ਪੰਜਾਬ ਦੀਆਂ ਸੜਕਾਂ ’ਤੇ ਸਫਰ ਕਰਨ ਤੋਂ ਪਹਿਲਾਂ ਸਾਵਧਾਨ! ਭਗਵੰਤ ਮਾਨ ਸਰਕਾਰ ਵੱਲੋਂ ਸਖਤੀ
ਭਗਵੰਤ ਮਾਨ ਸਰਕਾਰ ਨੇ ਪੰਜਾਬ ਵਿੱਚ ਟ੍ਰੈਫਿਕ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਲਈ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀਆਂ ਸੜਕਾਂ ’ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਮਹਿੰਗੀ ਹੈ ਸਕਦੀ ਹੈ।
New traffic rules: ਭਗਵੰਤ ਮਾਨ ਸਰਕਾਰ ਨੇ ਪੰਜਾਬ ਵਿੱਚ ਟ੍ਰੈਫਿਕ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਲਈ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀਆਂ ਸੜਕਾਂ ’ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਮਹਿੰਗੀ ਹੈ ਸਕਦੀ ਹੈ। ਤਾਜ਼ਾ ਹਕਮਾਂ ਮੁਤਾਬਕ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ, ਲਾਲ ਬੱਤੀ ਦੀ ਉਲੰਘਣਾ ਕਰਨ, ਸ਼ਰਾਬ ਪੀ ਕੇ ਗੱਡੀ ਚਲਾਉਣ, ਗੱਡੀ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰਨ ਤੇ ਗੱਡੀਆਂ ਵਿੱਚ ਅਧਿਕਾਰਤ ਤੋਂ ਵੱਧ ਭਾਰ ਲਿਜਾਣ ’ਤੇ ਵੱਡਾ ਜੁਰਮਾਨਾ ਭਰਨਾ ਪੈ ਸਕਦਾ ਹੈ।
ਪੰਜਾਬ ਦੇ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਤਾਜ਼ਾ ਨੋਟੀਫਿਕੇਸ਼ਨ ਮੁਤਾਬਕ ਸ਼ਰਾਬ ਪੀ ਕੇ ਗੱਡੀ ਚਲਾਉਣ ਤੇ ਮੋਬਾਈਲ ਫੋਨ ਦੀ ਵਰਤੋਂ ਕਰਨਾ ਸਭ ਤੋਂ ਸੰਗੀਨ ਜੁਰਮ ਮੰਨਿਆ ਗਿਆ ਹੈ। ਇਸ ਨੋਟੀਫਿਕੇਸ਼ਨ ਤਹਿਤ ਸ਼ਰਾਬ ਪੀ ਕੇ ਗੱਡੀ ਚਲਾਉਣ ਜਾਂ ਗੱਡੀ ਚਲਾਉਂਦੇ ਹੋਏ ਮੋਬਾਈਲ ਫੋਨ ਦੀ ਵਰਤੋਂ ਕਰਨ ਦੇ ਦੋਸ਼ ਹੇਠ ਚਾਲਕ ਨੂੰ ਪਹਿਲੀ ਵਾਰ 5 ਹਜ਼ਾਰ ਰੁਪਏ ਦਾ ਜੁਰਮਾਨਾ ਤੇ ਤਿੰਨ ਮਹੀਨਿਆਂ ਲਈ ਲਾਈਸੰਸ ਮੁਅੱਤਲ ਹੋਣ ਦੀ ਸਜ਼ਾ ਹੋਵੇਗੀ।
