(Source: ECI/ABP News/ABP Majha)
ਬੱਚਾ 9 ਮਹੀਨੇ ਮਾਂ ਦੀ ਬੱਚੇਦਾਨੀ ਦੀ ਥਾਂ ਪੇਡੂ ਦੀ ਖੁੱਡ ’ਚ ਪਲ਼ਦਾ ਰਿਹਾ, ਦੁਰਲੱਭ ਕੇਸ ’ਚ ਸਰਜਰੀ ਨਾਲ ਹੋਇਆ ਜਨਮ
ਅਰੋਗਿਆ ਹਸਪਤਾਲ ਦੇ ਬੁਲਾਰੇ ਨੇ ਦੱਸਿਆ ਕਿ ਬੱਚੇ ਦਾ ਭਾਰ ਜਨਮ ਸਮੇਂ 2.65 ਕਿਲੋਗ੍ਰਾਮ ਸੀ। ਔਰਤ ਦੇ ਗਰਭ ਅਵਸਥਾ ਦੌਰਾਨ ਹੋਏ ਛੇ ਅਲਟਰਾਸਾਊਂਡ ਦੌਰਾਨ ਵੀ ਅਜਿਹੀ ਸਥਿਤੀ ਦਾ ਪਤਾ ਨਹੀਂ ਸੀ ਲੱਗ ਸਕਿਆ।
ਨਵੀਂ ਦਿੱਲੀ: ਇੱਥੇ ਇੱਕ ਪ੍ਰਾਈਵੇਟ ਹਸਪਤਾਲ ਦੇ ਡਾਕਟਰਾਂ ਨੇ ਇੱਕ ਅਜਿਹਾ ਸਫਲ ਆਪਰੇਸ਼ਨ ਕੀਤਾ ਸੀ, ਜੋ ਆਪਣੇ-ਆਪ ਵਿੱਚ ਬੇਹੱਦ ਦੁਰਲੱਭ ਮਾਮਲਾ ਸੀ। ਦਰਅਸਲ, ਇਸ ਹਸਪਤਾਲ ’ਚ ਇੱਕ ਬੱਚੀ ਨੇ ਜਨਮ ਲਿਆ ਹੈ, ਜੋ ਆਪਣੀ ਮਾਂ ਦੀ ਬੱਚੇਦਾਨੀ ਦੀ ਥਾਂ ਪੇਟ ਦੇ ਹੇਠਲੇ ਹਿੱਸੇ (ਪੇਡੂ) ਅੰਦਰ ਪ੍ਰਫੁਲਤ ਹੋਈ ਸੀ।
ਆਮ ਤੌਰ ’ਤੇ ਗਰਭ-ਅਵਸਥਾ ਵਿੱਚ, ਬੱਚੇਦਾਨੀ ਅੰਦਰ ਇੱਕ ਉਪਜਾਊ ਅੰਡਾ ਪਲੈਸੈਂਟਾ (ਔਲ਼) ਦੇ ਨਾਲ ਵਧਦਾ-ਫੁੱਲਦਾ ਹੈ। ਉੱਥੋਂ ਹੀ ਬੱਚੇ ਨੂੰ ਪੌਸ਼ਟਿਕ ਤੱਤ ਤੇ ਆਕਸੀਜਨ ਮਿਲਦੀ ਰਹਿੰਦੀ ਹੈ। ਉਹ ਬੱਚੇਦਾਨੀ ਦੀ ਦੀਵਾਰ ਨਾਲ ਜੁੜਿਆ ਹੁੰਦਾ ਹੈ, ਪਰ ਇਸ ਮੌਜੂਦਾ ਦੁਰਲੱਭ ਸਥਿਤੀ ਵਿੱਚ ਇਹ ਅੰਤੜੀਆਂ ਨਾਲ ਜੁੜਿਆ ਹੋਇਆ ਸੀ।
