ਸਿਰਫ ਇਸ ਇੱਕ ਕਮੀ ਕਾਰਨ Royal Enfield ਨੇ ਵਾਪਸ ਸੱਦੇ ਦੋ ਲੱਖ ਬੁਲੇਟ, ਇਹ ਮਾਡਲਜ਼ ਸ਼ਾਮਲ
ਰਾਇਲ ਇਨਫ਼ੀਲਡ ਦਾ ਕਹਿਣਾ ਹੈ ਕਿ ਭਾਵੇਂ ਇਹ ਪ੍ਰੇਸ਼ਾਨੀ ਦੁਰਲੱਭ ਹੈ, ਸਾਰੇ ਮੋਟਰਸਾਈਕਲਾਂ ਵਿੱਚ ਇਹ ਨੁਕਸ ਨਹੀਂ ਹੋਵੇਗਾ ਪਰ ਕੰਪਨੀ ਦੇ ਸੁਰੱਖਿਆ ਨਿਯਮਾਂ ਨੂੰ ਵੇਖਦਿਆਂ ਸਾਰੇ ਮਾਡਲਾਂ ਨੂੰ ਵਾਪਸ ਸੱਦਣ ਦਾ ਫ਼ੈਸਲਾ ਲਿਆ ਗਿਆ ਹੈ।
ਨਵੀਂ ਦਿੱਲੀ: ਬਾਈਕ ਬਣਾਉਣ ਵਾਲੀ ਮਸ਼ਹੂਰ ਕੰਪਨੀ Royal Enfield ਨੇ ਦਸੰਬਰ 2020 ਤੇ ਅਪ੍ਰੈਲ 2021 ’ਚ ਤਿਆਰ ਕੀਤੀਆਂ ਆਪਣੀਆਂ Meteor 350, Classic 350 ਤੇ Bullet 350 ਮਾਡਲ ਦੀਆਂ 2 ਲੱਖ 36 ਹਜ਼ਾਰ 966 ਬਾਈਕਸ ਵਾਪਸ ਮੰਗਵਾਉਣ ਦਾ ਫ਼ੈਸਲਾ ਕੀਤਾ ਹੈ। ਕੰਪਨੀ ਅਨੁਸਾਰ ਇਨ੍ਹਾਂ ਬਾਈਕਸ ਦੀ ਇਗਨੀਸ਼ਨ ਕੁਆਇਲ ਖ਼ਰਾਬ ਹੋਣ ਕਾਰਨ ਅਜਿਹਾ ਫ਼ੈਸਲਾ ਲੈਣਾ ਪਿਆ ਹੈ। ਇਸ ਵਿੱਚ ਭਾਰਤ ’ਚ ਵਿਕੀਆਂ ਬਾਈਕਸ ਤੋਂ ਇਲਾਵਾ ਫ਼ਿਲੀਪੀਨਜ਼, ਥਾਈਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਮਲੇਸ਼ੀਆ ਨੂੰ ਬਰਾਮਦ ਕੀਤੀਆਂ ਬਾਈਕਸ ਵੀ ਸ਼ਾਮਲ ਹਨ।
ਬੁੱਧਵਾਰ ਨੂੰ Royal Enfield ਨੇ ਇੱਕ ਬਿਆਨ ਜਾਰੀ ਕਰਦਿਆਂ ਆਖਿਆ, ਕੰਪਨੀ ਨੂੰ ਆਪਣੇ ਪ੍ਰੀਖਣ ਦੌਰਾਨ ਇਨ੍ਹਾਂ ਮਾਡਲਜ਼ ਦੀਆਂ ਕੁਝ ਬਾਈਕਸ ਦੇ ਇਗਨੀਸ਼ਨ ਕੁਆਇਲ ਵਿੱਚ ਖ਼ਰਾਬੀ ਦਾ ਪਤਾ ਲੱਗਾ ਹੈ। ਇਸ ਕਾਰਣ ਮਿਸ ਫ਼ਾਇਰਿੰਗ ਹੋ ਸਕਦੀ ਹੈ। ਵਾਹਨ ਦੀ ਕਾਰਗੁਜ਼ਾਰੀ ਘੱਟ ਹੋ ਸਕਦੀ ਹੈ ਤੇ ਕੁਝ ਮਾਮਲਿਆਂ ਵਿੱਚ ਇਲੈਕਟ੍ਰਿਕ ਸ਼ਾਰਟ ਸਰਕਟ ਵੀ ਹੋ ਸਕਦਾ ਹੈ।
