ਸੱਪ ਜਾਂ ਬਿੱਛੂ ਨਹੀਂ ਸਗੋਂ ਇਹ ਛੋਟਾ ਜਿਹਾ ਘੋਗਾ ਦੁਨੀਆ ਦਾ ਸਭ ਤੋਂ ਜ਼ਹਿਰੀਲਾ ਜੀਵ, ਜ਼ਹਿਰ ਦੀ ਅੱਜ ਤੱਕ ਨਹੀਂ ਲੱਭ ਸਕੀ ਕਾਟ
ਦਰਅਸਲ, ਇਸ ਧਰਤੀ 'ਤੇ ਇਸ ਤੋਂ ਵੀ ਵੱਧ ਜ਼ਹਿਰੀਲੇ ਜੀਵ ਮੌਜੂਦ ਹਨ, ਜਿਨ੍ਹਾਂ ਨੂੰ ਛੂਹਣ ਨਾਲ ਤੁਹਾਡੀ ਜਾਨ ਜਾ ਸਕਦੀ ਹੈ।
Worlds most poisonous animal: ਜੇਕਰ ਤੁਸੀਂ ਸੋਚਦੇ ਹੋ ਕਿ ਇਸ ਸੰਸਾਰ ਵਿੱਚ ਸਿਰਫ਼ ਸੱਪ ਤੇ ਬਿੱਛੂ ਹੀ ਸਭ ਤੋਂ ਜ਼ਹਿਰੀਲੇ ਜੀਵ ਹਨ, ਤਾਂ ਤੁਸੀਂ ਗਲਤ ਹੋ। ਦਰਅਸਲ, ਇਸ ਧਰਤੀ 'ਤੇ ਇਸ ਤੋਂ ਵੀ ਵੱਧ ਜ਼ਹਿਰੀਲੇ ਜੀਵ ਮੌਜੂਦ ਹਨ, ਜਿਨ੍ਹਾਂ ਨੂੰ ਛੂਹਣ ਨਾਲ ਤੁਹਾਡੀ ਜਾਨ ਜਾ ਸਕਦੀ ਹੈ।
ਜੀ ਹਾਂ, ਅਜਿਹਾ ਹੀ ਇੱਕ ਜੀਵ ਹੈ ਜਿਸ ਬਾਰੇ ਅਸੀਂ ਅੱਜ ਗੱਲ ਕਰ ਰਹੇ ਹਾਂ। ਇਹ ਪ੍ਰਾਣੀ ਇੱਕ ਛੋਟਾ ਜਿਹਾ ਘੋਗਾ ਹੈ, ਜੋ ਤੁਹਾਡੇ ਬਗੀਚੇ ਤੇ ਗਮਲੇ ਵਿੱਚ ਵੀ ਪਾਇਆ ਜਾ ਸਕਦਾ ਹੈ। ਇਸ ਤੋਂ ਬਚਣ ਦੀ ਲੋੜ ਹੈ, ਕਿਉਂਕਿ ਇਹ ਇੰਨਾ ਜ਼ਹਿਰੀਲਾ ਹੈ ਕਿ ਇਹ ਕਿਸੇ ਵੀ ਮਨੁੱਖ ਦੀ ਜਾਨ ਲੈ ਸਕਦਾ ਹੈ।
ਇਸ ਘੋਗੇ ਦਾ ਕੀ ਨਾਮ?
