ਪੰਜਾਬ ਨਹੀਂ ਹਰਿਆਣਾ 'ਚ ਹੋ ਰਿਹਾ ਵੱਡਾ ਨਿਵੇਸ਼ ! ਲੱਗਣ ਜਾ ਰਿਹਾ ਮਾਰੂਤੀ ਦਾ ਤੀਜਾ ਪਲਾਂਟ, 7,410 ਕਰੋੜ ਰੁਪਏ ਦਾ ਪ੍ਰਾਜੈਕਟ
ਇਹ ਹਰਿਆਣਾ ਵਿੱਚ ਮਾਰੂਤੀ ਸੁਜ਼ੂਕੀ ਦਾ ਤੀਜਾ ਪਲਾਂਟ ਹੋਵੇਗਾ ਜੋ ਖਰਖੋਦਾ ਵਿੱਚ ਸ਼ੁਰੂ ਹੋਵੇਗਾ। ਇਸ ਲਈ ਕੰਪਨੀ ਨੇ 7,410 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਪਲਾਂਟ ਦੀ ਉਤਪਾਦਨ ਸਮਰੱਥਾ 2.5 ਲੱਖ ਪ੍ਰਤੀ ਸਾਲ ਹੋਵੇਗੀ।
Maruti Suzuki Kharkhoda Plant: ਦੇਸ਼ ਦੀ ਸਭ ਤੋਂ ਵੱਡੀ ਯਾਤਰੀ ਵਾਹਨ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਆਪਣੀ ਉਤਪਾਦਨ ਸਮਰੱਥਾ ਵਧਾਉਣ ਲਈ ਲਗਾਤਾਰ ਯਤਨਸ਼ੀਲ ਹੈ। ਕੰਪਨੀ ਹੁਣ ਹਰਿਆਣਾ ਵਿੱਚ ਆਪਣਾ ਤੀਜਾ ਪਲਾਂਟ ਸਥਾਪਤ ਕਰਨ ਜਾ ਰਹੀ ਹੈ। ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਨੇ ਇਸ ਲਈ ਮਨਜ਼ੂਰੀ ਦੇ ਦਿੱਤੀ ਹੈ ਤੇ ਇਹ ਐਲਾਨ ਬੋਰਡ ਮੀਟਿੰਗ ਤੋਂ ਬਾਅਦ ਕੀਤਾ ਗਿਆ ਹੈ। ਕੰਪਨੀ ਘਰੇਲੂ ਬਾਜ਼ਾਰ ਅਤੇ ਨਿਰਯਾਤ ਦੀ ਮੰਗ ਨੂੰ ਪੂਰਾ ਕਰਨ ਲਈ ਇਹ ਨਵਾਂ ਪਲਾਂਟ ਸਥਾਪਤ ਕਰਨ ਜਾ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਇਹ ਹਰਿਆਣਾ ਵਿੱਚ ਮਾਰੂਤੀ ਸੁਜ਼ੂਕੀ ਦਾ ਤੀਜਾ ਪਲਾਂਟ ਹੋਵੇਗਾ ਜੋ ਖਰਖੋਦਾ ਵਿੱਚ ਸ਼ੁਰੂ ਹੋਵੇਗਾ। ਇਸ ਲਈ ਕੰਪਨੀ ਨੇ 7,410 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਪਲਾਂਟ ਦੀ ਉਤਪਾਦਨ ਸਮਰੱਥਾ 2.5 ਲੱਖ ਪ੍ਰਤੀ ਸਾਲ ਹੋਵੇਗੀ। ਇਸ ਵਾਧੂ ਪਲਾਂਟ ਦੇ ਨਾਲ ਖਰਖੋਦਾ ਸਾਈਟ 'ਤੇ ਮਾਰੂਤੀ ਸੁਜ਼ੂਕੀ ਦੀ ਕੁੱਲ ਉਤਪਾਦਨ ਸਮਰੱਥਾ ਪੂਰੀ ਤਰ੍ਹਾਂ ਚਾਲੂ ਹੋਣ ਤੋਂ ਬਾਅਦ ਪ੍ਰਤੀ ਸਾਲ 7.5 ਲੱਖ ਯੂਨਿਟ ਤੱਕ ਪਹੁੰਚਣ ਦੀ ਉਮੀਦ ਹੈ। ਕੰਪਨੀ ਦੀ ਯੋਜਨਾ 2029 ਤੱਕ ਨਵੇਂ ਪਲਾਂਟ ਨੂੰ ਪੂਰਾ ਕਰਨ ਦੀ ਹੈ।
ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਵਿੱਚ ਸਥਿਤ ਖਰਖੋਦਾ ਪਲਾਂਟ, ਮਾਰੂਤੀ ਸੁਜ਼ੂਕੀ ਦੇ ਨਿਰਮਾਣ ਨੈੱਟਵਰਕ ਵਿੱਚ ਮੁਕਾਬਲਤਨ ਨਵਾਂ ਹੈ। ਇਸ ਸਥਾਨ 'ਤੇ ਪਹਿਲੇ ਪਲਾਂਟ ਨੇ ਪਿਛਲੇ ਮਹੀਨੇ ਫਰਵਰੀ 2025 ਵਿੱਚ ਵਪਾਰਕ ਕੰਮ ਸ਼ੁਰੂ ਕੀਤਾ ਸੀ ਜਿਸ ਵਿੱਚ ਕੰਪਨੀ ਦੀ ਮਸ਼ਹੂਰ SUV ਮਾਰੂਤੀ ਬ੍ਰੇਜ਼ਾ ਦਾ ਉਤਪਾਦਨ ਕੀਤਾ ਗਿਆ ਸੀ। 2.5 ਲੱਖ ਯੂਨਿਟ ਦੀ ਉਤਪਾਦਨ ਸਮਰੱਥਾ ਵਾਲਾ ਦੂਜਾ ਪਲਾਂਟ ਨਿਰਮਾਣ ਅਧੀਨ ਹੈ।
ਖਰਖੋਦਾ ਦਾ ਸਥਾਨ ਮਾਰੂਤੀ ਸੁਜ਼ੂਕੀ ਦੇ ਸੰਚਾਲਨ ਲਈ ਬਹੁਤ ਮਹੱਤਵਪੂਰਨ ਤੇ ਲਾਭਦਾਇਕ ਹੈ। ਸੋਨੀਪਤ ਤੋਂ ਲਗਭਗ 19 ਕਿਲੋਮੀਟਰ ਦੂਰ ਸਥਿਤ ਤੇ ਕੁੰਡਲੀ ਮਾਨੇਸਰ ਪਲਵਲ ਐਕਸਪ੍ਰੈਸਵੇਅ ਨਾਲ ਸ਼ਾਨਦਾਰ ਸੰਪਰਕ ਦੇ ਨਾਲ, ਇਹ ਸਾਈਟ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਅਤੇ ਲੌਜਿਸਟਿਕਸ ਦੀ ਪੇਸ਼ਕਸ਼ ਕਰਦੀ ਹੈ। ਕੰਪਨੀ ਨੇ ਇਸ ਨਿਰਮਾਣ ਕੇਂਦਰ ਲਈ ਆਈਐਮਟੀ ਖਰਖੋਦਾ ਵਿੱਚ 900 ਏਕੜ ਜ਼ਮੀਨ ਪ੍ਰਾਪਤ ਕੀਤੀ ਹੈ। ਜੋ ਕਿ ਇਸ ਖੇਤਰ ਦੇ ਸਮੁੱਚੇ ਵਿਕਾਸ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਏਗਾ।
1981 ਵਿੱਚ ਭਾਰਤ ਸਰਕਾਰ ਤੇ ਜਾਪਾਨ ਦੀ ਸੁਜ਼ੂਕੀ ਮੋਟਰ ਕਾਰਪੋਰੇਸ਼ਨ ਦੇ ਸਾਂਝੇ ਉੱਦਮ ਵਜੋਂ ਸ਼ੁਰੂ ਹੋਈ, ਮਾਰੂਤੀ ਸੁਜ਼ੂਕੀ ਅੱਜ ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਹੈ। ਮਾਰੂਤੀ ਸੁਜ਼ੂਕੀ ਦੀ ਘਰੇਲੂ ਬਾਜ਼ਾਰ ਦੇ ਯਾਤਰੀ ਵਾਹਨ ਹਿੱਸੇ ਵਿੱਚ ਲਗਭਗ 40% ਹਿੱਸੇਦਾਰੀ ਹੈ। ਪਿਛਲੇ ਕੁਝ ਸਾਲਾਂ ਵਿੱਚ ਨਵੇਂ ਖਿਡਾਰੀਆਂ ਦੇ ਆਉਣ ਕਾਰਨ ਕੰਪਨੀ ਦਾ ਬਾਜ਼ਾਰ ਹਿੱਸਾ ਥੋੜ੍ਹਾ ਘੱਟ ਗਿਆ ਹੈ। ਪਹਿਲਾਂ ਮਾਰੂਤੀ ਸੁਜ਼ੂਕੀ ਦਾ ਹਿੱਸਾ 50% ਤੋਂ ਵੱਧ ਹੁੰਦਾ ਸੀ।
ਮਾਰੂਤੀ ਸੁਜ਼ੂਕੀ ਹਰਿਆਣਾ ਦੇ ਆਪਣੇ ਮਾਨੇਸਰ ਅਤੇ ਗੁਰੂਗ੍ਰਾਮ ਪਲਾਂਟਾਂ ਤੋਂ ਵੀ ਵਾਹਨਾਂ ਦਾ ਨਿਰਮਾਣ ਕਰਦੀ ਹੈ। ਮਾਰੂਤੀ ਸੁਜ਼ੂਕੀ ਕੋਲ ਭਾਰਤ ਦੇ 2,304 ਸ਼ਹਿਰਾਂ ਵਿੱਚ 4,564 ਟੱਚ ਪੁਆਇੰਟਾਂ ਦਾ ਵਿਸ਼ਾਲ ਨੈੱਟਵਰਕ ਹੈ।






















