ਬੰਦੇ ਦੇ ਢਿੱਡ 'ਚ ਹੀ ਬਣਦੀ ਹੈ ਸ਼ਰਾਬ, ਸੁਣ ਕੇ ਅਦਾਲਤ ਵੀ ਰਹਿ ਗਈ ਹੈਰਾਨ…
ਬੈਲਜੀਅਮ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਅਦਾਲਤ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ਤੋਂ ਵਿਅਕਤੀ ਨੂੰ ਬਰੀ ਕਰ ਦਿੱਤਾ। ਪਤਾ ਕਿਉਂ, ਕਿਉਂਕਿ ਉਸ ਵਿਅਕਤੀ ਨੇ ਸ਼ਰਾਬ ਨਹੀਂ ਪੀਤੀ, ਸਗੋਂ ਉਸਦਾ ਸਰੀਰ ਹੀ ਸ਼ਰਾਬ ਪੈਦਾ ਕਰਦਾ ਹੈ।
Auto Brewery Syndrome Case: ਬੈਲਜੀਅਮ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਅਦਾਲਤ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ਤੋਂ ਇਕ ਵਿਅਕਤੀ ਨੂੰ ਬਰੀ ਕਰ ਦਿੱਤਾ ਹੈ। ਪਤਾ ਕਿਉਂ? ਕਿਉਂਕਿ ਉਸ ਵਿਅਕਤੀ ਨੇ ਸ਼ਰਾਬ ਨਹੀਂ ਪੀਤੀ ਸੀ, ਸਗੋਂ ਉਸ ਦਾ ਸਰੀਰ ਹੀ ਸ਼ਰਾਬ ਪੈਦਾ ਕਰਦਾ ਹੈ।
ਕੀ ਤੁਸੀਂ ਹੈਰਾਨ ਹੋ? ਇਹ ਗੱਲ ਸੱਚ ਹੈ। 40 ਸਾਲਾ ਵਿਅਕਤੀ ਨੇ ਅਦਾਲਤ ਵਿੱਚ ਸਾਬਤ ਕਰ ਦਿੱਤਾ ਕਿ ਉਸਨੂੰ ਇੱਕ ਦੁਰਲੱਭ ਬਿਮਾਰੀ ਹੈ। ਉਹ 'Auto Brewery Syndrome' ਦਾ ਮਰੀਜ਼ ਹੈ। ਇਹ ਇੱਕ ਅਜਿਹੀ ਬਿਮਾਰੀ ਹੈ, ਜਿਸ ਵਿੱਚ ਪੇਟ ਦੇ ਅੰਦਰ ਅਲਕੋਹਲ ਪੈਦਾ ਹੁੰਦੀ ਹੈ। ਇਹ ਅਲਕੋਹਲ ਖੂਨ ਵਿੱਚ ਰਲ ਜਾਂਦੀ ਹੈ, ਜਿਸ ਕਾਰਨ ਵਿਅਕਤੀ ਨੂੰ ਨਸ਼ਾ ਮਹਿਸੂਸ ਹੁੰਦਾ ਹੈ। ਇਸ ਖਬਰ ਨੇ ਬੈਲਜੀਅਮ ਦੇ ਮੀਡੀਆ ਵਿੱਚ ਹਲਚਲ ਮਚਾ ਦਿੱਤੀ ਹੈ। ਇਸ ਵਿਅਕਤੀ ਦੇ ਵਕੀਲ ਐਂਸੇ ਗੇਸਕੁਏਰ ਨੇ ਕਿਹਾ ਕਿ ਹੁਣ ਤੱਕ ਪੂਰੀ ਦੁਨੀਆ 'ਚ ਸਿਰਫ 20 ਲੋਕਾਂ 'ਚ ਇਸ ਬੀਮਾਰੀ ਦੀ ਪੁਸ਼ਟੀ ਹੋਈ ਹੈ। ਗੇਸਕੁਏਰ ਨੇ ਆਪਣੇ ਗਾਹਕ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ। ਉਸਨੇ ਕਿਹਾ ਕਿ ਟੈਸਟਾਂ ਤੋਂ ਬਾਅਦ, ਤਿੰਨ ਡਾਕਟਰਾਂ ਨੇ ਸਬੂਤ ਦਿੱਤਾ ਕਿ ਉਸਦਾ ਮੁਵੱਕਿਲ ਏਬੀਐਸ ਤੋਂ ਪੀੜਤ ਸੀ।
ਸਰੀਰ ਵਿੱਚ ਸ਼ਰਾਬ ਦਾ ਕਿ ਮਾਮਲਾ ਹੈ ?
ਬੈਲਜੀਅਮ ਪੁਲਿਸ ਨੇ ਅਪ੍ਰੈਲ 2022 ਵਿੱਚ ਇਸ ਵਿਅਕਤੀ ਦੀ ਕਾਰ ਨੂੰ ਰੋਕਿਆ ਸੀ। ਬ੍ਰੀਥਲਾਈਜ਼ਰ ਟੈਸਟ ਤੋਂ ਪਤਾ ਲੱਗਾ ਕਿ ਉਹ ਸ਼ਰਾਬ ਦੇ ਨਸ਼ੇ 'ਚ ਸੀ। ਇੱਕ ਮਹੀਨੇ ਬਾਅਦ ਟੈਸਟ ਵਿੱਚ ਉਸ ਦੇ ਸਾਹ ਵਿੱਚ 0.71 ਮਿਲੀਗ੍ਰਾਮ ਅਲਕੋਹਲ ਪਾਇਆ ਗਿਆ। ਬੈਲਜੀਅਮ ਵਿੱਚ ਸ਼ਰਾਬ ਦੀ ਕਾਨੂੰਨੀ ਸੀਮਾ 0.22 ਮਿਲੀਗ੍ਰਾਮ ਹੈ। ਇਸ ਤੋਂ ਪਹਿਲਾਂ 2019 ਵਿੱਚ ਵੀ ਇਹ ਵਿਅਕਤੀ ਫੜਿਆ ਗਿਆ ਸੀ। ਫਿਰ ਜੁਰਮਾਨੇ ਦੇ ਨਾਲ-ਨਾਲ ਉਸ ਦਾ ਲਾਇਸੈਂਸ ਵੀ ਮੁਅੱਤਲ ਕਰ ਦਿੱਤਾ ਗਿਆ। ਉਦੋਂ ਵੀ ਇਸ ਵਿਅਕਤੀ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਸ਼ਰਾਬ ਨਹੀਂ ਪੀਤੀ ਸੀ। ਸ਼ਾਇਦ ਉਸ ਨੂੰ ਵੀ ਨਹੀਂ ਪਤਾ ਸੀ ਕਿ ਉਹ ਅਜਿਹੀ ਦੁਰਲੱਭ ਬੀਮਾਰੀ ਦਾ ਮਰੀਜ਼ ਸੀ। ਜਦੋਂ 2022 ਵਿਚ ਉਸ ਦੇ ਖਿਲਾਫ ਕੇਸ ਸ਼ੁਰੂ ਹੋਇਆ ਤਾਂ ਡਾਕਟਰੀ ਜਾਂਚ ਤੋਂ ਇਸ ਗੱਲ ਦਾ ਖੁਲਾਸਾ ਹੋਇਆ।
ਆਖਿਰ ਕਿ ਹੈ Auto Brewery Syndrome ?
ਆਟੋ-ਬ੍ਰਿਊਰੀ ਸਿੰਡਰੋਮ ਜਾਂ ABS ਇੱਕ ਬਹੁਤ ਹੀ ਦੁਰਲੱਭ ਡਾਕਟਰੀ ਸਥਿਤੀ ਹੈ। ਇਸ ਨਾਲ ਪੀੜਤ ਵਿਅਕਤੀ ਦੇ ਪੇਟ ਵਿੱਚ ਕਾਰਬੋਹਾਈਡਰੇਟ ਦਾ ਫਰਮੈਂਟੇਸ਼ਨ ਹੁੰਦਾ ਹੈ, ਜਿਸ ਨਾਲ ਈਥਾਨੌਲ ਪੈਦਾ ਹੁੰਦਾ ਹੈ। ਇਹ ਈਥਾਨੌਲ ਛੋਟੀ ਆਂਦਰ ਵਿੱਚ ਲੀਨ ਹੋ ਜਾਂਦਾ ਹੈ। ਨਸ਼ਾ ਉਦੋਂ ਹੁੰਦਾ ਹੈ ਜਦੋਂ ਖੂਨ ਵਿੱਚ ਅਲਕੋਹਲ ਦੀ ਮਾਤਰਾ ਵੱਧ ਜਾਂਦੀ ਹੈ।