ਜਹਾਜ਼ 'ਚ ਸ਼ਾਕਾਹਾਰੀ ਨੂੰ ਪਰੋਸ ਦਿੱਤਾ ਨੌਨਵੇਜ਼ ਖਾਣਾ; ਕੰਜ਼ਿਊਮਰ ਕੋਰਟ ਨੇ ਏਅਰਵੇਜ਼ ਨੂੰ ਲਾਇਆ ਮੋਟਾ ਹਰਜਾਨਾ
ਚੰਡੀਗੜ੍ਹ ਦੀ ਖਪਤਕਾਰ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਸ਼ਿਕਾਇਤਕਰਤਾ ਨੂੰ 10,000 ਰੁਪਏ ਹਰਜਾਨੇ ਵਜੋਂ ਤੇ 7,000 ਰੁਪਏ ਅਦਾਲਤੀ ਖਰਚੇ ਵਜੋਂ ਅਦਾ ਕੀਤੇ ਜਾਣ।
ਚੰਡੀਗੜ੍ਹ: ਫਲਾਈਟ 'ਚ ਸ਼ਾਕਾਹਾਰੀ ਹਿੰਦੂ ਨੂੰ ਮਾਸਾਹਾਰੀ ਭੋਜਨ ਪਰੋਸਿਆ ਗਿਆ। ਇਸ ਖਿਲਾਫ ਯਾਤਰੀ ਨੇ ਏਅਰਲਾਈਨ ਤੇ ਟਿਕਟ ਬੁਕਿੰਗ ਫਰਮ ਖਿਲਾਫ ਖਪਤਕਾਰ ਅਦਾਲਤ 'ਚ ਕੇਸ ਦਾਇਰ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਸ਼ਿਕਾਇਤਕਰਤਾ ਨੂੰ ਏਅਰਲਾਈਨ ਦੁਆਰਾ ਮਾਸਾਹਾਰੀ ਭੋਜਨ ਪਰੋਸਣਾ ਨਾ ਸਿਰਫ ਲਾਪ੍ਰਵਾਹੀ ਤੇ ਸੇਵਾ 'ਚ ਕੁਤਾਹੀ ਹੈ। ਸਗੋਂ ਇੱਕ ਸ਼ੁੱਧ ਸ਼ਾਕਾਹਾਰੀ ਹਿੰਦੂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਵੀ ਹੈ।
ਅਦਾਲਤ ਨੇ ਕਿਹਾ ਕਿ ਅਜਿਹੇ ਵਿਅਕਤੀ ਲਈ ਮਾਸਾਹਾਰੀ ਖਾਣਾ ਵੀ ਪ੍ਰਮਾਤਮਾ ਦੀ ਨਜ਼ਰ 'ਚ ਪਾਪ ਮੰਨਿਆ ਜਾਂਦਾ ਹੈ। ਹਾਲਾਂਕਿ ਅਜਿਹੇ ਮਾਮਲਿਆਂ 'ਚ ਅਸਲ ਮੁਆਵਜ਼ਾ ਤੈਅ ਨਹੀਂ ਕੀਤਾ ਜਾ ਸਕਦਾ, ਪਰ ਏਅਰਲਾਈਨ ਤੇ ਟਿਕਟ ਬੁਕਿੰਗ ਫਰਮ ਨੂੰ ਮਾਸਾਹਾਰੀ ਭੋਜਨ ਦੇਣ ਕਾਰਨ ਸ਼ਿਕਾਇਤਕਰਤਾ ਦੁਆਰਾ ਮਹਿਸੂਸ ਕੀਤੀ ਭਾਵਨਾ, ਤਣਾਅ ਤੇ ਨਿਰਾਸ਼ਾ ਆਦਿ ਦੇ ਮੱਦੇਨਜ਼ਰ ਸੇਵਾ 'ਚ ਅਣਗਹਿਲੀ ਲਈ ਦੋਸ਼ੀ ਪਾਇਆ ਜਾਂਦਾ ਹੈ।
ਚੰਡੀਗੜ੍ਹ ਦੀ ਖਪਤਕਾਰ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਸ਼ਿਕਾਇਤਕਰਤਾ ਨੂੰ 10,000 ਰੁਪਏ ਹਰਜਾਨੇ ਵਜੋਂ ਤੇ 7,000 ਰੁਪਏ ਅਦਾਲਤੀ ਖਰਚੇ ਵਜੋਂ ਅਦਾ ਕੀਤੇ ਜਾਣ। ਥਾਈ ਏਅਰਵੇਜ਼ ਤੇ ਚੰਡੀਗੜ੍ਹ ਦੀ ਇੱਕ ਪ੍ਰਾਈਵੇਟ ਟਿਕਟ ਬੁਕਿੰਗ ਫਰਮ ਨੂੰ 17,000 ਰੁਪਏ ਦਾ ਹਰਜਾਨਾ ਠੋਕਿਆ ਹੈ। ਇਸ ਮਾਮਲੇ 'ਚ ਅਸ਼ੋਕ ਕੁਮਾਰ ਵਿਜ ਨਾਂ ਦਾ ਵਿਅਕਤੀ ਸ਼ਿਕਾਇਤਕਰਤਾ ਸੀ। ਉਸ ਨੇ 21 ਸਤੰਬਰ, 2018 ਨੂੰ ਦਿੱਲੀ ਤੋਂ ਮੈਲਬਰਨ (ਆਸਟਰੇਲੀਆ) ਲਈ ਹਵਾਈ ਟਿਕਟ ਬੁੱਕ ਕਰਵਾਈ ਸੀ।
ਸ਼ਿਕਾਇਤ ਮੁਤਾਬਕ ਟਿਕਟ 'ਤੇ ਸਾਫ ਲਿਖਿਆ ਹੋਇਆ ਸੀ ਕਿ ਉਸ ਨੇ ਸ਼ਾਕਾਹਾਰੀ ਖਾਣਾ ਲੈਣਾ ਹੈ। ਹਾਲਾਂਕਿ ਜਦੋਂ ਉਸ ਨੇ ਕੁਝ ਬਾਈਟ ਲਏ ਤਾਂ ਉਸ ਨੂੰ ਕੁਝ ਅਜੀਬ ਮਹਿਸੂਸ ਹੋਇਆ। ਫਲਾਈਟ ਸਟਾਫ ਦੇ ਪੁੱਛਣ 'ਤੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਨਾਨ-ਵੈਜ ਪਰੋਸਿਆ ਗਿਆ ਸੀ। ਇਸ ਕਾਰਨ ਅਸ਼ੋਕ ਵਿਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਬੁਰੀ ਤਰ੍ਹਾਂ ਠੇਸ ਪਹੁੰਚੀ। ਇਸ ਲਈ ਉਸ ਨੇ ਥਾਈ ਏਅਰਵੇਜ਼ ਤੇ ਬੁਕਿੰਗ ਫਰਮ ਖਿਲਾਫ ਕੇਸ ਦਾਇਰ ਕਰ ਦਿੱਤਾ।