਼ਮੀਨ 'ਤੇ ਆ ਡਿੱਗੀ। ਇਸ ਵਿੱਚ 294 ਲੋਕਾਂ ਦੀ ਜਾਨ ਚਲੀ ਗਈ। ਦਰਅਸਲ, ਇਸ ਬੋਇੰਗ ਜਹਾਜ਼ ਨੂੰ ਰੂਸ ਦੇ ਨੇੜੇ ਡੇਗ ਦਿੱਤਾ ਗਿਆ ਸੀ। ਇਸ ਦਾ ਦੋਸ਼ ਯੂਕ੍ਰੇਨ ਵਿੱਚ ਮੌਜੂਦ ਰੂਸੀ ਸਮਰਥਕਾਂ 'ਤੇ ਲੱਗਿਆ ਸੀ। ਉਦੋਂ ਲੜਾਈ ਲੱਗੀ ਹੋਈ ਸੀ ਤੇ ਜਹਾਜ਼ਾਂ ਨੂੰ ਰਸਤਾ ਬਦਲਣ ਦੇ ਨਿਰਦੇਸ਼ ਸਨ। ਪਰ ਇਹ ਮੰਦਭਾਗੀ ਉਡਾਣ ਆਪਣੇ ਤੈਅ ਰੂਟ 'ਤੇ ਜਾ ਰਹੀ ਸੀ ਤੇ ਹਮਲੇ ਦਾ ਸ਼ਿਕਾਰ ਹੋ ਗਈ।
19 ਅਗਸਤ 1980 ਨੂੰ ਸਾਊਦੀ ਅਰਬ ਦਾ ਇੱਕ ਜਹਾਜ਼ 163 ਦੁਰਘਟਨਾ ਦਾ ਸ਼ਿਕਾਰ ਹੋ ਗਿਆ। 301 ਲੋਕ ਇਸ ਹਾਦਸੇ ਦਾ ਸ਼ਿਕਾਰ ਹੋਏ। ਜਹਾਜ਼ ਦੇ ਉਡਾਣ ਭਰਨ ਤੋਂ ਕੁਝ ਹੀ ਸਮੇਂ ਬਾਅਦ ਇਸ ਵਿੱਚ ਅੱਗ ਲੱਗ ਗਈ ਤੇ ਤੁਰੰਤ ਹਵਾਈ ਅੱਡੇ 'ਤੇ ਉਤਾਰ ਲਿਆ ਗਿਆ। ਪਰ ਪਾਇਲਟ ਤੇ ਏਅਰਪੋਰਟ ਪ੍ਰਸ਼ਾਸਨ ਦੀ ਲਾਪਰਵਾਹੀ ਨਾਲ ਅੰਦਰ ਬੈਠੇ ਸਾਰੇ ਮੁਸਾਫ਼ਰਾਂ ਦੀ ਧੂੰਏਂ ਕਾਰਨ ਮੌਤ ਹੋ ਗਈ।
23 ਜੂਨ 1985 ਨੂੰ ਕੈਨੇਡਾ ਤੋਂ ਭਾਰਤ ਆ ਰਿਹਾ ਏਅਰ ਇੰਡੀਆ ਜਹਾਜ਼ ਅੱਤਵਾਦੀ ਹਮਲੇ ਦਾ ਸ਼ਿਕਾਰ ਹੋ ਗਿਆ ਸੀ। ਟੋਰੰਟੋ ਏਅਰਪੋਰਟ ਤੋਂ ਉੱਡੀ ਫਲਾਈਟ ਨੰਬਰ 182 ਨੂੰ ਬੱਬਰ ਖ਼ਾਲਸਾ ਦੇ ਅੱਤਵਾਦੀਆਂ ਨੇ ਬੰਬ ਨਾਲ ਉਡਾ ਦਿੱਤਾ ਸੀ, ਜਿਸ ਵਿੱਚ 329 ਲੋਕਾਂ ਦੀ ਜਾਨ ਚਲੀ ਗਈ ਸੀ। ਬਾਅਦ ਵਿੱਚ ਪਤਾ ਲੱਗਾ ਸੀ ਕਿ ਕੈਨੇਡਾ ਏਅਰਪੋਰਟ 'ਤੇ ਸੁਰੱਖਿਆ ਦੇ ਲਿਹਾਜ਼ ਨਾਲ ਕਾਫੀ ਊਣਤਾਈਆਂ ਸਨ।
