ਹਵਾ ਨਾਲ ਗਰਭਵਤੀ ਹੋ ਗਈ ਮਹਿਲਾ, 15 ਮਿੰਟਾਂ ’ਚ ਹੋ ਗਈ ਡਿਲੀਵਰੀ
ਔਰਤ ਦੇ ਦਾਅਵੇ ਮੁਤਾਬਕ ਦੁਪਹਿਰ ਦੀ ਪ੍ਰਾਥਨਾ ਤੋਂ ਬਾਅਦ ਉਹ ਜਦੋਂ ਆਪਣੇ ਲਿਵਿੰਗ ਰੂਮ ’ਚ ਆਰਾਮ ਕਰ ਰਹੀ ਸੀ, ਤਦ ਅਚਾਨਕ ਉਸ ਨੂੰ ਲੱਗਾ ਜਿਵੇਂ ਹਵਾ ਉਸ ਦੇ ਸਰੀਰ ਵਿੱਚ ਦਾਖ਼ਲ ਹੋ ਰਹੀ ਹੋਵੇ।

ਜਕਾਰਾਤਾ: ਇੰਡੋਨੇਸ਼ੀਆ ਦੀ ਇੱਕ ਔਰਤ ਨੇ ਅਜਿਹਾ ਅਜੀਬ ਦਾਅਵਾ ਕੀਤਾ ਹੈ, ਜਿਸ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਉਸ ਦਾ ਦਾਅਵਾ ਹੈ ਕਿ ਉਹ ਹਵਾ ਨਾਲ ਗਰਭਵਤੀ ਹੋ ਗਈ ਹੈ। ਇੱਕ ਸਥਾਨਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਉਸ ਨੇ ਕਿਹਾ ਕਿ ਉਸ ਨੇ ਕਦੇ ਕਿਸੇ ਮਰਦ ਨਾਲ ਸਰੀਰਕ ਸਬੰਧ ਨਹੀਂ ਬਣਾਇਆ। ਅਚਾਨਕ ਪਈ ਹੋਈ ਸੀ ਕਿ ਹਵਾ ਨਾਲ ਹੀ ਉਹ ਗਰਭਵਤੀ ਹੋ ਗਈ।
ਔਰਤ ਦੇ ਦਾਅਵੇ ਮੁਤਾਬਕ ਦੁਪਹਿਰ ਦੀ ਪ੍ਰਾਥਨਾ ਤੋਂ ਬਾਅਦ ਉਹ ਜਦੋਂ ਆਪਣੇ ਲਿਵਿੰਗ ਰੂਮ ’ਚ ਆਰਾਮ ਕਰ ਰਹੀ ਸੀ, ਤਦ ਅਚਾਨਕ ਉਸ ਨੂੰ ਲੱਗਾ ਜਿਵੇਂ ਹਵਾ ਉਸ ਦੇ ਸਰੀਰ ਵਿੱਚ ਦਾਖ਼ਲ ਹੋ ਰਹੀ ਹੋਵੇ। ਇਸ ਘਟਨਾ ਦੇ 15 ਮਿੰਟਾਂ ਪਿੱਛੋਂ ਉਸ ਦੇ ਢਿੱਡ ਵਿੱਚ ਦਰਦ ਹੋਣ ਲੱਗਾ ਤੇ ਉਸ ਦਾ ਢਿੱਡ ਵੱਡਾ ਹੋਣ ਲੱਗਾ। ਤਦ ਉਹ ਲਾਗਲੇ ਹਸਪਤਾਲ ਪੁੱਜੀ, ਜਿੱਥੇ ਉਸ ਨੇ ਇੱਕ ਤੰਦਰੁਸਤ ਬੱਚੀ ਨੂੰ ਜਨਮ ਦਿੱਤਾ।
ਇਸ ਔਰਤ ਦੀ ਇਹ ਅਜੀਬ ਕਹਾਣੀ ਵਾਇਰਲ ਹੋ ਗਈ। ਫਿਰ ਸਥਾਨਕ ਕਮਿਊਨਿਟੀ ਕਲੀਨਕ ਦੇ ਮੁਖੀ ਇਸ ਬਾਰੇ ਜਾਣਕਾਰੀ ਹਾਸਲ ਕਰਨ ਲਈ ਉਸ ਔਰਤ ਕੋਲ ਪੁੱਜੇ। ਤਦ ਪਤਾ ਚੱਲਿਆ ਕਿ ਉਸ ਔਰਤ ਦਾ ਵਿਆਹ ਹੋ ਚੁੱਕਾ ਹੈ ਪਰ ਉਹ ਆਪਣੇ ਪਤੀ ਤੋਂ ਵੱਖ ਰਹਿ ਰਹੀ ਹੈ। ਉਸ ਦੀ ਪਹਿਲਾਂ ਇੱਕ ਬੱਚੀ ਹੈ।
ਕਮਿਊਨਿਟੀ ਕਲੀਨਿਕ ਦੇ ਮੁਖੀ ਸੁਲੇਮਾਨ ਨੇ ਹਿਕਾ ਕਿ ਇਹ ਇੱਕ ‘ਗੁਪਤ ਗਰਭ ਅਵਸਥਾ’ (Cryptic Pregnancy) ਦਾ ਮਾਮਲਾ ਲੱਗਦਾ ਹੈ, ਜਿਸ ਵਿੱਚ ਔਰਤ ਨੂੰ ਜਣੇਪੇ ਤੋਂ ਪਹਿਲਾਂ ਗਰਭ ਅਵਸਥਾ ਮਹਿਸੂਸ ਹੀ ਨਹੀਂ ਹੁੰਦੀ। ਸਥਾਨਕ ਪੁਲਿਸ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।






















