ਕੋਰੋਨਾ ਸੰਕਟ ਗੁਜ਼ਰਿਆ, ਸਤੰਬਰ ਮਹੀਨੇ ਕਾਰ ਕੰਪਨੀਆਂ ਦੀ ਬੱਲੇ-ਬੱਲੇ, ਵਿਕਰੀ 'ਚ ਰਿਕਾਰਡ ਵਾਧਾ
ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਦੀ ਘਰੇਲੂ ਵਿਕਰੀ 32.2 ਪ੍ਰਤੀਸ਼ਤ ਵਧ ਕੇ 1,52,608 ਹੋ ਗਈ ਜੋ ਇੱਕ ਸਾਲ ਪਹਿਲਾਂ ਇਸੇ ਮਹੀਨੇ 'ਚ 1,15,452 ਇਕਾਈ ਸੀ।
ਨਵੀਂ ਦਿੱਲੀ: ਦੇਸ਼ ਦੀਆਂ ਸਿਖਰਲੀਆਂ ਦੋ ਕਾਰ ਕੰਪਨੀਆਂ ਮਾਰੂਤੀ ਸਜ਼ੂਕੀ ਤੇ ਹੁੰਡਈ ਮੋਟਰਸ ਨੇ ਸਤੰਬਰ 'ਚ ਵਾਹਨ ਵਿਕਰੀ ਵਿੱਚ ਤੇਜ਼ੀ ਦਰਜ ਕੀਤੀ ਹੈ। ਚਾਲੂ ਵਿੱਤੀ ਵਰ੍ਹੇ ਦੀ ਸ਼ੁਰੂਆਤ 'ਚ ਪਹਿਲਾਂ ਲੌਕਡਾਊਨ ਤੇ ਉਸ ਤੋਂ ਬਾਅਦ ਹੌਲ਼ੀ-ਹੌਲ਼ੀ ਅਰਥਵਿਵਸਥਾ ਅਨਲੌਕ ਦੇ ਦਰਮਿਆਨ ਵਿਕਰੀ 'ਚ ਵਾਧਾ ਕੰਪਨੀਆਂ ਲਈ ਵੱਡੀ ਰਾਹਤ ਦੀ ਖਬਰ ਹੈ।
ਵਿਕਰੀ 'ਚ ਸੁਧਾਰ :
ਇਸ ਤੋਂ ਇਲਾਵਾ ਟਾਟਾ ਮੋਟਰਸ, ਹੌਂਡਾ ਕਾਰਸ ਇੰਡੀਆ, ਸਕੌਡ ਆਟੋ ਇੰਡੀਆ ਤੇ ਕਿਆ ਮੋਟਰਸ ਦੀ ਵਿਕਰੀ 'ਚ ਵੀ ਸੁਧਾਰ ਰਿਹਾ। ਉੱਥੇ ਹੀ ਮਾਨਸੂਨ ਦੇ ਚੰਗੇ ਰਹਿਣ ਤੇ ਸਰਕਾਰ ਦੇ ਘੱਟੋ ਘੱਟ ਸਮਰਥਨ ਮੁੱਲ 'ਚ ਇਜ਼ਾਫਾ ਕਰਨ ਦੇ ਮੱਦੇਨਜ਼ਰ ਟ੍ਰੈਕਟਰ ਕੰਪਨੀਆਂ ਦੀ ਸਮੀਖਿਆ ਵੀ ਚੰਗੀ ਰਹੀ। ਹਾਲਾਂਕਿ ਟੌਇਟਾ ਕਿਰਲੋਸਕਰ ਮੋਟਰਸ, ਮਹਿੰਦਰਾ ਐਂਡ ਮਹਿੰਦਰਾ ਤੇ ਐਮਜੀ ਮੋਟਰ ਜਿਹੀਆਂ ਕੰਪਨੀਆਂ ਦੀ ਵਿਕਰੀ 'ਚ ਗਿਰਾਵਟ ਦਰਜ ਕੀਤੀ ਗਈ।
ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਦੀ ਘਰੇਲੂ ਵਿਕਰੀ 32.2 ਪ੍ਰਤੀਸ਼ਤ ਵਧ ਕੇ 1,52,608 ਹੋ ਗਈ ਜੋ ਇੱਕ ਸਾਲ ਪਹਿਲਾਂ ਇਸੇ ਮਹੀਨੇ 'ਚ 1,15,452 ਇਕਾਈ ਸੀ। ਕੰਪਨੀ ਦੀ ਕੁੱਲ ਵਿਕਰੀ 30.8 ਪ੍ਰਤੀਸ਼ਤ ਵਧ ਕੇ 1,60,442 ਤੇ ਪਹੁੰਚ ਗਈ। ਕੰਪਨੀ ਨੇ ਸਤੰਬਰ 2019 'ਚ 1,22,640 ਵਾਹਨ ਵੇਚੇ ਸਨ।