ਰਾਇਲ ਇਨਫ਼ੀਲਡ ਦਾ ਕਹਿਣਾ ਹੈ ਕਿ ਭਾਵੇਂ ਇਹ ਪ੍ਰੇਸ਼ਾਨੀ ਦੁਰਲੱਭ ਹੈ, ਸਾਰੇ ਮੋਟਰਸਾਈਕਲਾਂ ਵਿੱਚ ਇਹ ਨੁਕਸ ਨਹੀਂ ਹੋਵੇਗਾ ਪਰ ਕੰਪਨੀ ਦੇ ਸੁਰੱਖਿਆ ਨਿਯਮਾਂ ਨੂੰ ਵੇਖਦਿਆਂ ਸਾਰੇ ਮਾਡਲਾਂ ਨੂੰ ਵਾਪਸ ਸੱਦਣ ਦਾ ਫ਼ੈਸਲਾ ਲਿਆ ਗਿਆ ਹੈ।
ਕੰਪਨੀ ਨੇ ਆਪਣੇ ਬਿਆਨ ’ਚ ਆਖਿਆ ਹੈ ਕਿ ਵਾਪਸ ਸੱਦੀਆਂ ਗਈਆਂ ਬਾਈਕਸ ਦਾ ਨਿਰਮਾਣ ਦਸੰਬਰ 2020 ਤੇ ਅਪ੍ਰੈਲ 2021 ਦੇ ਵਿਚਕਾਰ ਕੀਤਾ ਗਿਆ ਸੀ। ਇਨ੍ਹਾਂ ਵਿੱਚ Meteor 350 ਮੋਟਰਸਾਇਕਲ ਸ਼ਾਮਲ ਹਨ, ਜਿਨ੍ਹਾਂ ਦਾ ਨਿਰਮਾਣ ਤੇ ਵਿਕਰੀ ਦਸੰਬਰ 2020 ਤੇ ਅਪ੍ਰੈਲ 2021 ਦੇ ਵਿਚਕਾਰ ਹੋਇਆ।
ਇਸੇ ਤਰ੍ਹਾਂ ਉਨ੍ਹਾਂ Classic 350 ਅਤੇ Bullet 350 ਬਾਈਕਸ ਨੂੰ ਵੀ ਵਾਪਸ ਸੱਦਿਆ ਜਾ ਰਿਹਾ ਹੈ, ਜੋ ਜਨਵਰੀ ਤੇ ਅਪ੍ਰੈਲ 2021 ਦੌਰਾਨ ਬਣਾਈਆਂ ਤੇ ਵੇਚੀਆਂ ਗਈਆਂ। ਜੇ ਜ਼ਰੂਰਤ ਹੋਈ, ਤਾਂ ਇਨ੍ਹਾਂ ਮੋਟਰਸਾਈਕਲਾਂ ਦਾ ਨਿਰੀਖਣ ਕਰਕੇ ਬਿਨਾ ਕਿਸੇ ਚਾਰਜਿਸ ਦੇ ਪਾਰਟਸ ਨੂੰ ਬਦਲਿਆ ਜਾਵੇਗਾ।
Royal Enfield ਦਾ ਅਨੁਮਾਨ ਹੈ ਕਿ ਕੁੱਲ 10 ਫ਼ੀਸਦੀ ਤੋਂ ਵੀ ਘੱਟ ਮੋਟਰਸਾਇਕਲਾਂ ’ਚ ਪੁਰਜ਼ੇ ਬਦਲਣ ਦੀ ਜ਼ਰੂਰਤ ਹੋਵੇਗੀ। ਕੰਪਨੀ ਨੇ ਕਿਹਾ ਕਿ ਅਸੀਂ ਆਪਣੇ ਗਾਹਕਾਂ ਨੂੰ ਬਿਹਤਰ ਸੇਵਾ ਦੇਣ ਲਈ ਪ੍ਰਤੀਬੱਧ ਹਾਂ। ਅਸੀਂ ਆਪਣੀ ਹਰੇਕ ਲੋਕਲ ਡੀਲਰਸ਼ਿਪ ਰਾਹੀਂ ਇਨ੍ਹਾਂ ਗਾਹਕਾਂ ਨਾਲ ਸੰਪਰਕ ਕਰਾਂਗੇ।