ਰਿਕਾਰਡ ਤੋੜ ਗਰਮੀ! 70 ਡਿਗਰੀ ਸੈਲਸੀਅਸ ਤੋਂ ਵੀ ਉੱਪਰ ਚਲਿਆ ਜਾਂਦਾ ਤਾਪਮਾਨ
ਆਓ ਜਾਣਦੇ ਹਾਂ ਅੱਜ ਦੁਨੀਆ ਦੀਆਂ ਕੁਝ ਅਜਿਹੀਆਂ ਥਾਵਾਂ ਬਾਰੇ, ਜਿੱਥੇ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ। ਇਨ੍ਹਾਂ ਵਿੱਚੋਂ ਕੁਝ ਥਾਵਾਂ ਦਾ ਤਾਪਮਾਨ 70 ਡਿਗਰੀ ਸੈਲਸੀਅਸ ਤੱਕ ਵੀ ਤੈਅ ਕੀਤਾ ਗਿਆ ਹੈ।
Hottest Places: ਜੂਨ ਚੜ੍ਹਦਿਆਂ ਹੀ ਗਰਮੀ ਨੇ ਜ਼ੋਰ ਫੜ ਲਿਆ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ ਕੁਝ ਦਿਨ ਬਾਰਸ਼ ਹੋ ਸਕਦੀ ਹੈ ਪਰ ਇਸ ਮਗਰੋਂ ਤਾਪਮਾਨ ਮੁੜ ਚੜ੍ਹੇਗਾ। ਬੇਸ਼ੱਕ ਪੰਜਾਬ ਅੰਦਰ ਤਾਪਮਾਨ 45-46 ਡਿਗਰੀ ਤੱਕ ਹੀ ਰਹਿੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਦੁਨੀਆ ਅੰਦਰ ਕਿੱਥੇ ਸਭ ਤੋਂ ਵੱਧ ਗਰਮੀ ਪੈਂਦੀ ਹੈ। ਆਓ ਜਾਣਦੇ ਹਾਂ ਦੁਨੀਆ ਦੀਆਂ ਕੁਝ ਅਜਿਹੀਆਂ ਥਾਵਾਂ ਬਾਰੇ, ਜਿੱਥੇ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ। ਇਨ੍ਹਾਂ ਵਿੱਚੋਂ ਕੁਝ ਥਾਵਾਂ ਦਾ ਤਾਪਮਾਨ 70 ਡਿਗਰੀ ਸੈਲਸੀਅਸ ਤੱਕ ਵੀ ਦਰਜ ਕੀਤਾ ਗਿਆ ਹੈ।
ਦੁਨੀਆ ਵਿੱਚ ਸਭ ਤੋਂ ਗਰਮ ਸਥਾਨ
ਇਰਾਨ ਦੇ ਬੰਦਰ-ਏ-ਮਹਸ਼ਹਰ ਸ਼ਹਿਰ ਵਿੱਚ ਜੁਲਾਈ 2015 ਵਿੱਚ ਵੱਧ ਤੋਂ ਵੱਧ ਤਾਪਮਾਨ 74 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਇੱਥੇ ਵੱਧ ਤੋਂ ਵੱਧ ਤਾਪਮਾਨ 51 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਈਰਾਨ ਦੇ ਹੀ ਦਸ਼ਤ-ਏ-ਲੂਟ 'ਚ 2003 ਤੋਂ 2009 ਦਰਮਿਆਨ ਵੱਧ ਤੋਂ ਵੱਧ ਤਾਪਮਾਨ 70.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਇਸ ਸਮੇਂ ਇਹ ਇਲਾਕਾ ਬਿਲਕੁਲ ਉਜਾੜ ਹੈ, ਇੱਥੇ ਕੋਈ ਵੀ ਇਨਸਾਨ ਨਹੀਂ ਰਹਿੰਦਾ।
ਕਿਬੂਟਜ਼ ਸ਼ਹਿਰ