ਤਿੰਨ ਮਾਰਚ 1981 ਨੂੰ ਤੁਰਕੀ ਏਅਰਲਾਈਨਜ਼ ਦੀ ਫਲਾਈਟ 981 ਹਾਦਸੇ ਦਾ ਸ਼ਿਕਾਰ ਹੋਈ, ਜਿਸ ਵਿੱਚ 346 ਲੋਕ ਮਾਰੇ ਗਏ। ਲੰਦਨ ਤੋਂ ਇਸਤਾਂਬੁਲ ਜਾ ਰਿਹਾ ਇਹ ਜਹਾਜ਼ ਫਰਾਂਸ ਵਿੱਚ ਕ੍ਰੈਸ਼ ਹੋ ਗਿਆ। ਇਸ ਦੁਰਘਟਨਾ ਪਿੱਛੇ ਜਹਾਜ਼ ਦਾ ਮਾੜਾ ਡਿਜ਼ਾਈਨ ਤੇ ਲਾਪਰਵਾਹੀ ਦੱਸੀ ਜਾਂਦੀ ਹੈ।
ਹਰਿਆਣਾ ਦੇ ਸ਼ਹਿਰ ਚਰਖੀ ਦਾਦਰੀ ਵਿੱਚ 12 ਨਵੰਬਰ 1996 ਨੂੰ ਦੋ ਜਹਾਜ਼ ਹਵਾ ਵਿੱਚ ਟਕਰਾਅ ਗਏ, ਜਿਸ ਵਿੱਚ 350 ਲੋਕਾਂ ਦੀ ਮੌਤ ਹੋ ਗਈ। ਸਾਰੀਆਂ ਲਾਸ਼ਾਂ 10 ਕਿਲੋਮੀਟਰ ਦੇ ਘੇਰੇ ਵਿੱਚੋਂ ਇਕੱਠੀਆਂ ਕੀਤੀਆਂ ਗਈਆਂ। ਟੱਕਰ ਸਾਊਦੀ ਅਰਬ ਦੇ ਸਾਮਾਨ ਦੀ ਢੋਆ-ਢੁਆਈ ਕਰਨ ਵਾਲੇ ਜਹਾਜ਼ ਤੇ ਕਜ਼ਾਕਿਸਤਾਨ ਦੇ ਮੁਸਾਫ਼ਰ ਜਹਾਜ਼ ਦਰਮਿਆਨ ਵਾਪਰੀ। ਇੱਕ ਨੇ ਦਿੱਲੀ ਤੋਂ ਉਡਾਣ ਭਰਨੀ ਸੀ ਜਦਕਿ ਦੂਜੇ ਨੇ ਦਿੱਲੀ ਉੱਤਰਨਾ ਸੀ। ਟੱਕਰ ਤੋਂ ਬਾਅਦ ਇਹ ਜਹਾਜ਼ ਚਰਖੀ ਦਾਦਰੀ ਦੇ ਖੇਤਾਂ ਵਿੱਚ ਡਿੱਗ ਗਏ। ਜੇਕਰ ਰਿਹਾਈਸ਼ੀ ਖੇਤਰ ਵਿੱਚ ਡਿੱਗਦੇ ਤਾਂ ਹਾਦਸਾ ਹੋਰ ਭਿਆਨਕ ਹੋ ਸਕਦਾ ਸੀ।
12 ਮਾਰਚ, 1985 ਨੂੰ ਜਾਪਾਨ ਏਅਰਲਾਈਨਜ਼ ਦੀ ਫਲਾਈਟ ਸੰਖਿਆ 123 ਦਰਦਨਾਕ ਹਾਦਸੇ ਦਾ ਸ਼ਿਕਾਰ ਹੋਈ ਸੀ। ਕੇਂਦਰੀ ਜਾਪਾਨ ਵਿੱਚ ਬੋਇੰਗ 747 ਦੇ ਕ੍ਰੈਸ਼ ਵਿੱਚ 520 ਲੋਕਾਂ ਦੀ ਮੌਤ ਹੋ ਗਈ ਸੀ। ਹਾਦਸੇ ਵਿੱਚ ਸਿਰਫ਼ ਚਾਰ ਔਰਤਾਂ ਜ਼ਿੰਦਾ ਬਚੀਆਂ ਸਨ। ਹਾਦਸੇ ਤੋਂ ਪਹਿਲਾਂ ਜਹਾਜ਼ ਦੇ ਪਿਛਲੇ ਹਿੱਸੇ ਵਿੱਚ ਧਮਾਕਾ ਮਹਿਸੂਸ ਹੋਇਆ, ਜਿਸ ਤੋਂ ਬਾਅਦ ਪੂਛ ਨੁਕਸਾਨੀ ਗਈ ਤੇ ਜਹਾਜ਼ ਬੇਕਾਬੂ ਹੋ ਗਿਆ।
