ਖਤਰਨਾਕ ਹੋਇਆ ਚੱਕਰਵਾਤੀ ਤੂਫ਼ਾਨ 'ਯਾਸ', 24 ਘੰਟੇ 'ਚ ਤੱਟਾਂ ਨਾਲ ਟਕਰਾਉਣ ਦੀ ਸੰਭਾਵਨਾ, ਮਚਾ ਸਕਦੈ ਤਬਾਹੀ
ਕੋਲਕਾਤਾ/ਭੁਵਨੇਸ਼ਵਰ: ਬੰਗਾਲ ਦੀ ਖਾੜੀ ਉੱਤੇ ਬਣਿਆ ਡੂੰਘੇ ਦਬਾਅ ਦਾ ਖੇਤਰ ਚੱਕਰਵਾਤੀ ਤੂਫ਼ਾਨ 'ਯਾਸ' 'ਚ ਬਦਲ ਗਿਆ ਹੈ। ਇਸ ਦੇ ਇੱਕ ਬਹੁਤ ਹੀ ਭਿਆਨਕ ਚੱਕਰਵਾਤੀ ਤੂਫ਼ਾਨ 'ਚ ਬਦਲਣ ਤੋਂ ਬਾਅਦ 26 ਮਈ ਨੂੰ ਉੜੀਸਾ-ਪੱਛਮੀ ਬੰਗਾਲ ਦੇ ਤਟਾਂ ਨਾਲ ਟਕਰਾਉਣ ਦੀ ਸੰਭਾਵਨਾ ਹੈ। 'ਯਾਸ' ਦੇ 26 ਮਈ ਦੀ ਦੁਪਹਿਰ ਨੂੰ ਪ੍ਰਾਦੀਪ ਤੇ ਸਮੁੰਦਰੀ ਟਾਪੂਆਂ ਤੋਂ ਹੁੰਦੇ ਹੋਏ ਉੜੀਸਾ-ਪੱਛਮੀ ਬੰਗਾਲ ਦੇ ਤੱਟ ਤੋਂ ਲੰਘਣ ਦੀ ਸੰਭਾਵਨਾ ਹੈ।
ਅਨੁਮਾਨ ਲਾਇਆ ਜਾ ਰਿਹਾ ਹੈ ਕਿ ਇਹ ਬਹੁਤ ਭਿਆਨਕ ਚੱਕਰਵਾਤੀ ਤੂਫ਼ਾਨ ਹੋਵੇਗਾ, ਜਿਸ 'ਚ 155-165 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਮੌਸਮ ਵਿਭਾਗ ਅਨੁਸਾਰ ਦਬਾਅ ਦਾ ਇਹ ਖੇਤਰ ਸੋਮਵਾਰ ਸਵੇਰੇ ਉੜੀਸਾ 'ਚ ਪਾਰਾਦੀਪ ਤੇ ਪੱਛਮੀ ਬੰਗਾਲ 'ਚ ਵਿਚਕਾਰ ਸੀ। ਇਸ ਦੇ ਉੱਤਰ-ਉੱਤਰ ਪੱਛਮ ਵੱਲ ਜਾਣ ਅਤੇ ਮੰਗਲਵਾਰ ਤਕ ਖਤਰਨਾਕ ਚੱਕਰਵਾਤੀ ਤੂਫ਼ਾਨ 'ਚ ਬਦਲਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਵਿਦੇਸ਼ ਜਾਣ ਲਈ ਨਹੀਂ ਵੀਜ਼ੇ ਦਾ ਝੰਜਟ! ਇਨ੍ਹਾਂ 34 ਮੁਲਕਾਂ 'ਚ ਮਿਲਦਾ ਈ-ਵੀਜ਼ਾ ਤੇ ‘ਵੀਜ਼ਾ ਆਨ ਅਰਾਈਵਲ’
ਵਿਭਾਗ ਅਨੁਸਾਰ 'ਯਾਸ' ਬੁੱਧਵਾਰ ਸਵੇਰ ਤਕ ਬਹੁਤ ਹੀ ਖਤਰਨਾਕ ਚੱਕਰਵਾਤੀ ਤੂਫ਼ਾਨ 'ਚ ਬਦਲ ਸਕਦਾ ਹੈ। ਚੱਕਰਵਾਤ ਦੀ ਨਿਗਰਾਨੀ ਲਈ ਪੱਛਮੀ ਬੰਗਾਲ ਸਰਕਾਰ ਨੇ ਸੂਬਾ ਸਕੱਤਰੇਤ ਨਬੰਨਾ 'ਚ ਕੰਟਰੋਲ ਰੂਮ ਖੋਲ੍ਹੇ ਹਨ। ਪੂਰਬੀ ਅਤੇ ਪੱਛਮੀ ਮੇਦਨੀਪੁਰ, ਦੱਖਣੀ ਤੇ ਉੱਤਰੀ 24 ਪਰਗਨਾ, ਹਾਵੜਾ ਅਤੇ ਹੁਗਲੀ ਦੇ ਤੱਟੀ ਜ਼ਿਲ੍ਹਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋ ਸਕਦੀ ਹੈ।