ਜੂਨ 1942 ਵਿੱਚ ਇਜ਼ਰਾਈਲ ਵਿੱਚ ਤੀਰਤ ਜ਼ਵੀ ਦੇ ਕਿਬੂਟਜ਼ ਸ਼ਹਿਰ ਵਿੱਚ ਵੱਧ ਤੋਂ ਵੱਧ ਤਾਪਮਾਨ 54 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। ਘੱਟ ਗਰਮ ਦਿਨਾਂ ਵਿੱਚ ਵੀ ਇੱਥੇ ਔਸਤ ਤਾਪਮਾਨ 37 ਡਿਗਰੀ ਸੈਲਸੀਅਸ ਰਹਿੰਦਾ ਹੈ।
ਵਾਡੀ ਹਾਲਫਾ ਸ਼ਹਿਰ
ਸੂਡਾਨ ਦੇ ਵਾਡੀ ਹਾਲਫਾ ਸ਼ਹਿਰ ਵਿੱਚ ਮੀਂਹ ਨਹੀਂ ਪੈਂਦਾ। ਜੂਨ ਦੇ ਮਹੀਨੇ ਵਿੱਚ ਇਹ ਸਭ ਤੋਂ ਵੱਧ ਗਰਮ ਹੁੰਦਾ ਹੈ। ਇੱਥੇ ਔਸਤ ਤਾਪਮਾਨ 41 ਡਿਗਰੀ ਸੈਲਸੀਅਸ ਰਹਿੰਦਾ ਹੈ। ਅਪ੍ਰੈਲ 1967 ਵਿਚ ਇੱਥੇ ਸਭ ਤੋਂ ਗਰਮ ਦਿਨ 53 ਡਿਗਰੀ ਸੈਲਸੀਅਸ ਤਾਪਮਾਨ ਨਾਲ ਦਰਜ ਕੀਤਾ ਗਿਆ ਸੀ।
ਟਿੰਬਕਟੂ ਸ਼ਹਿਰ
ਸਹਾਰਾ ਦੇ ਦੱਖਣੀ ਕਿਨਾਰੇ 'ਤੇ ਸਥਿਤ ਮਾਲੀ ਦਾ ਟਿੰਬਕਟੂ ਸ਼ਹਿਰ ਸਰਦੀਆਂ ਦੇ ਮੌਸਮ ਵਿੱਚ ਵੀ ਗਰਮ ਰਹਿੰਦਾ ਹੈ। ਇੱਥੇ ਜਨਵਰੀ ਵਿੱਚ ਵੀ ਔਸਤ ਤਾਪਮਾਨ 30 ਡਿਗਰੀ ਸੈਲਸੀਅਸ ਰਹਿੰਦਾ ਹੈ। ਹੁਣ ਤੱਕ ਇਸ ਦਾ ਵੱਧ ਤੋਂ ਵੱਧ ਤਾਪਮਾਨ 49 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।
ਘਡਾਮੇਸ ਤੇ ਕੇਬੀਲੀ
ਲੀਬੀਆ ਦੇ ਮਾਰੂਥਲ ਦੇ ਮੱਧ ਵਿੱਚ ਸਥਿਤ ਘਡਾਮੇਸ ਦਾ ਔਸਤ ਤਾਪਮਾਨ 40 ਡਿਗਰੀ ਸੈਲਸੀਅਸ ਰਹਿੰਦਾ ਹੈ। ਇਹ ਸਥਾਨ ਯੂਨੈਸਕੋ ਦੀ ਵਿਸ਼ਵ ਵਿਰਾਸਤ ਵਿੱਚ ਵੀ ਸ਼ਾਮਲ ਹੈ। ਇੱਥੇ ਵੱਧ ਤੋਂ ਵੱਧ ਤਾਪਮਾਨ 55 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਟਿਊਨੀਸ਼ੀਆ ਦੇ ਮਾਰੂਥਲ ਸ਼ਹਿਰ ਕੇਬੀਲੀ ਦਾ ਔਸਤ ਤਾਪਮਾਨ ਵੀ 40 ਡਿਗਰੀ ਹੈ। ਇੱਥੇ ਵੀ ਵੱਧ ਤੋਂ ਵੱਧ ਤਾਪਮਾਨ 55 ਡਿਗਰੀ ਸੈਲਸੀਅਸ ਰਿਹਾ।
ਡੈਥ ਵੈਲੀ
ਕੈਲੀਫੋਰਨੀਆ ਦੀ ਡੈਥ ਵੈਲੀ ਦੁਨੀਆ ਦੀਆਂ ਸਭ ਤੋਂ ਗਰਮ ਥਾਵਾਂ 'ਚ ਗਿਣੀ ਜਾਂਦੀ ਹੈ। ਸਾਲ 1913 ਵਿੱਚ ਇੱਥੋਂ ਦਾ ਤਾਪਮਾਨ 56.7 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। ਇੱਥੇ ਔਸਤ ਤਾਪਮਾਨ 47 ਡਿਗਰੀ ਸੈਲਸੀਅਸ ਹੈ। ਡੈਥ ਵੈਲੀ ਅਮਰੀਕਾ ਦੇ ਸਭ ਤੋਂ ਖੁਸ਼ਕ ਸਥਾਨਾਂ ਵਿੱਚ ਗਿਣੀ ਜਾਂਦੀ ਹੈ।