3,000 ਗੱਡੀਆਂ ਲਜਾ ਰਹੇ ਜਹਾਜ਼ ਵਿੱਚ ਲੱਗੀ ਭਿਆਨਕ ਅੱਗ ! 750 ਇਲੈਕਟ੍ਰਿਕ ਕਾਰਾਂ ਸੜ ਕੇ ਸੁਆਹ, ਜਾਣੋ ਇਸ ਵੱਡੇ ਹਾਦਸੇ ਦੀ ਵਜ੍ਹਾ
ਹਾਲਾਂਕਿ ਇਸ ਵਾਰ ਅੱਗ ਲੱਗਣ ਦਾ ਕਾਰਨ ਸਪੱਸ਼ਟ ਨਹੀਂ ਹੈ, ਪਰ ਇਲੈਕਟ੍ਰਿਕ ਵਾਹਨਾਂ ਦੀਆਂ ਬੈਟਰੀਆਂ 'ਤੇ ਸ਼ੱਕ ਕੀਤਾ ਜਾ ਰਿਹਾ ਹੈ। ਪਹਿਲਾਂ ਵੀ ਅਜਿਹੀਆਂ ਕਈ ਘਟਨਾਵਾਂ ਵਾਪਰੀਆਂ ਹਨ, ਜਿੱਥੇ ਈਵੀ ਲੈ ਕੇ ਜਾਣ ਵਾਲੇ ਜਹਾਜ਼ਾਂ ਵਿੱਚ ਅਚਾਨਕ ਅੱਗ ਲੱਗ ਗਈ

ਅਲਾਸਕਾ ਦੇ ਤੱਟ 'ਤੇ ਇੱਕ ਵੱਡਾ ਹਾਦਸਾ ਟਲ ਗਿਆ, ਪਰ ਖ਼ਤਰਾ ਅਜੇ ਟਲਿਆ ਨਹੀਂ ਹੈ। ਬ੍ਰਿਟਿਸ਼-ਪ੍ਰਬੰਧਿਤ ਇੱਕ ਕਾਰਗੋ ਜਹਾਜ਼, ਮੌਰਨਿੰਗ ਮਿਡਾਸ, ਵਿੱਚ ਅੱਗ ਲੱਗ ਗਈ ਹੈ, ਜਿਸ ਵਿੱਚ 3,000 ਤੋਂ ਵੱਧ ਵਾਹਨ ਸਨ। ਇਨ੍ਹਾਂ ਵਿੱਚੋਂ 750 ਇਲੈਕਟ੍ਰਿਕ ਜਾਂ ਹਾਈਬ੍ਰਿਡ ਕਾਰਾਂ ਸਨ।
ਅਲਾਸਕਾ ਕੋਸਟ ਗਾਰਡ ਦੇ ਅਨੁਸਾਰ, ਉਨ੍ਹਾਂ ਨੂੰ ਐਤਵਾਰ ਨੂੰ ਇੱਕ ਐਮਰਜੈਂਸੀ ਕਾਲ ਆਈ ਜਿਸ ਵਿੱਚ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਕਿ ਮਾਰਨਿੰਗ ਮਿਡਾਸ ਨਾਮ ਦੇ ਇੱਕ ਜਹਾਜ਼ ਨੂੰ ਅੱਗ ਲੱਗ ਗਈ ਹੈ। ਇਸ ਜਹਾਜ਼ ਵਿੱਚ 22 ਚਾਲਕ ਦਲ ਦੇ ਮੈਂਬਰ ਸਨ, ਜਿਨ੍ਹਾਂ ਨੂੰ ਬਾਅਦ ਵਿੱਚ ਇੱਕ ਨਿੱਜੀ ਜਹਾਜ਼ ਦੀ ਮਦਦ ਨਾਲ ਸੁਰੱਖਿਅਤ ਬਾਹਰ ਕੱਢਿਆ ਗਿਆ।
ਇਹ ਜਹਾਜ਼ ਇਸ ਸਮੇਂ ਅਲਾਸਕਾ ਦੇ ਐਡਕ ਖੇਤਰ ਤੋਂ ਲਗਭਗ 547 ਕਿਲੋਮੀਟਰ ਦੱਖਣ-ਪੱਛਮ ਵਿੱਚ ਮੌਜੂਦ ਹੈ ਤੇ ਅਜੇ ਵੀ ਸੜ ਰਿਹਾ ਹੈ। ਹਾਲਾਂਕਿ, ਰਾਹਤ ਦੀ ਗੱਲ ਇਹ ਹੈ ਕਿ ਹੁਣ ਤੱਕ ਇਸ ਦੇ ਡੁੱਬਣ ਜਾਂ ਝੁਕਣ ਦੇ ਕੋਈ ਸੰਕੇਤ ਨਹੀਂ ਹਨ।