ਇੱਥੇ ਕੁਝ ਥਾਵਾਂ 'ਤੇ ਅੱਜ ਤੋਂ ਬਹੁਰ ਜ਼ਿਆਦਾ ਬਾਰਸ਼ ਪੈ ਸਕਦੀ ਹੈ। ਮੌਸਮ ਵਿਭਾਗ ਅਨੁਸਾਰ 26 ਮਈ ਨੂੰ ਝਾਰਗ੍ਰਾਮ, ਪੂਰਬੀ ਤੇ ਪੱਛਮੀ ਮੇਦਨੀਪੁਰ, ਦੱਖਣੀ ਤੇ ਉੱਤਰੀ 24 ਪਰਗਨਾ, ਹਾਵੜਾ, ਹੁਗਲੀ ਅਤੇ ਕੋਲਕਾਤਾ 'ਚ ਬਹੁਤੀਆਂ ਥਾਵਾਂ 'ਤੇ ਹਲਕੇ ਤੋਂ ਦਰਮਿਆਨੀ ਤੇ ਇਕ ਜਾਂ ਦੋ ਥਾਵਾਂ 'ਤੇ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਉੜੀਸਾ ਸਰਕਾਰ ਨੇ ਬਚਾਅ ਟੀਮਾਂ ਤਾਇਨਾਤ ਕੀਤੀਆਂ ਹਨ। ਸੂਬਾ ਸਰਕਾਰ ਲੋਕਾਂ ਨੂੰ ਸੰਵੇਦਨਸ਼ੀਲ ਇਲਾਕਿਆਂ ਤੋਂ ਬਾਹਰ ਕੱਢਣ ਦੀ ਯੋਜਨਾ ਬਣਾ ਰਹੀ ਹੈ। ਵਿਸ਼ੇਸ਼ ਰਾਹਤ ਕਮਿਸ਼ਨਰ ਪੀਕੇ ਜੇਨਾ ਨੇ ਦੱਸਿਆ ਕਿ ਉੜੀਸਾ ਸਰਕਾਰ ਨੇ ਐਨਡੀਆਰਐਫ, ਉੜੀਸ਼ਾ ਡਿਜਾਸਟਰ ਰੈਪਿਡ ਐਕਸ਼ਨ ਫੋਰਸ ਅਤੇ ਫ਼ਾਇਰ ਬ੍ਰਿਗੇਡ ਮੁਲਾਜ਼ਮ ਤਾਇਨਾਤ ਕੀਤੇ ਹਨ। ਇਹ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਚੱਕਰਵਾਤੀ ਤੂਫ਼ਾਨ ਦਾ ਵੱਡਾ ਪ੍ਰਭਾਵ ਬਾਲਾਸੌਰ ਤੇ ਭਦਰਕ ਜ਼ਿਲ੍ਹਿਆਂ 'ਚ ਵੇਖਣ ਨੂੰ ਮਿਲ ਸਕਦਾ ਹੈ।
ਉੜੀਸਾ ਦੇ ਚਾਰੇ ਤੱਟਵਰਤੀ ਜ਼ਿਲ੍ਹਿਆਂ ਬਾਲਾਸੌਰ, ਭਦਰਕ, ਕੇਂਦਰਪਾੜਾ ਤੇ ਜਗਤਸਿੰਘਪੁਰ ਇਸ ਚੱਕਰਵਾਤ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋ ਸਕਦੇ ਹਨ। ਹਵਾਵਾਂ 120-165 ਘੰਟੇ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਸਕਦੀਆਂ ਹਨ ਅਤੇ ਉੜੀਸਾ 'ਚ ਭਾਰੀ ਮੀਂਹ ਪਵੇਗਾ। ਹੇਠਲੇ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾਵੇਗਾ। ਇਸ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਯੋਜਨਾ ਬਣਾਉਣ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ: ਬਲੈਕ ਫੰਗਸ ਕਿੰਨ੍ਹਾਂ ਲੋਕਾਂ ਲਈ ਜ਼ਿਆਦਾ ਖਤਰਨਾਕ, ਇਹ ਬਿਮਾਰੀ ਫੈਲਣ ਦੇ ਕੀ ਹਨ ਕਾਰਨ ?