ਹਾਲਾਂਕਿ ਕੰਪਨੀ ਨੇ ਇੱਕ ਬਿਆਨ 'ਚ ਕਿਹਾ ਕਿ ਸਤੰਬਰ 'ਚ ਉਸ ਦੇ ਵਿਕਰੀ ਪ੍ਰਦਰਸ਼ਨ ਨੂੰ ਪਿਛਲੇ ਸਾਲ ਦੇ ਹੇਲੇ ਪ੍ਰਭਾਵ ਦੇ ਲਿਹਾਜ਼ ਨਾਲ ਦੇਖਿਆ ਜਾਵੇ। ਸਤੰਬਰ ਕੰਪਨੀ ਦੀ ਮਿੰਨੀ ਕਾਰ ਅਲਟੋ ਤੇ ਐਸ-ਪ੍ਰੈਸੋ ਦੀ ਵਿਕਰੀ 35.7 ਪ੍ਰਤੀਸ਼ਤ ਵਧਕੇ 27,246 ਇਕਾਈ ਤੇ ਪਹੁੰਚ ਗਈ। ਜੋ ਪਿਛਲੇ ਸਾਲ ਇਸੇ ਮਹੀਨੇ 'ਚ 20,085 ਇਕਾਈ ਸੀ।
ਇਸ ਤੋਂ ਇਲਾਵਾ ਕੰਪਨੀ ਦੇ ਸਵਿਫਟ, ਸੈਲੇਰੀਓ, ਇਗਨਿਸ, ਬਲੇਨੋ ਤੇ ਡਿਜ਼ਾਇਰ ਮਾਡਲਾਂ ਦੀ ਵਿਕਰੀ 47.3 ਪ੍ਰਤੀਸ਼ਤ ਵਧ ਕੇ 84,213 ਇਕਾਈ 'ਤੇ ਪਹੁੰਚ ਗਈ ਜੋ ਸਤੰਬਰ 2019 'ਚ 57,179 ਇਕਾਈ ਸੀ। ਹਾਲਾਂਕਿ ਕੰਪਨੀ ਦੀ ਮੱਧ ਆਕਾਰਾ ਦੀ ਸੇਡਾਨ ਸਿਆਜ਼ ਦੀ ਵਿਕਰੀ ਇਸ ਦੌਰਾਨ 10.6 ਪ੍ਰਤੀਸ਼ਤ ਘਟ ਕੇ 1,534 ਹੋ ਗਈ ਸੀ ਜੋ ਇੱਕ ਸਾਲ ਪਹਿਲਾਂ ਇਸੇ ਮਹੀਨੇ 'ਚ 1,715 ਇਕਾਈ ਸੀ।
ਸਤੰਬਰ 'ਚ ਕੰਪਨੀ ਦਾ ਨਿਰਯਾਤ ਵੀ 9 ਪ੍ਰਤੀਸ਼ਤ ਵਧ ਕੇ 7,834 ਇਕਾਈ ਰਿਹਾ ਜੋ ਪਿਛਲੇ ਸਾਲ ਇਸੇ ਮਹੀਨੇ 'ਚ 7,188 ਇਕਾਈ ਰਿਹਾ ਸੀ। ਮਾਰੂਤੀ ਦੇ ਨਾਲ ਕੰਪਨੀ ਹੁੰਡਈ ਮੋਟਰ ਇੰਡੀਆ ਲਿਮਿਟਡ ਦੀ ਘਰੇਲੂ ਵਿਕਰੀ ਸਤੰਬਰ 2019 ਦੀ 40,705 ਇਕਾਈਆਂ ਦੇ ਮੁਕਾਬਲੇ 23.6 ਪ੍ਰਤੀਸ਼ਤ ਵਧ ਕੇ 50,313 ਇਕਾਈਆਂ 'ਤੇ ਪਹੁੰਚ ਗਈ। ਇਸ ਦੌਰਾਨ ਕੰਪਨੀ ਦੀ ਕੁੱਲ ਵਿਕਰੀ ਵਧ ਕੇ 59,913 ਇਕਾਈਆਂ 'ਤੇ ਪਹੁੰਚ ਗਈ।
ਸਤੰਬਰ ਦਾ ਮਹੀਨਾ ਸਾਰੀਆਂ ਕੰਪਨੀਆਂ ਦੇ ਚਿਹਰੇ 'ਤੇ ਖੁਸ਼ੀ ਲਿਆਉਣ ਵਾਲਾ ਨਹੀਂ ਰਿਹਾ। ਕੁਝ ਕੰਪਨੀਆਂ ਦੀ ਵਿਕਰੀ ਮਾਯੂਸੀ ਭਰੀ ਵੀ ਰਹੀ। ਇਸ ਦੌਰਾਨ ਘਰੇਲੂ ਵਾਹਨ ਕੰਪਨੀ ਮਹਿੰਦਰਾ ਅਤੇ ਮਹਿੰਦਰਾ ਦੀ ਘਰੇਲੂ ਵਿਕਰੀ 16 ਪ੍ਰਤੀਸ਼ਤ ਦੀ ਗਿਰਾਵਟ ਨਾਲ 34,351 ਵਾਹਨ ਰਹੀ। ਜਦਕਿ ਪਿਛਲੇ ਸਾਲ ਸਤੰਬਰ 'ਚ ਕੰਪਨੀ ਨੇ 40,692 ਵਾਹਨ ਵੇਚੇ ਸਨ। ਇਸ ਦੌਰਾਨ ਕੰਪਨੀ ਦਾ ਨਿਰਯਾਤ 41 ਪ੍ਰਤੀਸ਼ਤ ਘਟ ਕੇ 1,559 ਵਾਹਨ ਰਿਹਾ। ਜੋ ਪਿਛਲੇ ਸਾਲ ਇਸੇ ਮਹੀਨੇ 2,651 ਵਾਹਨ ਸੀ। ਕੰਪਨੀ ਦੀ ਕੁੱਲ ਵਿਕਰੀ ਸਤੰਬਰ 'ਚ 17 ਪ੍ਰਤੀਸ਼ਤ ਗਿਰਾਵਟ ਨਾਲ 35,920 ਵਾਹਨ ਰਹੀ। ਪਿਛਲੇ ਸਾਲ ਕੰਪਨੀ ਨੇ ਇਸ ਮਹੀਨੇ 43,343 ਵਾਹਨਾਂ ਦੀ ਵਿਕਰੀ ਕੀਤੀ ਸੀ।