ਗੱਡੀਆਂ 'ਚ 6 ਏਅਰਬੈਗ ਅਤੇ ਪਿੱਛੇ ਬੈਠੇ ਲੋਕਾਂ ਲਈ ਸੀਟ ਬੈਲਟ ਹੋਵੇਗੀ ਲਾਜ਼ਮੀ
ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਕਿਹਾ, "ਵਾਹਨਾਂ 'ਚ ਅੱਗੇ ਤੇ ਪਿੱਛੇ ਬੈਠਣ ਵਾਲਿਆਂ ਨੂੰ ਸੀਟ ਬੈਲਟ ਪਹਿਨਣ ਦੀ ਜ਼ਰੂਰਤ ਹੈ। ਕਾਰ 'ਚ 6 ਏਅਰਬੈਗ ਹੋਣਾ ਲਾਜ਼ਮੀ ਕੀਤਾ ਜਾਵੇਗਾ।"

ਨਵੀਂ ਦਿੱਲੀ : ਮਹਾਰਾਸ਼ਟਰ ਦੇ ਪਾਲਘਰ 'ਚ ਇਕ ਸੜਕ ਹਾਦਸੇ 'ਚ ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਮੌਤ ਤੋਂ ਬਾਅਦ ਸੜਕ ਸੁਰੱਖਿਆ ਦਾ ਮੁੱਦਾ ਹੋਰ ਤੇਜ਼ ਹੋ ਗਿਆ ਹੈ। ਜਿੱਥੇ ਮਾਹਿਰਾਂ ਨੇ ਪਿੱਛੇ ਬੈਠੇ ਯਾਤਰੀਆਂ ਲਈ ਸੀਟ ਬੈਲਟ ਲਾਜ਼ਮੀ ਬਣਾਉਣ ਦੀ ਵਕਾਲਤ ਕੀਤੀ ਹੈ, ਉੱਥੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਵੀ ਸਹਿਮਤੀ ਦਿੱਤੀ ਹੈ। ਨਿਤਿਨ ਗਡਕਰੀ ਨੇ ਕਿਹਾ ਕਿ ਆਮ ਆਦਮੀ ਦੀ ਮਾਨਸਿਕਤਾ ਨੂੰ ਬਦਲਣ ਦੀ ਲੋੜ ਹੈ। ਲੋਕ ਸੋਚਦੇ ਹਨ ਕਿ ਪਿੱਛੇ ਬੈਠਣ ਵਾਲਿਆਂ ਨੂੰ ਬੈਲਟ ਦੀ ਲੋੜ ਨਹੀਂ ਹੁੰਦੀ। ਇਹ ਸਮੱਸਿਆ ਹੈ। ਇਕ ਕਾਨਫ਼ਰੰਸ 'ਚ ਬੋਲਦਿਆਂ ਕੇਂਦਰੀ ਮੰਤਰੀ ਨੇ ਕਿਹਾ, "ਮੈਂ ਕਿਸੇ ਹਾਦਸੇ 'ਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ, ਪਰ ਅੱਗੇ ਤੇ ਪਿੱਛੇ ਬੈਠਣ ਵਾਲਿਆਂ ਨੂੰ ਸੀਟ ਬੈਲਟ ਪਹਿਨਣ ਦੀ ਜ਼ਰੂਰਤ ਹੈ।" ਇਸ ਦੇ ਨਾਲ ਹੀ ਨਿਤਿਨ ਗਡਕਰੀ ਨੇ ਵਾਹਨਾਂ 'ਚ 6 ਏਅਰਬੈਗ ਲਾਜ਼ਮੀ ਕਰਨ ਦੀ ਗੱਲ ਵੀ ਕਹੀ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਮੰਤਰਾਲਾ ਇਸ ਬਾਰੇ ਜਾਗਰੂਕਤਾ ਫੈਲਾਉਣ ਲਈ ਬਾਲੀਵੁੱਡ ਸਿਤਾਰਿਆਂ, ਕ੍ਰਿਕਟਰਾਂ ਅਤੇ ਮੀਡੀਆ ਦੀ ਮਦਦ ਲੈ ਰਿਹਾ ਹੈ। ਇਸ ਦੇ ਨਾਲ ਹੀ ਨਿਤਿਨ ਗਡਕਰੀ ਨੇ ਵਾਹਨਾਂ 'ਚ 6 ਏਅਰਬੈਗ ਲਾਜ਼ਮੀ ਕਰਨ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਕਾਰ 'ਚ 6 ਏਅਰਬੈਗ ਹੋਣਾ ਲਾਜ਼ਮੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੰਪਨੀਆਂ ਦਾ ਤਰਕ ਹੈ ਕਿ ਜ਼ਿਆਦਾ ਏਅਰਬੈਗ ਲਗਾਉਣ ਨਾਲ ਕਾਰ ਦੀ ਕੀਮਤ ਵੱਧ ਜਾਵੇਗੀ। ਮੰਤਰੀ ਨੇ ਕਿਹਾ ਕਿ ਇੱਕ ਕਾਰ 'ਚ ਏਅਰਬੈਗ ਲਗਾਉਣ ਦੀ ਲਾਗਤ ਨੂੰ ਘਟਾ ਕੇ 900 ਰੁਪਏ ਤੱਕ ਲਿਆਂਦਾ ਜਾ ਸਕਦਾ ਹੈ।
ਸਾਇਰਸ ਮਿਸਤਰੀ ਦਾ ਹਾਦਸਾ ਬਹੁਤ ਮੰਦਭਾਗਾ : ਨਿਤਿਨ ਗਡਕਰੀ
ਸਾਇਰਸ ਮਿਸਤਰੀ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਸਾਇਰਸ ਮਿਸਤਰੀ ਦਾ ਹਾਦਸਾ ਬਹੁਤ ਮੰਦਭਾਗਾ ਅਤੇ ਦੇਸ਼ ਲਈ ਵੱਡਾ ਝਟਕਾ ਹੈ। ਉਹ ਮੇਰਾ ਬਹੁਤ ਚੰਗਾ ਦੋਸਤ ਸੀ। ਸਾਡੀ ਸਮੱਸਿਆ ਇਹ ਹੈ ਕਿ ਸਾਡੇ ਦੇਸ਼ 'ਚ ਹਰ ਸਾਲ 5 ਲੱਖ ਹਾਦਸੇ ਅਤੇ 1 ਲੱਖ 50 ਹਜ਼ਾਰ ਮੌਤਾਂ ਹੁੰਦੀਆਂ ਹਨ। ਇਨ੍ਹਾਂ ਮੌਤਾਂ 'ਚੋਂ 65% 18 ਤੋਂ 34 ਸਾਲ ਦੀ ਉਮਰ ਵਰਗ ਦੇ ਹਨ। ਪੁਲਿਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਸਾਇਰਸ ਮਿਸਤਰੀ ਕਾਰ ਦੀ ਪਿਛਲੀ ਸੀਟ 'ਤੇ ਸਨ ਅਤੇ ਉਨ੍ਹਾਂ ਨੇ ਵੀ ਸੀਟ ਬੈਲਟ ਨਹੀਂ ਲਗਾਈ ਸੀ। ਮੁੰਬਈ-ਅਹਿਮਦਾਬਾਦ ਹਾਈਵੇਅ 'ਤੇ ਸੂਰਿਆ ਨਦੀ ਦੇ ਪੁਲ 'ਤੇ ਸੜਕ ਦੇ ਡਿਵਾਈਡਰ ਨਾਲ ਟਕਰਾਉਣ ਤੋਂ ਪਹਿਲਾਂ ਕਾਰ ਤੇਜ਼ ਰਫਤਾਰ ਨਾਲ ਜਾ ਰਹੀ ਸੀ।
ਮਾਹਿਰਾਂ ਨੇ ਤੇਜ਼ ਰਫ਼ਤਾਰ ਵਾਹਨਾਂ 'ਤੇ ਨਜ਼ਰ ਰੱਖਣ ਅਤੇ ਪਿੱਛੇ ਬੈਠੀਆਂ ਸਵਾਰੀਆਂ ਲਈ ਸੀਟ ਬੈਲਟ ਲਾਜ਼ਮੀ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਕੇਂਦਰੀ ਸੜਕ ਖੋਜ ਸੰਸਥਾਨ (ਸੀਆਰਆਰਆਈ) ਨਵੀਂ ਦਿੱਲੀ ਦੇ ਮੁੱਖ ਵਿਗਿਆਨੀ ਐਸ ਵੇਲਮੁਰੂਗਨ ਨੇ ਪੀਟੀਆਈ ਨੂੰ ਦੱਸਿਆ, "ਸੜਕਾਂ ਦੇ ਡਿਜ਼ਾਈਨ 'ਚ ਅਸੰਗਤਤਾ ਰਾਸ਼ਟਰੀ ਰਾਜਧਾਨੀ ਦੇ ਕੁਝ ਹਿੱਸਿਆਂ 'ਚ ਦੇਖੀ ਜਾ ਸਕਦੀ ਹੈ, ਜਿਸ 'ਚ ਪੂਰਬੀ ਅਤੇ ਪੱਛਮੀ ਐਕਸਪ੍ਰੈਸਵੇਅ, ਆਊਟਰ ਰਿੰਗ ਰੋਡ ਆਦਿ ਸ਼ਾਮਲ ਹਨ। ਉਦਾਹਰਨ ਲਈ ਕੁਝ ਬਿੰਦੂਆਂ 'ਤੇ ਛੇ-ਮਾਰਗੀ ਸੜਕ ਸਿਰਫ਼ ਚਾਰ-ਮਾਰਗੀ ਬਣ ਜਾਂਦੀ ਹੈ। ਵੱਖ-ਵੱਖ ਥਾਵਾਂ 'ਤੇ ਸੜਕਾਂ ਉੱਚੀਆਂ-ਨੀਵੀਆਂ ਹਨ। ਇਹ ਗੱਲਾਂ ਡ੍ਰਾਈਵਿੰਗ ਕਰਦੇ ਸਮੇਂ ਖ਼ਤਰਾ ਪੈਦਾ ਕਰਦੀਆਂ ਹਨ ਅਤੇ ਇਸ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ।"
11 ਫੀਸਦੀ ਤੋਂ ਵੱਧ ਸੜਕ ਹਾਦਸੇ ਭਾਰਤ 'ਚ ਹੁੰਦੇ ਹਨ
ਉਨ੍ਹਾਂ ਕਿਹਾ ਕਿ ਐਤਵਾਰ ਦੇ ਹਾਦਸੇ ਤੋਂ ਨਿਕਲੇ ਤਿੰਨ ਵੱਡੇ ਸਿੱਟੇ ਇਹ ਹਨ ਕਿ ਸੜਕਾਂ, ਖ਼ਾਸ ਕਰਕੇ ਹਾਈਵੇਅ ਨੂੰ ਇਕਸਾਰ ਤਰੀਕੇ ਨਾਲ ਬਣਾਇਆ ਜਾਣਾ ਚਾਹੀਦਾ ਹੈ। ਸੜਕ 'ਤੇ ਢੁਕਵੇਂ ਸੰਕੇਤ ਹੋਣੇ ਚਾਹੀਦੇ ਹਨ ਅਤੇ ਪਿੱਛੇ ਬੈਠੇ ਵਿਅਕਤੀ ਲਈ ਸੀਟ ਬੈਲਟ ਲਾਜ਼ਮੀ ਕਰਨ ਵਾਲਾ ਕਾਨੂੰਨ ਲਾਗੂ ਕੀਤਾ ਜਾਣਾ ਚਾਹੀਦਾ ਹੈ। ਵੇਲਮੁਰੂਗਨ ਨੇ ਪਿੱਛੇ ਬੈਠੇ ਵਿਅਕਤੀ ਨੂੰ ਸੀਟ ਬੈਲਟ ਲਗਾਉਣ ਅਤੇ ਸ਼ਹਿਰ ਦੀਆਂ ਸੜਕਾਂ 'ਤੇ ਤੇਜ਼ ਰਫ਼ਤਾਰ ਨਾਲ ਚੱਲਣ ਵਾਲੇ ਲੋਕਾਂ ਵਿਰੁੱਧ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦਾ ਸੱਦਾ ਵੀ ਦਿੱਤਾ। ਇੰਟਰਨੈਸ਼ਨਲ ਰੋਡ ਫੈਡਰੇਸ਼ਨ ਦੇ ਅਨੁਸਾਰ ਦੁਨੀਆ 'ਚ ਹੋਣ ਵਾਲੇ ਕੁਲ ਸੜਕ ਹਾਦਸਿਆਂ 'ਚ ਭਾਰਤ ਦਾ ਹਿੱਸਾ 11 ਫ਼ੀਸਦੀ ਤੋਂ ਵੱਧ ਹੈ, ਜਿਸ 'ਚ ਹਰ ਰੋਜ਼ 426 ਲੋਕ ਅਤੇ ਹਰ ਘੰਟੇ 18 ਲੋਕ ਮਰਦੇ ਹਨ। ਫੈਡਰੇਸ਼ਨ ਦੇ ਅਨੁਸਾਰ ਸਾਲ 2021 'ਚ 1.60 ਲੱਖ ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ।






