27 ਮਾਰਚ 1977 ਨੂੰ ਟੇਨੇਰਿਫ਼ ਹਵਾਈ ਅੱਡੇ 'ਤੇ ਵਾਪਰੇ ਹਾਦਸੇ ਨੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਹਵਾਈ ਅੱਡੇ 'ਤੇ ਦੋ ਬੋਇੰਗ ਜਹਾਜ਼ ਆਪਸ ਵਿੱਚ ਟਕਰਾਅ ਗਏ ਸਨ। ਇਸ ਘਟਨਾ ਵਿੱਚ 583 ਲੋਕਾਂ ਦੀ ਮੌਤ ਹੋ ਗਈ ਸੀ। ਹਵਾਈ ਅੱਡੇ 'ਤੇ ਕਾਫੀ ਧੁੰਦ ਸੀ ਤੇ ਇੱਕ ਪਾਇਲਟ ਨੇ ਬਗ਼ੈਰ ਆਗਿਆ ਜਹਾਜ਼ ਉਡਾਣ ਭਰਨ ਦੀ ਕੋਸ਼ਿਸ਼ ਕੀਤੀ ਸੀ, ਜੋ ਦਰਦਨਾਕ ਹਾਦਸੇ ਵਿੱਚ ਬਦਲ ਗਈ।
ਇੰਡੋਨੇਸ਼ੀਆ ਦੀ ਲੌਇਨ ਏਅਰ ਦਾ ਮੁਸਾਫ਼ਰ ਜਹਾਜ਼ ਸੋਮਵਾਰ ਸਵੇਰ ਜਕਾਰਤਾ ਤੋਂ ਉਡਾਣ ਭਰਨ ਤੋਂ ਕੁਝ ਹੀ ਮਿੰਟਾਂ ਬਾਅਦ ਹਾਦਸਾਗ੍ਰਸਤ ਹੋ ਗਿਆ। ਕੌਮੀ ਖੋਜ ਤੇ ਬਚਾਅ ਏਜੰਸੀ ਦੇ ਬੁਲਾਰੇ ਯੁਸੁਫ ਲਤੀਫ਼ ਨੇ ਮੀਡੀਆ ਨੂੰ ਦੱਸਿਆ ਕਿ ਇਹ ਪੁਸ਼ਟੀ ਹੋ ਚੁੱਕੀ ਹੈ ਕਿ ਜਹਾਜ਼ ਦੁਰਘਟਨਾਗ੍ਰਸਤ ਹੋ ਚੁੱਕਿਆ ਹੈ। ਜਹਾਜ਼ ਜੇ.ਟੀ.-610 ਜਕਾਰਤਾ ਤੋਂ ਪੰਗਕਲ ਪਿਨਾਂਗ ਜਾ ਰਿਹਾ ਸੀ। ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ, ਤਾਂ ਜੋ ਕਿਸੇ ਮੁਸਾਫ਼ਰ ਜਾਂ ਚਾਲਕ ਦਲ ਦੇ ਮੈਂਬਰ ਦੀ ਉੱਘ-ਸੁੱਘ ਮਿਲ ਸਕੇ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਸਾਰੇ ਜਹਾਜ਼ ਸਵਾਰਾਂ ਦੀ ਮੌਤ ਹੋ ਚੁੱਕੀ ਹੈ। ਅੱਗੇ ਦੇਖੋ ਦੁਨੀਆ ਦੇ ਦਰਦਨਾਕ ਹਵਾਈ ਜਹਾਜ਼ ਹਾਦਸੇ-