ਆਰੋਗਯਾ ਹਸਪਤਾਲ ਦੇ ਆਪਰੇਸ਼ਨ ਕਰਨ ਵਾਲੇ ਡਾਕਟਰ ਨੇ ਦੱਸਿਆ ਕਿ “ਉਨ੍ਹਾਂ ਮਾਮਲਿਆਂ ਵਿੱਚ ਜਿੱਥੇ ਉਪਜਾਊ ਆਂਡਾ ਪੇਟ ਦੇ ਅੰਦਰਲੇ ਹਿੱਸੇ ਵਿੱਚ ਪ੍ਰਫੁੱਲਤ ਹੁੰਦਾ ਹੈ, ਉਹ ਆਮ ਤੌਰ ’ਤੇ ਚਾਰ ਜਾਂ ਪੰਜ ਮਹੀਨਿਆਂ ਤੋਂ ਬਾਅਦ ਨਹੀਂ ਬਚਦਾ ਪਰ ਇਸ ਸਥਿਤੀ ਵਿੱਚ, ਇਹ ਪੂਰੇ ਨੌਂ ਮਹੀਨੇ ਗਰਭ ਅਵਸਥਾ ਵਿੱਚ ਰਿਹਾ ਤੇ ਸੋਮਵਾਰ ਸਵੇਰੇ ਕੀਤੀ ਸਰਜਰੀ ਦੁਆਰਾ ਬੱਚੇ ਨੂੰ ਜਨਮ ਦਿੱਤਾ ਗਿਆ।
ਅਰੋਗਿਆ ਹਸਪਤਾਲ ਦੇ ਬੁਲਾਰੇ ਨੇ ਦੱਸਿਆ ਕਿ ਬੱਚੇ ਦਾ ਭਾਰ ਜਨਮ ਸਮੇਂ 2.65 ਕਿਲੋਗ੍ਰਾਮ ਸੀ। ਕਿਹੜੀ ਚੀਜ਼ ਨੇ ਸਥਿਤੀ ਨੂੰ ਗੁੰਝਲਦਾਰ ਬਣਾ ਦਿੱਤਾ ਸੀ ਕਿ ਔਰਤ ਦੇ ਗਰਭ ਅਵਸਥਾ ਦੌਰਾਨ ਹੋਏ ਛੇ ਅਲਟਰਾਸਾਊਂਡ ਦੌਰਾਨ ਵੀ ਅਜਿਹੀ ਸਥਿਤੀ ਦਾ ਪਤਾ ਨਹੀਂ ਸੀ ਲੱਗ ਸਕਿਆ।
ਹਸਪਤਾਲ ਦੇ ਡਾਕਟਰ ਨੇ ਅੱਗੇ ਦੱਸਿਆ “ਔਰਤ ਗਰਭ ਅਵਸਥਾ ਦੇ ਸੱਤਵੇਂ ਮਹੀਨੇ ਦੌਰਾਨ ਸਾਡੇ ਕੋਲ ਆਈ ਸੀ ਅਤੇ ਪਹਿਲਾਂ ਉਸ ਦੇ ਜੱਦੀ ਸ਼ਹਿਰ ਵਿੱਚ ਕੀਤੀ ਗਈ ਅਲਟਰਾਸਾਊਂਡ ਕਿਸੇ ਵੀ ਮੈਡੀਕਲ ਗੁੰਝ ਦਾ ਪਤਾ ਨਹੀਂ ਲੱਗ ਸਕਿਆ ਸੀ। ਬੱਚਾ ਸੱਜੇ ਪਾਸੇ ਸੀ ਅਤੇ ਸੱਜੇ ਪਾਸੇ ਬੱਚੇਦਾਨੀ 'ਤੇ ਦਬਾਅ ਪਾ ਰਿਹਾ ਸੀ। ਉਸ ਸਥਿਤੀ ਕਾਰਨ ਪਿਸ਼ਾਬ ਵਿੱਚ ਪੱਸ ਬਣ ਰਹੀ ਸੀ ਅਤੇ ਇਸੇ ਲਈ ਸਾਨੂੰ ਸਥਿਤੀ ਨੂੰ ਸੰਭਾਲਣ ਲਈ ਔਰਤ ਦੀ ਬੱਚੇਦਾਨੀ ਵਿੱਚ ਸਟੈਂਟ ਲਗਾਉਣਾ ਪਿਆ। ”
