Maruti Suzuki Sale: ਮਾਰੂਤੀ ਦੇ ਨਾਂ ਇੱਕ ਹੋਰ ਰਿਕਾਰਡ, ਪੇਂਡੂ ਬਾਜ਼ਾਰਾਂ ’ਚ 50 ਲੱਖ ਦਾ ਅੰਕੜਾ ਪਾਰ
ਕੰਪਨੀ ਨੇ ਕਿਹਾ ਕਿ ਉਸ ਨੇ ਭਾਰਤ ਦੇ ਦਿਹਾਤੀ ਬਾਜ਼ਾਰਾਂ ਵਿਚ ਕੁੱਲ 50 ਲੱਖ ਦੀ ਵਿਕਰੀ ਦਾ ਅੰਕੜਾ ਪਾਰ ਕਰ ਲਿਆ ਹੈ।

ਨਵੀਂ ਦਿੱਲੀ: Maruti Suzuki Sale: ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ‘ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ’ (ਐਮਐਸਆਈਐਲ MSIL) ਨੇ ਇਕ ਹੋਰ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਅੱਜ ਇਕ ਬਿਆਨ ਜਾਰੀ ਕਰਦਿਆਂ ਕੰਪਨੀ ਨੇ ਕਿਹਾ ਕਿ ਉਸ ਨੇ ਭਾਰਤ ਦੇ ਦਿਹਾਤੀ ਬਾਜ਼ਾਰਾਂ ਵਿਚ ਕੁੱਲ 50 ਲੱਖ ਦੀ ਵਿਕਰੀ ਦਾ ਅੰਕੜਾ ਪਾਰ ਕਰ ਲਿਆ ਹੈ। ਕੰਪਨੀ ਨੇ ਕਿਹਾ ਕਿ ਇਸ ਦੇ ਦੇਸ਼ ਦੇ ਪੇਂਡੂ ਹਿੱਸਿਆਂ ਵਿਚ 1,700 ਤੋਂ ਵੱਧ ਕਸਟਮਾਈਜ਼ਡ ਆਊਟਲੈਟਸ ਹਨ ਤੇ ਅੱਜ ਦੇਸ਼ ਭਰ ਵਿਚ ਇਸ ਦੀ ਕੁੱਲ ਵਿਕਰੀ ਦਾ 40 ਪ੍ਰਤੀਸ਼ਤ ਦਿਹਾਤੀ ਬਾਜ਼ਾਰਾਂ ਵਿਚੋਂ ਆਉਂਦਾ ਹੈ।
ਐਮਐਸਆਈਐਲ (MSIL) ਦੇ ਸੀਨੀਅਰ ਕਾਰਜਕਾਰੀ ਡਾਇਰੈਕਟਰ (ਮਾਰਕੀਟਿੰਗ ਅਤੇ ਸੇਲਜ਼) ਸ਼ਸ਼ਾਂਕ ਸ਼੍ਰੀਵਾਸਤਵ ਨੇ ਕਿਹਾ, “ਸਾਨੂੰ ਇਹ ਐਲਾਨ ਕਰਦਿਆਂ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਆਪਣੇ ਗ੍ਰਾਹਕਾਂ ਅਤੇ ਸਥਾਨਕ ਡੀਲਰਾਂ ਦੇ ਸਹਿਯੋਗ ਨਾਲ, ਦਿਹਾਤੀ ਭਾਰਤ ਵਿੱਚ ਕੁੱਲ ਵਿਕਰੀ ਦੇ ਮਾਮਲੇ ਵਿੱਚ 50 ਲੱਖ ਦਾ ਅੰਕੜਾ ਪਾਰ ਕਰ ਚੁੱਕੇ ਹਾਂ।” ਉਨ੍ਹਾਂ ਕਿਹਾ, "ਦਿਹਾਤੀ ਬਜ਼ਾਰਾਂ ਦਾ ਕੰਪਨੀ ਦੇ ਕਾਰੋਬਾਰ ਵਿੱਚ ਵਿਸ਼ੇਸ਼ ਸਥਾਨ ਹੈ। ਸਾਲਾਂ ਤੋਂ ਅਸੀਂ ਧਿਆਨ ਨਾਲ ਇਸ ਵਰਗ ਦੀਆਂ ਜ਼ਰੂਰਤਾਂ ਦਾ ਅਧਿਐਨ ਕੀਤਾ ਹੈ। ਅਸੀਂ ਪੇਂਡੂ ਭਾਰਤ ਵਿਚ ਗਾਹਕਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਉਤਪਾਦਾਂ ਤੇ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹਾਂ।"
ਕੰਪਨੀ ਦੀਆਂ ਦਿਹਾਤੀ ਖੇਤਰਾਂ ਵਿੱਚ ਬਹੁਤ ਸਾਰੀਆਂ ਵਿਸ਼ੇਸ਼ ਪਹਿਲਕਦਮੀਆਂ
ਐਮਐਸਆਈਐਲ (MSIL) ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ, ਪੇਂਡੂ ਖੇਤਰਾਂ ਵਿੱਚ ਸਾਡੇ ਗਾਹਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ, ਅਸੀਂ ਬਹੁਤ ਸਾਰੇ ਉਪਰਾਲੇ ਕੀਤੇ ਹਨ। ਵੱਡੇ ਪੇਂਡੂ ਵਿਕਰੀ ਨੈੱਟਵਰਕ ਤੋਂ ਇਲਾਵਾ ਉਸ ਨੇ ਪੇਂਡੂ ਗ੍ਰਾਹਕਾਂ ਨੂੰ ਵਿਕਰੀ ਤੋਂ ਬਾਅਦ ਸਹਾਇਤਾ ਪ੍ਰਦਾਨ ਕਰਨ ਲਈ 4,000 ਤੋਂ ਵੱਧ ‘ਸਰਵਿਸ ਟੱਚ ਪੁਆਇੰਟ’ ਸਥਾਪਤ ਕੀਤੇ ਹਨ, ਜਿਨ੍ਹਾਂ ਵਿਚ 235 'ਸਰਵਿਸ-ਔਨ-ਵ੍ਹੀਲਜ਼' ਸ਼ਾਮਲ ਹਨ।
ਕੰਪਨੀ ਦੁਆਰਾ ਜਾਰੀ ਅੰਕੜਿਆਂ ਅਨੁਸਾਰ ਚਾਲੂ ਵਿੱਤੀ ਸਾਲ ਦੇ ਅਪ੍ਰੈਲ-ਜੂਨ ਦੌਰਾਨ, ਉਸ ਦੀ ਕੁੱਲ ਵਿਕਰੀ 3,53,614 ਇਕਾਈਆਂ ਰਹੀ। ਉਸੇ ਸਮੇਂ, ਵਿੱਤੀ ਸਾਲ 2020-21 ਵਿਚ ਕੁੱਲ ਵਿਕਰੀ 14,57,861 ਇਕਾਈ ਸੀ, ਜੋ ਸਾਲ 2019-20 ਵਿੱਚ 15,63,297 ਇਕਾਈਆਂ ਦੀ ਕੁੱਲ ਵਿਕਰੀ ਤੋਂ ਘੱਟ ਸੀ।






















