ਝੋਟੇ ਨੇ ਖੜ੍ਹੀ ਕੀਤੀ ਪੁਲਿਸ ਲਈ ਮੁਸੀਬਤ, ਹੁਣ ਡੀਐਨਏ ਟੈਸਟ ਰਾਹੀਂ ਹੋਏਗਾ ਨਿਤਾਰਾ
ਝੋਟਾ ਚੋਰੀ ਹੋਣ ਦਾ ਮਾਮਲਾ ਇੰਨਾ ਵਿਗੜਿਆ ਕਿ ਕਿਸਾਨ ਨੇ ਪੁਲਿਸ ਸੁਪਰੀਟੈਂਡੈਂਟ ਸਾਹਮਣੇ ਡੀਐਨਏ (DNA) ਟੈਸਟ ਕਰਵਾਉਣ ਦੀ ਮੰਗ ਰੱਖ ਦਿੱਤੀ।
ਲਖਨਉ: ਉੱਤਰ ਪ੍ਰਦੇਸ਼ ’ਚ ਮੱਝ ਚੋਰੀ ਹੋਣ ਦੀ ਗੱਲ ਹੁੰਦਿਆਂ ਹੀ ਲੋਕਾਂ ਨੂੰ ਸਮਾਜਵਾਦੀ ਪਾਰਟੀ ਸਰਕਾਰ ਯਾਦ ਆ ਜਾਂਦੀ ਹੈ। ਦਰਅਸਲ, ਉਸ ਵੇਲੇ ਪੁਲਿਸ ਵਿਭਾਗ ਤਤਕਾਲੀਨ ਮੰਤਰੀ ਆਜ਼ਮ ਖ਼ਾਨ ਦੀ ਮੱਝ ਲੱਭਣ ਲੱਗਾ ਸੀ। ਹੁਣ ਇੱਕ ਵਾਰ ਫਿਰ ਉੱਤਰ ਪ੍ਰਦੇਸ਼ ਦੇ ਸ਼ਾਮਲੀ ਤੋਂ ਝੋਟਾ ਚੋਰੀ ਹੋਣ ਦਾ ਅਜਬ-ਗ਼ਜ਼ਬ ਮਾਮਲਾ ਸਾਹਮਣੇ ਆਇਆ ਹੈ।
ਐਤਕੀਂ ਝੋਟਾ ਚੋਰੀ ਹੋਣ ਦਾ ਮਾਮਲਾ ਇੰਨਾ ਵਿਗੜਿਆ ਕਿ ਕਿਸਾਨ ਨੇ ਪੁਲਿਸ ਸੁਪਰੀਟੈਂਡੈਂਟ ਸਾਹਮਣੇ ਡੀਐਨਏ (DNA) ਟੈਸਟ ਕਰਵਾਉਣ ਦੀ ਮੰਗ ਰੱਖ ਦਿੱਤੀ। ਝਿੰਝਾਨਾ ਦੇ ਪਿੰਡ ਅਹਿਮਦਗੜ੍ਹ ਦੇ ਕਿਸਾਨ ਚੰਦਰਪਾਲ ਦਾ ਝੋਟਾ ਅਗਸਤ 2020 ’ਚ ਚੋਰੀ ਹੋਇਆ ਸੀ। ਉਨ੍ਹਾਂ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ।
ਪੁਲਿਸ ਤਾਂ ਉਹ ਝੋਟਾ ਲੱਭ ਨਾ ਸਕੀ ਪਰ ਕਿਸਾਨ ਨੇ ਆਪੇ ਹੀ ਆਪਣਾ ਝੋਟਾ ਲੱਭ ਲਿਆ। ਉਹ ਝੋਟਾ ਸਹਾਰਨਪੁਰ ਦੇ ਗੰਗੋਹ ਦੇ ਪਿੰਡ ਬੀਨਪੁਰ ’ਚ ਕਿਸਾਨ ਸੱਤਿਆਵੀਰ ਸਿੰਘ ਦੇ ਘਰ ਬੱਝਾ ਹੋਇਆ ਸੀ। ਉਸ ਨੇ ਪੁਲਿਸ ਨੂੰ ਜਾ ਕੇ ਦੱਸਿਆ ਪਰ ਸੱਤਿਆਵੀਰ ਸਿੰਘ ਨੇ ਕਿਹਾ ਕਿ ਇਹ ਝੋਟਾ ਤਾਂ ਉਸ ਦਾ ਆਪਣਾ ਹੈ।
ਚੰਦਰਪਾਲ ਜਦੋਂ ਆਪਣਾ ਝੋਟਾ ਲੈਣ ਲਈ ਪੁੱਜੇ, ਤਾਂ ਉੱਥੇ ਝਗੜਾ ਹੋ ਗਿਆ। ਸੱਤਿਆਵੀਰ ਦੀ ਹਮਾਇਤ ’ਚ ਸਰਪੰਚ ਤੇ ਪਿੰਡ ਦੇ ਹੋਰ ਨਿਵਾਸੀ ਆ ਗਏ ਤੇ ਉਹ ਝੋਟਾ ਲਿਜਾਣ ਨਾ ਦਿੱਤਾ। ਚੰਦਰਪਾਲ ਨੇ ਦੱਸਿਆ ਕਿ ਉਸ ਝੋਟੇ ਦੀ ਮਾਂ ਭਾਵ ਮੱਝ ਉਨ੍ਹਾਂ ਦੇ ਘਰ ਅੱਜ ਵੀ ਹੈ। ਇਸ ਲਈ ਝੋਟੇ ਤੇ ਮੱਝ ਦਾ ਡੀਐਨਏ ਟੈਸਟ ਕਰਵਾ ਕੇ ਸੱਚ ਸਾਹਮਣੇ ਆ ਜਾਵੇਗਾ। ਇਸ ਲਈ SP ਕੋਲ ਅਪੀਲ ਕੀਤੀ ਗਈ ਹੈ।