ਹਾਉ ਸਟਫ ਵਰਕਸ ਦੀ ਰਿਪੋਰਟ ਅਨੁਸਾਰ, ਇਸ ਘੋਗੇ ਦਾ ਨਾਮ ਜੀਓਗ੍ਰਾਫੀ ਕੋਨ ਸਨੇਲ (ਕੋਨਸ ਜਿਓਗ੍ਰਾਫਸ) ਹੈ। ਇਸ ਜੀਵ ਨੂੰ ਦੁਨੀਆ ਦਾ ਸਭ ਤੋਂ ਜ਼ਹਿਰੀਲਾ ਜੀਵ ਕਿਹਾ ਜਾਂਦਾ ਹੈ। ਮੁੱਖ ਤੌਰ 'ਤੇ ਇੰਡੋ-ਪੈਸੀਫਿਕ ਚੱਟਾਨਾਂ 'ਤੇ ਰਹਿਣ ਵਾਲਾ ਇਹ ਘੋਗਾ ਦੇਖਣ 'ਚ ਛੋਟਾ ਲੱਗਦਾ ਹੈ ਪਰ ਇਹ ਇੰਨਾ ਜ਼ਹਿਰੀਲਾ ਹੈ ਕਿ ਇਹ ਹੁਣ ਤੱਕ ਕਈ ਇਨਸਾਨਾਂ ਦੀ ਜਾਨ ਲੈ ਚੁੱਕਾ ਹੈ।
ਤੁਸੀਂ ਇਸ ਦੇ ਜ਼ਹਿਰ ਦੇ ਪ੍ਰਭਾਵ ਨੂੰ ਇਸ ਤਰ੍ਹਾਂ ਸਮਝ ਸਕਦੇ ਹੋ ਕਿ ਬਿੱਛੂ ਨੂੰ ਆਪਣੇ ਸ਼ਿਕਾਰ ਨੂੰ ਮਾਰਨ ਲਈ ਜਿੰਨੇ ਜ਼ਹਿਰ ਦੀ ਲੋੜ ਹੁੰਦੀ ਹੈ, ਇਹ ਘੋਗਾ ਉਸ ਜ਼ਹਿਰ ਦੇ ਸਿਰਫ 10ਵੇਂ ਹਿੱਸੇ ਨਾਲ ਮਨੁੱਖ ਨੂੰ ਮਾਰ ਸਕਦਾ ਹੈ। ਇਸ ਲਈ ਇਹ ਬੇਹੱਦ ਖਤਰਨਾਕ ਹੈ।
ਹੁਣ ਤੱਕ ਕਿੰਨੇ ਲੋਕ ਮਰ ਚੁੱਕੇ
ਇਸ ਰਿਪੋਰਟ ਮੁਤਾਬਕ ਇਸ ਛੋਟੇ ਜਿਹੇ ਘੋਗੇ ਨੇ ਹੁਣ ਤੱਕ ਘੱਟੋ-ਘੱਟ 30 ਲੋਕਾਂ ਦੀ ਜਾਨ ਲਈ ਹੈ। ਇੰਡੋ-ਪੈਸੀਫਿਕ ਚੱਟਾਨਾਂ 'ਤੇ ਰਹਿਣ ਵਾਲੇ ਇਹ ਜੀਵ ਮਨੁੱਖਾਂ ਦੇ ਜ਼ਿਆਦਾ ਸੰਪਰਕ ਵਿੱਚ ਨਹੀਂ ਆਉਂਦੇ। ਹਾਲਾਂਕਿ, ਕਈ ਵਾਰ ਇਹ ਕੱਪੜੇ ਜਾਂ ਤੁਹਾਡੇ ਸਾਮਾਨ ਨਾਲ ਤੁਹਾਡੇ ਗਾਰਡਨ ਤੱਕ ਪਹੁੰਚ ਜਾਂਦੇ ਹਨ ਤੇ ਫਿਰ ਇਹ ਤੁਹਾਡੇ ਲਈ ਹੋਰ ਵੀ ਖਤਰਨਾਕ ਹੋ ਜਾਂਦੇ ਹਨ।
ਸਭ ਤੋਂ ਵੱਡੀ ਗੱਲ ਇਹ ਹੈ ਕਿ ਹੁਣ ਤੱਕ ਇਸ ਜ਼ਹਿਰ ਤੋਂ ਬਚਣ ਦੀ ਦਵਾਈ ਨਹੀਂ ਬਣ ਸਕੀ। ਯਾਨੀ ਜੇਕਰ ਇਹ ਘੋਗਾ ਤੁਹਾਨੂੰ ਡੰਗ ਮਾਰਦਾ ਹੈ ਤਾਂ ਤੁਹਾਡੀ ਮੌਤ ਲਗਪਗ ਤੈਅ ਹੈ। ਇਸ ਲਈ ਜੇਕਰ ਤੁਸੀਂ ਆਪਣੇ ਆਸ-ਪਾਸ ਕੋਈ ਅਜਿਹਾ ਘੋਗਾ ਦੇਖਦੇ ਹੋ ਤਾਂ ਤੁਰੰਤ ਉਸ ਤੋਂ ਦੂਰ ਹੋ ਜਾਓ ਕਿਉਂਕਿ ਇਹ ਤੁਹਾਡੀ ਜਾਨ ਲੈ ਸਕਦਾ ਹੈ।