ਤੂਫ਼ਾਨ ਲਈ ਕਿੱਥੇ-ਕਿੱਥੇ ਕਿਹੋ ਜਿਹੀਆਂ ਤਿਆਰੀਆਂ?
ਐਨਡੀਆਰਐਫ ਦੀਆਂ 109 ਟੀਮਾਂ ਪੱਛਮੀ ਬੰਗਾਲ, ਉੜੀਸਾ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਝਾਰਖੰਡ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ 'ਤੇ ਤਾਇਨਾਤ ਕੀਤੀਆਂ ਗਈਆਂ ਹਨ।
ਕੋਲਕਾਤਾ ਬੰਦਰਗਾਹ 'ਤੇ ਚੱਕਰਵਾਤੀ 'ਯਾਸ' ਦੇ ਮੱਦੇਨਜ਼ਰ ਅੱਜ ਤੋਂ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਪੱਛਮੀ ਬੰਗਾਲ ਦੇ ਦੀਘਾ 'ਚ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਹਨ ਤੇ ਸੜਕਾਂ ਸੁਨਸਾਨ ਹਨ। ਇੱਥੇ ਵੀ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ।
ਆਈਐਮਡੀ ਬਿਹਾਰ ਦੇ ਆਨੰਦ ਸ਼ੰਕਰ ਨੇ ਕਿਹਾ ਕਿ ਬਿਹਾਰ 'ਚ 'ਯਾਸ' ਤੂਫਾਨ ਦਾ ਅਸਰ 27, 28 ਤੇ 29 ਮਈ ਨੂੰ ਵੇਖਣ ਨੂੰ ਮਿਲੇਗਾ, ਜਿਸ ਨਾਲ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ।
ਕੇਂਦਰੀ ਮੰਤਰੀ ਪੀਯੂਸ਼ ਗੋਇਲ, ਧਰਮਿੰਦਰ ਪ੍ਰਧਾਨ ਤੇ ਮਨਸੁਖ ਮੰਡਵਿਆ ਨੇ ਚੱਕਰਵਾਤੀ ਤੂਫ਼ਾਨ 'ਯਾਸ' ਦੇ ਸਬੰਧ 'ਚ ਇੱਕ ਉੱਚ ਪੱਧਰੀ ਮੀਟਿੰਗ ਕੀਤੀ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਚੱਕਰਵਾਤੀ ਤੂਫ਼ਾਨ 'ਯਾਸ' ਦੇ ਸਬੰਧ 'ਚ ਪੱਛਮੀ ਬੰਗਾਲ, ਉੜੀਸਾ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀਆਂ ਸਮੇਤ ਅੰਡੇਮਾਨ ਅਤੇ ਨਿਕੋਬਾਰ ਦੇ ਐਲਜੀ ਨਾਲ ਇਕ ਮੀਟਿੰਗ ਕੀਤੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :