ਖਿਡਾਰੀਆਂ ਨੂੰ ਬਾਹਰ ਕੱਢ ਕੁੱਤੇ ਨੂੰ ਸਟੇਡੀਅਮ 'ਚ ਘੁਮਾਉਣ ਵਾਲੇ ਆਈਏਐੱਸ ਜੋੜੇ ਦਾ ਟ੍ਰਾਂਸਫਰ, ਸੋਸ਼ਲ ਮੀਡੀਆ 'ਤੇ ਲੋਕਾਂ ਨੇੇ ਇੰਝ ਲਏ ਮਜ਼ੇ
Delhi IAS Transfer: ਦਿੱਲੀ 'ਚ IAS ਪਤੀ-ਪਤਨੀ ਨੂੰ ਸਟੇਡੀਅਮ ਦੇ ਅੰਦਰ ਆਪਣੇ ਕੁੱਤੇ ਨੂੰ ਘੁੰਮਾਉਣਾ ਮਹਿੰਗਾ ਪੈ ਗਿਆ ਹੈ।
Delhi IAS Transfer: ਦਿੱਲੀ 'ਚ IAS ਪਤੀ-ਪਤਨੀ ਨੂੰ ਸਟੇਡੀਅਮ ਦੇ ਅੰਦਰ ਆਪਣੇ ਕੁੱਤੇ ਨੂੰ ਘੁੰਮਾਉਣਾ ਮਹਿੰਗਾ ਪੈ ਗਿਆ ਹੈ। ਕੁੱਤੇ ਨੂੰ ਘੁੰਮਾਉਣ ਲਈ ਸਟੇਡੀਅਮ ਖਾਲੀ ਕਰਾਉਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਦੋਵਾਂ ਨੂੰ ਦਿੱਲੀ ਤੋਂ ਸੈਂਕੜੇ ਕਿਲੋਮੀਟਰ ਦੂਰ ਤਬਦੀਲ ਕਰ ਦਿੱਤਾ ਗਿਆ ਹੈ। ਆਈਏਐਸ ਅਧਿਕਾਰੀ ਸੰਜੀਵ ਖੀਰਵਾਰ ਦਾ ਤਬਾਦਲਾ ਲੱਦਾਖ ਤੇ ਉਨ੍ਹਾਂ ਦੀ ਪਤਨੀ ਰਿੰਕੂ ਦੁੱਗਾ ਨੂੰ ਅਰੁਣਾਚਲ ਪ੍ਰਦੇਸ਼ ਭੇਜ ਦਿੱਤਾ ਗਿਆ ਹੈ। ਹੁਣ ਇਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋ ਰਹੀ ਹੈ, ਲੋਕਾਂ ਨੇ ਗੂਗਲ 'ਤੇ ਸਰਚ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਅਰੁਣਾਚਲ ਤੇ ਲੱਦਾਖ ਵਿਚਾਲੇ ਕਿੰਨੀ ਦੂਰੀ ਹੈ।
ਦਰਅਸਲ, ਆਈਏਐਸ ਜੋੜੇ ਨੂੰ ਦਿੱਲੀ ਦੇ ਤਿਆਗਰਾਜ ਸਟੇਡੀਅਮ ਵਿੱਚ ਕੁੱਤੇ ਨੂੰ ਘੁੰਮਾਉਂਦੇ ਦੇਖਿਆ ਗਿਆ ਸੀ। ਇਸ ਦੀ ਤਸਵੀਰ ਲੈਂਦਿਆਂ ਇੰਡੀਅਨ ਐਕਸਪ੍ਰੈਸ ਨੇ ਰਿਪੋਰਟ ਵਿੱਚ ਕਿਹਾ ਕਿ ਦਿੱਲੀ ਸਰਕਾਰ ਦੇ ਆਈਏਐਸ ਅਧਿਕਾਰੀ ਨੇ ਖਿਡਾਰੀਆਂ ਨੂੰ ਬਾਹਰ ਭੇਜ ਦਿੱਤਾ। ਇਸ ਤੋਂ ਬਾਅਦ ਉਹ ਖਾਲੀ ਸਟੇਡੀਅਮ 'ਚ ਆਪਣੇ ਕੁੱਤੇ ਤੇ ਪਤਨੀ ਨਾਲ ਆਰਾਮ ਨਾਲ ਘੁੰਮਦੇ ਨਜ਼ਰ ਆਏ।
ਸੋਸ਼ਲ ਮੀਡੀਆ 'ਤੇ ਇਸ ਦੀ ਹੋ ਰਹੀ ਕਾਫੀ ਚਰਚਾ
ਸੋਸ਼ਲ ਮੀਡੀਆ 'ਤੇ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਪਤੀ-ਪਤਨੀ ਦਾ ਤਬਾਦਲਾ ਕਰ ਉਨ੍ਹਾਂ ਨੂੰ ਕਿੰਨੀ ਦੂਰ ਭੇਜਿਆ ਗਿਆ ਹੈ। ਕੋਈ ਗੂਗਲ 'ਤੇ ਸਰਚ ਕਰ ਰਿਹਾ ਹੈ ਕਿ ਲੱਦਾਖ ਤੇ ਅਰੁਣਾਚਲ ਦਿੱਲੀ ਤੋਂ ਕਿੰਨੀ ਦੂਰ ਹਨ, ਤਾਂ ਕੋਈ ਦੋਵਾਂ ਥਾਵਾਂ ਦੀ ਦੂਰੀ ਸ਼ੇਅਰ ਕਰਕੇ ਮਜ਼ੇ ਲੈ ਰਿਹਾ ਹੈ। ਇੰਨਾ ਹੀ ਨਹੀਂ ਸੋਸ਼ਲ ਮੀਡੀਆ 'ਤੇ ਆਈਏਐਸ ਅਧਿਕਾਰੀ ਨੂੰ ਆਪਣੇ ਕੁੱਤੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਸਲਾਹਾਂ ਵੀ ਦਿੱਤੀਆਂ ਜਾ ਰਹੀਆਂ ਹਨ।
ਲਗਪਗ 3 ਹਜ਼ਾਰ ਕਿਲੋਮੀਟਰ ਦੀ ਦੂਰੀ
ਵੈਸੇ, ਲੱਦਾਖ ਤੇ ਅਰੁਣਾਚਲ ਪ੍ਰਦੇਸ਼ ਦੀ ਦੂਰੀ ਲਗਪਗ 3400 ਕਿਲੋਮੀਟਰ ਹੈ। ਜੇਕਰ ਤੁਸੀਂ ਸੜਕ ਰਾਹੀਂ ਸਫਰ ਕਰਦੇ ਹੋ ਤਾਂ ਲੱਦਾਖ ਤੋਂ ਅਰੁਣਾਚਲ ਤੱਕ ਪਹੁੰਚਣ ਲਈ ਤੁਹਾਨੂੰ ਲਗਪਗ 65 ਤੋਂ 70 ਘੰਟੇ ਲੱਗ ਸਕਦੇ ਹਨ। ਇਸ ਦੇ ਨਾਲ ਹੀ, ਜਦੋਂ ਅਸੀਂ ਟ੍ਰੈਵਲ ਸਾਈਟਸ 'ਤੇ ਫਲਾਈਟ ਡਿਸਟੈਂਸ ਦਾ ਪਤਾ ਲਗਾਇਆ, ਤਾਂ ਇੱਕ ਜਗ੍ਹਾ ਤੋਂ ਦੂਜੀ ਤੱਕ ਪਹੁੰਚਣ ਲਈ ਲਗਪਗ 20 ਤੋਂ 22 ਘੰਟੇ ਲੱਗ ਸਕਦੇ ਹਨ। ਇਸ ਦੇ ਨਾਲ ਹੀ ਫਲਾਈਟ ਦਾ ਕਿਰਾਇਆ 20 ਹਜ਼ਾਰ ਤੋਂ 25 ਹਜ਼ਾਰ ਤੱਕ ਹੈ।
ਸੋਸ਼ਲ ਮੀਡੀਆ 'ਤੇ ਜ਼ਿਆਦਾਤਰ ਲੋਕ ਗ੍ਰਹਿ ਮੰਤਰਾਲੇ ਦੇ ਇਸ ਫੈਸਲੇ ਦਾ ਸਵਾਗਤ ਕਰ ਰਹੇ ਹਨ, ਜਦਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਸਿਰਫ ਤਬਾਦਲਾ ਕਰਨਾ ਸਜ਼ਾ ਨਹੀਂ। ਇਸ ਦੇ ਨਾਲ ਹੀ ਅਰੁਣਾਚਲ ਅਤੇ ਲੇਹ ਵਰਗੀਆਂ ਥਾਵਾਂ 'ਤੇ ਤਬਾਦਲੇ ਨੂੰ ਸਜ਼ਾ ਦੇ ਤੌਰ 'ਤੇ ਦੱਸਣ ਦਾ ਵਿਰੋਧ ਵੀ ਹੋ ਰਿਹਾ ਹੈ। ਸੋਸ਼ਲ ਮੀਡੀਆ 'ਤੇ ਲੋਕਾਂ ਦਾ ਕਹਿਣਾ ਹੈ ਕਿ ਇਸ ਨਾਲ ਉਥੇ ਮੌਜੂਦ ਅਧਿਕਾਰੀਆਂ ਦੇ ਮਨੋਬਲ 'ਤੇ ਅਸਰ ਹੋਵੇਗਾ।