ਇਸ ਜਹਾਜ਼ 'ਤੇ ਲੱਦੇ ਲਗਭਗ 750 ਇਲੈਕਟ੍ਰਿਕ ਜਾਂ ਹਾਈਬ੍ਰਿਡ ਵਾਹਨਾਂ ਵਿੱਚੋਂ ਜ਼ਿਆਦਾਤਰ ਵਿੱਚ ਲਿਥੀਅਮ-ਆਇਨ ਬੈਟਰੀਆਂ ਹਨ। ਇਨ੍ਹਾਂ ਬੈਟਰੀਆਂ ਨੂੰ ਆਮ ਤੌਰ 'ਤੇ ਸੁਰੱਖਿਅਤ ਮੰਨਿਆ ਜਾਂਦਾ ਹੈ, ਪਰ ਜੇਕਰ ਉਨ੍ਹਾਂ ਨੂੰ ਝਟਕਾ ਲੱਗਦਾ ਹੈ, ਜਾਂ ਉਹ ਖਰਾਬ ਹੋ ਜਾਂਦੀਆਂ ਹਨ, ਤਾਂ ਇਹ ਬਹੁਤ ਗਰਮ ਹੋ ਸਕਦੀਆਂ ਹਨ ਤੇ ਅੱਗ ਫੜ ਸਕਦੀਆਂ ਹਨ।
ਹਾਲਾਂਕਿ ਇਸ ਵਾਰ ਅੱਗ ਲੱਗਣ ਦਾ ਕਾਰਨ ਸਪੱਸ਼ਟ ਨਹੀਂ ਹੈ, ਪਰ ਇਲੈਕਟ੍ਰਿਕ ਵਾਹਨਾਂ ਦੀਆਂ ਬੈਟਰੀਆਂ 'ਤੇ ਸ਼ੱਕ ਕੀਤਾ ਜਾ ਰਿਹਾ ਹੈ। ਪਹਿਲਾਂ ਵੀ ਅਜਿਹੀਆਂ ਕਈ ਘਟਨਾਵਾਂ ਵਾਪਰੀਆਂ ਹਨ, ਜਿੱਥੇ ਈਵੀ ਲੈ ਕੇ ਜਾਣ ਵਾਲੇ ਜਹਾਜ਼ਾਂ ਵਿੱਚ ਅਚਾਨਕ ਅੱਗ ਲੱਗ ਗਈ ਤੇ ਜ਼ਿਆਦਾਤਰ ਮਾਮਲਿਆਂ ਵਿੱਚ ਬੈਟਰੀਆਂ ਨੂੰ ਅੱਗ ਲੱਗਣ ਦਾ ਕਾਰਨ ਮੰਨਿਆ ਜਾਂਦਾ ਸੀ।
ਲਾਸ ਏਂਜਲਸ ਟਾਈਮਜ਼ ਦੇ ਅਨੁਸਾਰ, ਐਤਵਾਰ ਤੱਕ, ਨੇੜੇ ਕੋਈ ਅੱਗ ਬੁਝਾਊ ਜਹਾਜ਼ ਨਹੀਂ ਸੀ ਜੋ ਅੱਗ ਬੁਝਾਉਣ ਵਿੱਚ ਮਦਦ ਕਰ ਸਕੇ। ਬਚਾਅ ਟੀਮ ਦੇ ਸੋਮਵਾਰ ਨੂੰ ਪਹੁੰਚਣ ਦੀ ਉਮੀਦ ਹੈ, ਜੋ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰੇਗੀ। ਇਸ ਦੇ ਨਾਲ ਹੀ, ਕੋਸਟ ਗਾਰਡ ਦੁਆਰਾ ਜਾਰੀ ਕੀਤੀ ਗਈ ਇੱਕ ਵੀਡੀਓ ਫੁਟੇਜ ਵਿੱਚ, ਇਹ ਦੇਖਿਆ ਜਾ ਸਕਦਾ ਹੈ ਕਿ ਇਹ 600 ਫੁੱਟ ਲੰਬਾ ਜਹਾਜ਼ ਧੂੰਏਂ ਵਿੱਚ ਲਪੇਟਿਆ ਹੋਇਆ ਹੈ, ਜੋ ਖ਼ਤਰੇ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ।






