ਡਾਕਟਰਾਂ ਨੇ ਸਟੈਂਟ ਲਗਾਉਂਦੇ ਸਮੇਂ ਪੇਟ ਦਾ ਪੂਰਾ ਅਲਟਰਾਸਾਊਂਡ ਕੀਤਾ ਸੀ, ਪਰ ਉਹ ਸਥਿਤੀ ਦਾ ਪਤਾ ਲਗਾਉਣ ਦੇ ਯੋਗ ਨਾ ਹੋ ਸਕੇ। ਡਾਕਟਰ ਨੇ ਅੱਗੇ ਦੱਸਿਆ “ਫਿਰ ਸੀ-ਸੈਕਸ਼ਨ ਰਾਹੀਂ ਬੱਚੇ ਨੂੰ ਜਨਮ ਦੇਣ ਦਾ ਫੈਸਲਾ ਲਿਆ ਗਿਆ ਸੀ। ਜਦੋਂ ਅਸੀਂ ਚੀਰਾ ਲਾਇਆ, ਤਾਂ ਅਸੀਂ ਪਾਇਆ ਕਿ ਬੱਚਾ ਬੱਚੇਦਾਨੀ ਵਿੱਚ ਨਹੀਂ, ਸਗੋਂ ਪੇਟ ਦੀ ਖੁੱਡ ਵਿੱਚ ਸੀ।
ਬੱਚੇ ਨੂੰ ਬਾਹਰ ਕੱਢਣ ਤੋਂ ਬਾਅਦ, ਪਲੇਸੈਂਟਾ (ਔਲ਼) ਅੰਤੜੀ ਨਾਲ ਜੁੜਿਆ ਹੋਇਆ ਪਾਇਆ ਗਿਆ ਅਤੇ "ਬਹੁਤ ਜ਼ਿਆਦਾ ਖੂਨ ਵਗ ਰਿਹਾ ਸੀ" ਜਦੋਂ ਡਾਕਟਰਾਂ ਨੇ ਇਸ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ। ਔਰਤ ਵਿੱਚ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਚਾਰ ਯੂਨਿਟ ਤਾਜ਼ਾ ਜੰਮੇ ਹੋਏ ਪਲਾਜ਼ਮਾ ਤੇ ਤਿੰਨ ਯੂਨਿਟ ਖੂਨ ਦਿੱਤਾ ਗਿਆ।
12 ਘੰਟੇ ਆਈਸੀਯੂ ਵਿੱਚ ਰਹਿਣ ਤੋਂ ਬਾਅਦ ਬੱਚੇ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ, ਜਦੋਂ ਕਿ ਔਰਤ ਨੂੰ 24 ਘੰਟਿਆਂ ਬਾਅਦ ਮੁੱਖ ਵਾਰਡ ਵਿੱਚ ਤਬਦੀਲ ਕਰ ਦਿੱਤਾ ਗਿਆ। ਮਾਂ ਤੇ ਬੱਚਾ ਹੁਣ ਠੀਕ ਹਨ। ਉਨ੍ਹਾਂ ਨੂੰ ਅੱਜ ਸ਼ੁੱਕਰਵਾਰ ਨੂੰ ਛੁੱਟੀ ਦੇ ਦਿੱਤੀ ਜਾਵੇਗੀ। ਇਹ ਔਰਤ ਦਾ ਦੂਜਾ ਬੱਚਾ ਸੀ। ਪਹਿਲਾਂ ਉਸ ਦੇ ਇੱਕ ਲੜਕਾ ਸੀ-ਸੈਕਸ਼ਨ ਰਾਹੀਂ ਹੋਇਆ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904