ਇਸੇ ਤਰ੍ਹਾਂ ਦੂਜੀ ਵਾਰ ਇਸੇ ਦੋਸ਼ ਹੇਠ ਫੜੇ ਗਏ ਚਾਲਕ ਨੂੰ 10 ਹਜ਼ਾਰ ਰੁਪਏ ਦਾ ਜੁਰਮਾਨਾ ਤੇ ਤਿੰਨ ਮਹੀਨਿਆਂ ਲਈ ਲਾਈਸੰਸ ਮੁਅੱਤਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਲਾਲ ਬੱਤੀ ਦੀ ਉਲੰਘਣਾ ਕਰਨ ਅਤੇ ਨਿਰਧਾਰਿਤ ਗਤੀ ਸੀਮਾ ਤੋਂ ਵੱਧ ਰਫ਼ਤਾਰ ’ਤੇ ਵਾਹਨ ਚਲਾਉਣ ਵਾਲੇ ਨੂੰ ਪਹਿਲੀ ਵਾਰ ਇੱਕ ਹਜ਼ਾਰ ਤੇ ਦੂਜੀ ਵਾਰ ਦੋ ਹਜ਼ਾਰ ਰੁਪਏ ਜੁਰਮਾਨੇ ਸਣੇ ਦੋਵੇਂ ਵਾਰ ਤਿੰਨ-ਤਿੰਨ ਮਹੀਨਿਆਂ ਲਈ ਲਾਈਸੰਸ ਮੁਅੱਤਲ ਕਰਨ ਦੀ ਸਜ਼ਾ ਹੋਵੇਗੀ। ਇਹ ਜੁਰਮਾਨਾ ਦੋ ਪਹੀਆ ਵਾਹਨ ਚਾਲਕਾਂ ’ਤੇ ਵੀ ਲਾਗੂ ਹੋਵੇਗਾ।
ਇਸ ਤੋਂ ਇਲਾਵਾ ਦੋ ਪਹੀਆ ਵਾਹਨਾਂ ’ਤੇ ਵੱਧ ਸਵਾਰੀ ਬਿਠਾਉਣ ’ਤੇ ਪਹਿਲੀ ਵਾਰ ਇੱਕ ਹਜ਼ਾਰ ਤੇ ਦੂਜੀ ਵਾਰ ਦੋ ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ। ਇਸੇ ਤਰ੍ਹਾਂ ਵਪਾਰਕ ਗੱਡੀਆਂ ਵਿੱਚ ਨਿਰਧਾਰਤ ਭਾਰ ਤੋਂ ਵੱਧ ਭਾਰ ਲੋਡ ਕਰਨ ’ਤੇ ਪਹਿਲੀ ਵਾਰ 20 ਹਜ਼ਾਰ ਰੁਪਏ ਜਾਂ 2 ਹਜ਼ਾਰ ਰੁਪਏ ਪ੍ਰਤੀ ਟਨ ਤੇ ਦੂਜੀ ਵਾਰ 40 ਹਜ਼ਾਰ ਰੁਪਏ ਜਾਂ 2 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਜੁਰਮਾਨਾ ਲਾਇਆ ਜਾਵੇਗਾ।
ਇਨ੍ਹਾਂ ਸਾਰੀਆਂ ਹਾਲਤਾਂ ਵਿੱਚ ਲਾਈਸੰਸ ਵੀ ਮੁਅੱਤਲ ਕੀਤਾ ਜਾਵੇਗਾ। ਟਰਾਂਸਪੋਰਟ ਵਿਭਾਗ ਦੇ ਸੂਤਰਾਂ ਅਨੁਸਾਰ ਕਿ ਪੰਜਾਬ ਦੀਆਂ ਸੜਕਾਂ ’ਤੇ ਵਾਹਨਾ ਦੀ ਗਤੀ ਸੀਮਾ ਚੈੱਕ ਕਰਨ ਲਈ ਕੈਮਰਿਆਂ ਦੀ ਵਿਵਸਥਾ ਵੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਸ ਵੇਲੇ ਪੰਜਾਬ ਦੀਆਂ ਸੜਕਾਂ ਉੱਪਰ ਵਾਹਨ ਚਾਲਕਾਂ ਵੱਲੋਂ ਟ੍ਰੈਫਿਕ ਨਿਯਮਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ ਜਾਂਦੀ। ਟ੍ਰੈਫਿਕ ਪੁਲਿਸ ਵੀ ਇਸ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ। ਇਸ ਲਈ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ।